ਭਰਾਤਰੀ ਜਥੇਬੰਦੀਆਂ ਨਾਲ ਏਕਤਾ ਲਈ 12 ਫਰਵਰੀ ਨੂੰ ਮੀਟਿੰਗ ਵਿੱਚ ਸ਼ਾਮਲ ਹੋਣਗੇ ਦਿੱਲੀ ਅੰਦੋਲਨ-2 ਦੇ ਆਗੂ | Farmers News
Farmers News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋ ਰਹੀ ਮੀਟਿੰਗ ਵਿੱਚ ਕੋਈ ਗੱਲ ਨਾ ਬਣੀ ਤਾ ਫਿਰ 25 ਫਰਵਰੀ ਨੂੰ ਮੁੜ ਦਿੱਲੀ ਪੈਦਲ ਕੂਚ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਆਗੂਆਂ ਨੇ ਆਖਿਆ ਕਿ ਉਹ ਏਕਤਾ ਦੇ ਹੱਕ ਵਿੱਚ ਹਨ, ਇਸ ਲਈ ਉਹ 12 ਫਰਵਰੀ ਨੂੰ ਚੰਡੀਗੜ੍ਹ ਵਿਖੇ ਐਸਕੇਐਮ ਵੱਲੋਂ ਕੀਤੀ ਜਾ ਰਹੀ ਮੀਟਿੰਗ ਵਿੱਚ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ: Kumbh Mela Special Trains: ਕੁੰਭ ਮੇਲੇ ਲਈ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਕੱਟੜਾ ਤੋਂ ਚਲਾਈਆਂ ਜਾਣਗੀਆਂ 13 ਸਪੈਸ਼ਲ ਰੇ…
ਜਾਣਕਾਰੀ ਅਨੁਸਾਰ ਅੱਜ ਸ਼ੰਭੂ ਬਾਰਡਰ ਤੇ ਡਟੇ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਸਾਨੀ ਮੰਗਾਂ ਸਬੰਧੀ ਚੱਲ ਰਹੇ ਦਿੱਲੀ ਅੰਦੋਲਨ 2 ਦੇ ਅਗਲੀ ਰੂਪ ਰੇਖਾ ਬਿਆਨੀ ਗਈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਮੌਜੂਦ ਸਮੇਂ ਖੇਤੀ ਸੈਕਟਰ ਦੇ ਸੰਕਟਾਂ ਨੂੰ ਹੱਲ ਕਰਨ ਲਈ ਜਾਰੀ ਸੰਘਰਸ਼ ਨੂੰ ਹੋਰ ਵੱਡੇ ਪੱਧਰ ਉਤੇ ਲਿਜਾਣ ਲਈ ਭਰਾਤਰੀ ਜਥੇਬੰਦੀਆਂ ਨਾਲ ਏਕਤਾ ਲਈ ਜਾਰੀ ਯਤਨਾਂ ਨੂੰ ਅੱਗੇ ਵਧਾਉਣ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 12 ਫਰਵਰੀ ਦੇ ਸੱਦੀ ਗਈ ਮੀਟਿੰਗ ਵਿੱਚ ਦਿੱਲੀ ਅੰਦੋਲਨ 2 ਵੱਲੋਂ ਆਗੂਆਂ ਦਾ ਵਫ਼ਦ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸਮੁੱਚੀ ਏਕਤਾ ਦੇ ਹਾਮੀਂ ਹਾਂ, ਪਰ ਕਿਸ ਤਰ੍ਹਾਂ ਦੀ ਏਕਤਾ ਉਪਰ ਸਹਿਮਤੀ ਬਣਦੀ ਹੈ, ਇਹ ਮੀਟਿੰਗ ਵਿੱਚ ਹੀ ਤਹਿ ਹੋਵੇਗਾ।
13 ਫਰਵਰੀ ਨੂੰ ਸ਼ੰਭੂ ਮੋਰਚੇ ਤੇ ਪੁੱਜਣਗੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਆਗੂ
ਉਹਨਾਂ ਕਿਹਾ ਕਿ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਸਾਰੀਆਂ ਜਥੇਬੰਦੀਆਂ ਨੂੰ ਏਕਤਾ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਵਿੱਚ ਸ਼ਿਰਕਤ ਕਰਾਂਗੇ, ਪਰ ਕੇਂਦਰ ਸਰਕਾਰ ਦੇ ਮਨਸ਼ੇ ਇਸ ਵਾਰ ਦੇ ਬਜ਼ਟ ਪੇਸ਼ ਕਰਨ ਵੇਲੇ ਵੀ ਸਾਫ਼ ਹੋ ਚੁੱਕੇ ਹਨ। ਪੰਧੇਰ ਨੇ ਕਿਹਾ ਕਿ ਉਹ ਕਦੇ ਵੀ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ। ਉਹਨਾਂ ਕਿਹਾ ਕਿ 13 ਤਰੀਕ ਨੂੰ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਮੌਕੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਆਗੂ ਸ਼ੰਭੂ ਮੋਰਚੇ ’ਤੇ ਪਹੁੰਚ ਰਹੀਆਂ ਹਨ ਅਤੇ ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਿਸਾਨ ਮਜ਼ਦੂਰ ਵੀ ਵੱਡੀ ਗਿਣਤੀ ਵਿਚ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। Farmers News
25 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ | Farmers News
ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ 14 ਦੀ ਮੀਟਿੰਗ ਵਿੱਚ ਕੋਈ ਸੁਚੱਜਾ ਹੱਲ ਨਹੀਂ ਕੱਢਿਆ ਜਾਂਦਾ ਤਾਂ 25 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ। ਇਸ ਮੌਕੇ ਆਗੁੂਆਂ ਜਸਵਿੰਦਰ ਸਿੰਘ ਲੋਗੋਵਾਲ, ਜੰਗ ਸਿੰਘ ਭਟੇੜੀ, ਗੁਰਅਮਨੀਤ ਮਾਂਗਟ ਆਦਿ ਨੇ ਕਿਹਾ ਕਿ ਅਮਰੀਕਾ ਵੱਲੋਂ ਡੀਪੋਰਟ ਕੀਤੇ ਭਾਰਤੀ ਨਾਗਰਿਕਾਂ ਸਬੰਧੀ ਕੇਂਦਰ ਸਰਕਾਰ ਵੱਲੋਂ ਅਮਰੀਕਾ ਨੂੰ ਤਾੜਨਾ ਕਰਨੀ ਚਾਹੀਦੀ ਹੈ, ਪਰ ਸਰਕਾਰ ਵੱਲੋਂ ਧਾਰੀ ਚੁੱਪੀ ਦੇਸ਼ ਦਾ ਅਪਮਾਨ ਕਰਨ ਵਾਲੀ ਹੈ।
ਉਹਨਾਂ ਕਿਹਾ ਕਿ ਪੀੜਤ ਨੌਜਵਾਨਾਂ ਦੀ ਮਾਲੀ ਸਹਾਇਤਾ ਅਤੇ ਪੁਨਰਵਾਸ ਲਈ ਯੋਜਨਾ ਬਣਾਈ ਜਾਵੇ। ਉਹਨਾ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ 5 ਫਰਵਰੀ 2022 ਨੂੰ ਪੰਜਾਬ ਅੰਦਰ ਪ੍ਰਧਾਨ ਮੰਤਰੀ ਮੋਦੀ ਦੀ ਚੋਣ ਪ੍ਰਚਾਰ ਫੇਰੀ ਦੌਰਾਨ ਹੋਏ ਸ਼ਾਂਤੀਪੂਰਨ ਵਿਰੋਧ ਕਰਨ ਤੇ ਕਿਸਾਨ ਆਗੂਆਂ ਤੇ ਧਾਰਾ 307 ਦੇ ਤਹਿਤ ਕੀਤੇ ਨਜ਼ਾਇਜ਼ ਪਰਚਿਆਂ ਨੂੰ ਰੱਦ ਕਰ ਦੀ ਮੰਗ ਕਰਦਾ ਹੈ। ਇਸ ਮੌਕੇ ਹਰਜੀਤ ਸਿੰਘ ਮਾਂਗਟ, ਬਲਕਾਰ ਸਿੰਘ ਬੈਂਸ, ਹਰਪ੍ਰੀਤ ਸਿੰਘ ਬਹਿਰਾਮਕੇ, ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਰੰਗੜਾ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ ਆਦਿ ਮੌਜੂਦ ਸਨ।