ਦਿੱਲੀ ਮੋਰਚੇ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀਆਂ ਬੀਬੀਆਂ ਦਾ ਵੱਡਾ ਉਪਰਾਲਾ

Bhartiya Kisan Union Ugrahan Sachkahoon

ਦਿੱਲੀ ਲਿਜਾਣ ਲਈ ਪਿੰਡ ਘਰਾਚੋਂ ਵਿਖੇ ਰਾਸ਼ਨ ਇਕੱਠਾ ਕੀਤਾ

15 ਅਗਸਤ ਨੂੰ ਵੀ ਉਤਸ਼ਾਹ ਨਾਲ ਇਕੱਠੇ ਹੋਣਗੇ ਕਿਸਾਨ

(ਵਿਜੈ ਸਿੰਗਲਾ) ਭਵਾਨੀਗੜ੍ਹ। ਮੋਦੀ ਸਰਕਾਰ ਖਿਲਾਫ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਸੰਘਰਸ਼ ਅੱਜ 8 ਮਹੀਨਿਆਂ ’ਚ ਪਹੁੰਚ ਗਿਆ ਹੈ। 15 ਅਗਸਤ ਨੂੰ ਬਾਰਡਰਾਂ ’ਤੇ ਇਕੱਠੇ ਹੋਣ ਲਈ ਕਿਸਾਨਾਂ ’ਚ ਭਾਰੀ ਉਤਸ਼ਾਹ ਹੈ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀਆਂ ਮਹਿਲਾ ਵਰਕਰਾਂ ਵੱਲੋਂ ਇਲਾਕੇ ਦੇ ਪਿੰਡਾਂ ਵਿਚ ਰਾਸ਼ਨ ਇਕੱਠਾ ਕੀਤਾ ਗਿਆ। ਪਿੰਡ ਘਰਾਚੋਂ ਵਿਖੇ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਘਰਾਚੋਂ ਅਤੇ ਮਨਜੀਤ ਸਿੰਘ ਘਰਾਚੋਂ ਸਮੇਤ ਗੱਲਬਾਤ ਕਰਦਿਆਂ ਮਹਿਲਾ ਆਗੂਆਂ ਨੇ ਦੱਸਿਆ ਕਿ ਲੋਕਾਂ ਵਿਚ ਜਥੇਬੰਦੀ ਨੂੰ ਰਾਸ਼ਨ ਦੇਣ ਲਈ ਭਾਰੀ ਉਤਸਾਹ ਹੈ।

ਬੀਬੀਆਂ ਨੇ ਦੱਸਿਆ ਕਿ ਪਿੰਡ ਘਰਾਚੋਂ ਦੀਆਂ 4 ਪੱਤੀਆਂ ਹਨ ਅਤੇ ਉਹਨਾਂ ਅੱਜ ਇਕ ਪੱਤੀ ਵਿਚੋਂ ਹੀ ਰਾਸ਼ਨ ਇਕੱਠਾ ਕਰਨ ਸ਼ੁਰੂਆਤ ਕੀਤੀ ਹੈ ਜਿਸ ਨਾਲ ਸਾਡੇ ਬਹੁਤ ਜ਼ਿਆਦਾ ਰਾਸ਼ਨ ਇਕੱਠਾ ਹੋ ਗਿਆ ਹੈ। ਲੋਕ ਮੁਹਾਰੇ ਘਰਾਂ ਵਿਚੋਂ ਬਾਹਰ ਆ ਕੇ ਰਾਸ਼ਨ ਦੇ ਰਹੇ ਹਨ। ਲੋੜ ਨਾਲੋਂ ਜਿਆਦਾ ਔਰਤਾਂ ਵਿਚ ਖਾਣ ਪੀਣ ਵਾਲੀਆਂ ਚੀਜਾਂ ਦਿੱਤੀਆਂ ਜਾ ਰਹੀਆਂ ਹਨ। ਘਰੇਲੂ ਰਾਸ਼ਨ ’ਚ ਜ਼ਿਆਦਾਤਰ ਰਸੋਈ ਦਾ ਸਮਾਨ ਹੀ ਇਕੱਠਾ ਕੀਤਾ ਜਾ ਰਿਹਾ ਹੈ। ਭਾਵੇਂ ਅੱਜ ਗਰਮੀ ਦਾ ਮੌਸਮ ਵੀ ਪੂਰੇ ਸਿਖਰ ਤੇ ਸੀ ਪਰ ਫਿਰ ਵੀ ਔਰਤਾਂ ਦੇ ਹੌਸਲੇ ਬੁਲੰਦ ਹਨ।

ਉਗਰਾਹਾਂ ਦੇ ਸੀਨੀਅਰ ਬੁਲਾਰੇ ਮਨਜੀਤ ਸਿੰਘ ਘਰਾਚੋਂ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਅਸੀਂ ਅਗਲੇ 6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲਿਆ ਹੈ ਪਹਿਲਾਂ ਵੀ ਅਸੀਂ 6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰਕੇ ਮੋਰਚਾ ਲਾਇਆ ਸੀ। ਹੁਣ ਲੋਕਾਂ ਵੱਲੋਂ ਕਿਸਾਨੀ ਘੋਲ ਨੂੰ ਕਮਜ਼ੋਰ ਹੁੰਦਾ ਦੱਸਿਆ ਜਾ ਰਿਹਾ ਹੈ ਜੋ ਕਿ ਸ਼ਰੇਆਮ ਗਲਤ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਅਸੀਂ ਆਪਣੀ ਕਣਕ ਦੀ ਵਢਾਈ ਅਤੇ ਸੰਭਾਲ ਕੀਤੀ ਫਿਰ ਝੋਨਾ ਲਗਾਇਆ ਹੁਣ ਸਾਡੀਆ ਚੱਲ ਪਈਆਂ ਹਨ ਅਤੇ ਅਸੀਂ ਦਿੱਲੀ ਵੱਲ ਚਾਲੇ ਪਾ ਰਹੇ ਹਾਂ। ਉਹਨਾਂ ਕਿਹਾ ਕਿ ਹੁਣ ਅਸੀਂ ਫਸਲਾਂ ਸੰਭਾਲ ਕੇ ਵਿਹਲੇ ਹੋ ਗਏ ਹਾਂ।

ਮਨਜੀਤ ਘਰਾਚੋਂ ਨੇ ਕਿਹਾ ਕਿ ਪੰਜਾਬ ਵਿਚ ਮੁਫਤ ਬਿਜਲੀ ਦੇਣ ਦੇ ਝੂੰਡ ਫਿਰ ਰਹੇ ਹਨ, ਜੋ ਲੋਕਾਂ ਨੂੰ 2022 ਦੀਆਂ ਵੋਟਾਂ ਲਈ ਭਰਮਾ ਰਹੇ ਹਨ। ਅਸੀਂ 300-300 ਸਾਲ ਮੁਗਲਾ ਨਾਲ ਲੜਾਈ ਕੀਤੀ ਅਸੀਂ ਤਾਂ ਉਦੋਂ ਨਹੀਂ ਹਾਰ ਮੰਨੀ ਆਹ ਕਾਨੂੰਨ ਰੱਦ ਕਰਵਾਉਣੇ ਤਾਂ ਕੋਈ ਵੱਡੀ ਗੱਲ ਨਹੀਂ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ, ਅਵਤਾਰ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ ਹਨੀ, ਜੱਗੀ, ਗੋਗੀ ਨੰਬਰਦਾਰ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ