Rishabh Pant ਦੇ ਗੋਡੇ ਦਾ ਹੋਵੇਗਾ ਆਪਰੇਸ਼ਨ
(ਸਪੋਰਟਸ ਡੈਸਕ) ਲਖਨਊ। ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਸੜਕ ਹਾਦਸੇ ‘ਚ ਜ਼ਖਮੀ ਹੋ ਗਏ ਸਨ, ਇਸ ਦੌਰਾਨ ਉਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਬੀਸੀਸੀਆਈ ਨੇ ਉਨਾਂ ਦੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਸ਼ਭ ਪੰਤ ਦੇ ਗੋਡੇ ਦਾ ਆਪਰੇਸ਼ਨ ਹੋਵੇਗਾ। ਅੱਜ ਪੰਤ ਨੂੰ ਦੇਹਰਾਦੂਨ ਤੋਂ ਮੁੰਬਈ ਲਈ ਏਅਰਲਿਫਟ ਕੀਤਾ ਗਿਆ। ਉਸ ਦਾ ਇੱਥੇ ਕੋਕਿਲਾਬੇਨ ਹਸਪਤਾਲ ਵਿੱਚ ਹੋਰ ਇਲਾਜ ਹੋਵੇਗਾ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਤ ਦਾ ਇਲਾਜ ਹਸਪਤਾਲ ਦੇ ਸਪੋਰਟਸ ਮੈਡੀਸਨ ਅਤੇ ਆਰਥਰੋਸਕੋਪੀ ਦੇ ਮੁਖੀ ਡਾਕਟਰ ਦਿਨਸ਼ਾਵ ਪਾਰਦੀਵਾਲਾ ਦੀ ਨਿਗਰਾਨੀ ਹੇਠ ਹੋਵੇਗਾ। ਡਾਕਟਰ ਪਾਰਦੀਵਾਲਾ ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਵਰਗੇ ਕ੍ਰਿਕਟਰਾਂ ਦਾ ਇਲਾਜ ਕਰ ਚੁੱਕੇ ਹਨ।
ਬੀਸੀਸੀਆਈ ਨੇ ਇਹ ਵੀ ਦੱਸਿਆ ਹੈ ਕਿ ਪੰਤ ਦੇ ਗੋਡੇ ਦੇ ਲਿਗਾਮੈਂਟ ਦੀ ਸਰਜਰੀ ਕਰਵਾਈ ਜਾਵੇਗੀ। ਬੋਰਡ ਦੀ ਟੀਮ ਪੰਤ ਦੀ ਰਿਕਵਰੀ ਅਤੇ ਬਾਅਦ ਵਿੱਚ ਮੁੜ ਵਸੇਬੇ ਦੀ ਪ੍ਰਕਿਰਿਆ ਦੀ ਨਿਗਰਾਨੀ ਕਰੇਗੀ। 30 ਦਸੰਬਰ ਨੂੰ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਪੰਤ ਨੂੰ ਪਹਿਲਾਂ ਰੁੜਕੀ ਦੇ ਸਕਸ਼ਮ ਹਸਪਤਾਲ ਵਿੱਚ ਐਮਰਜੈਂਸੀ ਇਲਾਜ ਦਿੱਤਾ ਗਿਆ ਸੀ। ਉਦੋਂ ਤੋਂ ਉਹ ਦੇਹਰਾਦੂਨ ਦੇ ਮੈਕਸ ਹਸਪਤਾਲ ‘ਚ ਇਲਾਜ ਅਧੀਨ ਸੀ।
30 ਦਸੰਬਰ ਨੂੰ ਵਾਪਰਿਆ ਸੀ ਹਾਦਸਾ
ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜਦੋਂ ਆਪਣੇ ਘਰ ਜਾ ਰਹੇ ਸਨ ਤਾਂ ਰਸਤੇ ’ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਦੀ ਮਰਸਡੀਜ਼ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਅਤੇ ਪਲਟ ਗਈ। ਹਾਦਸੇ ਤੋਂ ਬਾਅਦ ਪੰਤ ਬਲਦੀ ਕਾਰ ਦੀ ਖਿੜਕੀ ਤੋੜ ਕੇ ਆਪਣੇ ਆਪ ਬਾਹਰ ਆ ਗਿਆ। ਜਦੋਂ ਲੋਕ ਉਸ ਨੂੰ ਬਚਾਉਣ ਪਹੁੰਚੇ ਤਾਂ ਉਸ ਨੇ ਕਿਹਾ- ਮੈਂ ਰਿਸ਼ਭ ਪੰਤ ਹਾਂ। ਉਸ ਦੇ ਸਿਰ, ਪਿੱਠ ਅਤੇ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ