ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਜ਼ੋਰਦਾਰ ਰੋਸ ਧਰਨਾ

BKU (Ugrahan) Sachkahoon

ਚੰਨੀ ਸਰਕਾਰ ਕਿਸਾਨਾਂ ਦੇ ਭਖ਼ਦੇ ਮਸਲਿਆਂ ਨੂੰ ਤੁਰੰਤ ਹੱਲ ਕਰੇ : ਜੋਗਿੰਦਰ ਉਗਰਾਹਾਂ

(ਗੁਰਪ੍ਰੀਤ ਸਿੰਘ) ਸੰਗਰੂਰ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ 20 ਤੋਂ 24 ਦਸੰਬਰ ਤੱਕ ਡੀਸੀ ਦਫਤਰਾਂ ਅੱਗੇ ਪੱਕੇ ਮੋਰਚਿਆਂ ਦੀ ਸ਼ੁਰੂਆਤ ਕਰਦਿਆਂ ਡੀਸੀ ਦਫਤਰਾਂ ਦੇ ਬਾਹਰ ਧਰਨੇ ਸੁਰੂ ਕਰ ਦਿੱਤੇ ਗਏ ਹਨ ਜਿਸ ਤਹਿਤ ਜਥੇਬੰਦੀ ਵੱਲੋਂ ਸੰਗਰੂਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਉਗਰਾਹਾਂ ਸੂਬਾ ਪ੍ਰਧਾਨ ਭਾਕਿਯੂ ਉਗਰਾਹਾਂ ਨੇ ਮੁੱਖ ਭਖਦੀਆਂ ਮੰਗਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਸਰਕਾਰ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਤਬਾਹੀ ਅਤੇ ਗੜੇਮਾਰੀ ਨਾਲ ਝੋਨੇ ਤੇ ਹੋਰ ਫਸਲਾਂ ਦੀ ਤਬਾਹੀ ਦਾ ਮੁਆਵਜਾ ਕਾਸ਼ਤਕਾਰ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਏਕੜ ਤੇ ਖੇਤ ਮਜ਼ਦੂਰਾਂ ਨੂੰ ਵੱਖਰਾ 10 ਫ਼ੀਸਦੀ ਤੁਰੰਤ ਅਦਾ ਕਰੇ, ਪੰਜਾਬ ਸਰਕਾਰ ਵੱਲੋਂ ਵਧਾ ਕੇ ਐਲਾਨਿਆ ਗਿਆ ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਦੀ ਪਰਚੀ ਕਿਸਾਨਾਂ ਨੂੰ ਹਰੇਕ ਖੰਡ ਮਿੱਲ ਵੱਲੋਂ ਦੇਣ ਦੀ ਗਰੰਟੀ ਦੇਵੇ, ਖੁਦਕੁਸ਼ੀ ਪੀੜਤ ਕਿਸਾਨਾਂ ਮਜ਼ਦੂਰਾਂ ਦੇ ਪ੍ਰਵਾਰਾਂ ਨੂੰ 3-3 ਲੱਖ ਰੁਪਏ ਦੀ ਆਰਥਿਕ ਸਹਾਇਤਾ ਤੇ 1-1 ਜੀਅ ਨੂੰ ਸਰਕਾਰੀ ਨੌਕਰੀ ਤੁਰੰਤ ਦਿਓ ਤੇ ਉਨ੍ਹਾਂ ਦੇ ਸਮੁੱਚੇ ਕਰਜੇ ਮਾਫ਼ ਕਰੇ, 5 ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਲਈ ਐਲਾਨੀ ਗਈ 2 ਲੱਖ ਰੁਪਏ ਤੱਕ ਦੀ ਕਰਜਾ ਮਾਫੀ ਬਿਨਾਂ ਸਰਤ ਸਾਰੇ ਕਿਸਾਨਾਂ ਨੂੰ ਤੁਰੰਤ ਦਿੱਤੀ ਜਾਵੇ।

ਅੰਦੋਲਨਕਾਰੀ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸ ਤੁਰੰਤ ਰੱਦ ਹੋਣ ਅਤੇ ਸਹੀਦ ਹੋ ਚੁੱਕੇ ਪੰਜਾਬ ਦੇ ਸੈਂਕੜੇ ਕਿਸਾਨਾਂ ਮਜਦੂਰਾਂ ਦੇ ਵਾਰਸ ਸਾਰੇ ਪਰਵਾਰਾਂ ਨੂੰ 5-5 ਲੱਖ ਦੀ ਆਰਥਿਕ ਸਹਾਇਤਾ ਤੇ 1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ ਤੁਰੰਤ ਦਿਓ ਅਤੇ ਉਨ੍ਹਾਂ ਦੇ ਸਮੁੱਚੇ ਕਰਜੇ ਖਤਮ ਕਰਨ,ਪਾਵਰਕੌਮ ਵੱਲੋਂ ਢਾਈ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ ‘ਤੇ ਖੇਤੀ ਟਿਊਬਵੈੱਲ ਕੁਨੈਕਸਨ ਦੇਣ ਦੇ ਸਰਕਾਰੀ ਫੈਸਲੇ ਮੁਤਾਬਕ ਐਸਟੀਮੇਟ ਦੀ ਪੂਰੀ ਰਾਸੀ ਜਮ੍ਹਾਂ ਕਰਵਾ ਚੁੱਕੇ ਜਾਂ ਉਸ ਮੌਕੇ ਲੱਗੇ ਚੋਣ ਜਾਬਤੇ ਕਾਰਨ ਜਮ੍ਹਾਂ ਕਰਾਉਣੋਂ ਰਹਿ ਗਏ ਕਿਸਾਨਾਂ ਸਮੇਤ ਇਸ ਵਰਗ ਦੇ ਸਾਰੇ ਕਿਸਾਨਾਂ ਨੂੰ ਤੁਰੰਤ ਜਾਰੀ ਕਰੇ,ਅੰਦੋਲਨਕਾਰੀ ਬੇਰੁਜਗਾਰ ਟੀਚਰਾਂ ਉੱਤੇ ਮਾਨਸਾ ਵਿਖੇ ਮੁੱਖ ਮੰਤਰੀ ਦੀ ਹਾਜਰੀ ਵਿੱਚ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਦੇ ਮੁਜਰਮ ਡੀਐੱਸਪੀ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਜ਼ੇਲ੍ਹ ’ਚ ਬੰਦ ਕਰੋ।

ਟੌਲ ਪਲਾਜ਼ਾ ਦੇ ਰੇਟਾਂ ’ਚ ਕੀਤਾ ਗਿਆ ਹਰ ਕਿਸਮ ਦਾ ਵਾਧਾ ਰੱਦ ਕਰੋ ਅਤੇ ਇਨ੍ਹਾਂ ਦੇ ਮੁਲਾਜ਼ਮਾਂ ਨੂੰ ਬਣਦੀਆਂ ਬਕਾਇਆ ਤਨਖਾਹਾਂ ਦੇ ਕੇ ਬਹਾਲ ਹੋਣ ,ਕਰਜਾਗ੍ਰਸਤ ਕਿਸਾਨਾਂ ਤੇ ਖੇਤ ਮਜਦੂਰਾਂ ਸਿਰ ਚੜ੍ਹੇ ਸਰਕਾਰੀ ਗੈਰਸਰਕਾਰੀ ਸਮੁੱਚੇ ਕਰਜੇ ਤੁਰੰਤ ਖਤਮ ਕੀਤੇ ਜਾਣ, ਪੰਜਾਬ ਵਿੱਚ ਚਿੱਟੇ ਵਰਗੇ ਮਾਰੂ ਨਸ਼ਿਆਂ ਦਾ ਸ਼ਰੇਆਮ ਚਲਦਾ ਗੈਰ ਕਾਨੂੰਨੀ ਤੇ ਸਮਾਜ ਵਿਰੋਧੀ ਧੰਦਾ ਤੁਰੰਤ ਬੰਦ ਕਰੋ ਅਤੇ ਇਸ ਕਾਲੇ ਧੰਦੇ ਦੇ ਸਰਪ੍ਰਸਤ ਰਾਜਨੀਤਕ ਆਗੂਆਂ ਸਮੇਤ ਉੱਚ ਅਧਿਕਾਰੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।

ਜਦੋਂ ਦਿੱਲੀ ਜਿੱਤ ਲਈ ਇਹ ਤਾਂ ਛੋਟੀ ਜਿਹੀ ਗੱਲ : ਕਿਸਾਨ ਆਗੂ

ਧਰਨੇ ਵਿੱਚ ਆਏ ਵੱਡੀ ਗਿਣਤੀ ਕਿਸਾਨ ਆਗੂਆਂ ਵਿੱਚੋਂ ਗੁਰਨਾਮ ਸਿੰਘ ਤੇ ਬਹਾਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਮੱਥਾ ਲਾਉਣਾ ਤਾਂ ਬਹੁਤ ਛੋਟੀ ਜਿਹੀ ਗੱਲ ਹੈ, ਜਦੋਂ ਉਨ੍ਹਾਂ ਨੇ ਇਕਮੁਠਤਾ ਨਾਲ ਮੋਦੀ ਸਰਕਾਰ ਨੂੰ ਝੁਕਾ ਦਿੱਤਾ ਤਾਂ ਪੰਜਾਬ ਸਰਕਾਰ ਦਾ ਕੰਮ ਹੀ ਬਹੁਤ ਛੋਟਾ ਉਨ੍ਹਾਂ ਕਿਹਾ ਕਿ ਕਿਸਾਨ ਸਿਰਫ਼ ਆਪਣੇ ਮੰਗਾਂ ਦੇ ਸੰਘਰਸ਼ ਤੱਕ ਹੀ ਸੀਮਤ ਹਨ, ਹੋਰ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਉਨ੍ਹਾਂ ਕਿਹਾ ਕਿ ਜਿਹੜੀ ਵੀ ਮਰਜ਼ੀ ਪਾਰਟੀ ਦੀ ਸਰਕਾਰ ਬਣੇ ਜੇਕਰ ਉਹ ਕਿਸਾਨਾਂ ਦੇ ਮਸਲਿਆਂ ਨੂੰ ਅਣਗੌਲਿਆ ਕਰੇਗੀ ਤਾਂ ਉਸ ਦੇ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ।

ਧਰਨੇ ਕਾਰਨ ਰਸਤੇ ਹੋਏ ਜਾਮ, ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ

ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਦਿਨਾਂ ਦਿਨਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਧਰਨਾ ਲਾਉਣ ਕਾਰਨ ਲੋਕਾਂ ਨੂੰ ਵੱਡੇ ਪੱਧਰ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਰੇਹੜੀ ਤੇ ਫੜੀ ਵਾਲਿਆਂ ਨੂੰ ਸਵੇਰੇ ਹੀ ਆਪਣਾ ਕੰਮ ਬੰਦ ਕਰਕੇ ਘਰਾਂ ਨੂੰ ਵਾਪਿਸ ਜਾਣਾ ਪਿਆ ਦੁਕਾਨਾਂ ਤੇ ਵੀ ਕੋਈ ਗ੍ਰਾਹਕ ਨਹੀਂ ਆਇਆ ਧਰਨੇ ਕਾਰਨ ਚਾਰੇ ਪਾਸੇ ਆਵਾਜਾਈ ਦੇ ਜਾਮ ਲੱਗੇ ਲੱਗੇ ਪੁਲਿਸ ਮੁਲਾਜ਼ਮਾਂ ਲੋਕਾਂ ਨੂੰ ਬਦਲਵੇਂ ਰਾਹ ਜਾਣ ਲਈ ਕਹਿੰਦੇ ਰਹੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਰਕਾਰੀ ਕੰਮ ਕਰਵਾਉਣ ਆਏ ਲੋਕਾਂ ਨੂੰ ਵੀ ਧਰਨੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ