ਭਾਰਤ ਦੇ ਵਿਕਾਸ ਦੀ ਰੀੜ ਦੀ ਹੱਡੀ ਭਾਖੜਾ ਬੰਨ੍ਹ
ਭਾਰਤ ਦੇਸ਼ ਦਾ ਗੌਰਵ ਮੰਨੇ ਜਾਂਦੇ ਅਤੇ ਉਤਰੀ ਭਾਰਤ ਦੇ ਵਿਕਾਸ ਦੀ ਰੀੜ ਦੀ ਹੱਡੀ ਭਾਖੜਾ ਬੰਨ ਭਾਰਤ ਦਾ ਪ੍ਰਭਾਵਸ਼ਾਲੀ ਅਤੇ ਦੂਜਾ ਵੱਡਾ ਡੈਮ ਹੈ ਜੋ ਸਿੰਚਾਈ ਲਈ ਪਾਣੀ, ਉਦਯੋਗਾਂ, ਟਿਊਬਵੈੱਲਾਂ ਨੂੰ ਚਲਾਉਣ ਲਈ ਅਤੇ ਘਰਾਂ ਨੂੰ ਰੁਸ਼ਨਾਉਣ ਲਈ ਬਿਜਲੀ ਪ੍ਰਦਾਨ ਕਰਦਾ ਹੈ। ਇਹ ਇੱਕ ਟੂਰਿਸਟ ਸਥਾਨ ਵੀ ਬਣਦਾ ਜਾ ਰਿਹਾ ਹੈ ਜਿੱਥੇ ਅੰਦਾਜਨ ਪੰਜ ਲੱਖ ਟੂਰਿਸਟ ਹਰ ਸਾਲ ਇਸ ਨੂੰ ਵੇਖਣ ਲਈ ਪਹੁੰਚਦੇ ਹਨ।
ਪਿਛਲੇ ਕਈ ਸਾਲਾਂ ਤੋਂ ਸੁਰੱਖਿਆ ਕਾਰਨਾਂ ਕਰਕੇ ਡੈਮ ਦੇ ਅੰਦਰ ਜਾਣ ਦੀ ਮਨਾਹੀ ਹੈ ਅਤੇ ਇੱਥੇ ਜਾਣ ਲਈ ਸਵੇਰੇ 8 ਵਜੇ ਤੋਂ ਲੈ ਕੇ ਦੁਪਿਹਰ 3 ਵਜੇ ਤੱਕ ਹੀ ਸਥਾਨਕ ਲੋਕ ਸੰਪਰਕ ਵਿਭਾਗ ਤੋਂ ਪਾਸ ਬਣਦੇ ਹਨ। ਭਾਖੜਾ ਡੈਮ ਗੋਬਿੰਦ ਸਾਗਰ ਝੀਲ ਜੋ 168.35 ਵਰਗ ਕਿਲੋਮੀਟਰ (65 ਵਰਗ ਮੀਲ) ਦੇ ਖੇਤਰ ਵਿੱਚ ਫੈਲੀ ਹੋਈ ਹੈ ਤੇ ਬਣਿਆ ਹੋਇਆ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਲਈ ਦੋ ਬਿਜਲੀ ਘਰ ਭਾਖੜਾ ਡੈਮ ਦੇ ਕਿਨਾਰਿਆਂ ਤੇ ਬਣੇ ਹੋਏ ਹਨ।ਇਨਾਂ ਦੀ ਸਮਰੱਥਾ 5-5 ਯੂਨਿਟ ਦੀ ਹੈ। ਇਨ੍ਹਾਂ ਤੋਂ ਕ੍ਰਮਵਾਰ 108 ਮੈਗਾਵਾਟ ਅਤੇ 157 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ।
ਭਾਖੜਾ ਡੈਮ ਤੋਂ ਲੱਗਭੱਗ 13 ਕਿਲੋਮੀਟਰ ਦੂਰੀ ਤੇ ਨੰਗਲ ਡੈਮ ਵੀ ਹੈ ਜਿਸ ਦੀ ਉੱਚਾਈ 95 ਫੁੱਟ ਹੈ। ਇਸ ਕਰਕੇ ਦੋਵੇਂ ਡੈਮਾਂ ਨੂੰ ਭਾਖੜਾ ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ’ਚ ਸੰਭਾਲੇ ਪਾਣੀ ’ਚੋਂ ਨਹਿਰਾਂ ਵੀ ਨਿਕਲਦੀਆਂ ਹਨ ਜੋ ਅੱਗੇ ਜਾ ਕੇ ਵੱਖ ਵੱਖ ਖੇਤਰਾਂ ’ਚ ਪਾਣੀ ਦੀ ਪੂਰਤੀ ਕਰਦੀਆਂ ਹਨ। ਭਾਖੜਾ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ। ਇਸ ਪ੍ਰੋਜੈਕਟ ਨੂੰ ਬਣਾਉਣ ਦਾ ਖਿਆਲ ਬੇਸ਼ੱਕ ਅਜ਼ਾਦੀ ਤੋਂ ਪਹਿਲਾਂ ਹੀ ਆਇਆ ਸੀ ਪਰੰਤੂ ਇਸ ਪ੍ਰੋਜੈਕਟ ਦਾ ਨਿਰਮਾਣ ਅਜ਼ਾਦੀ ਤੋਂ ਬਾਦ ਹੀ ਸ਼ੁਰੂ ਹੋਇਆ ਸੀ।
ਮੌਜੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ੍ਹ ’ਚ ਸਥਿਤ ਭਾਖੜਾ ਡੈਮ ਪ੍ਰੋਜੈਕਟ ਨੂੰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਸਰ ਲੂਈਸ ਡੈਨੇ ਦੁਆਰਾ 8 ਨਵੰਬਰ, 1908 ਨੂੰ ਦਿਤਾ ਗਿਆ ਸੀ ਅਤੇ ਇਸ ਸਬੰਧੀ ਵਿਸਥਾਰ ਰਿਪੋਰਟ ਮਾਰਚ 1919 ਵਿੱਚ ਪੇਸ਼ ਕੀਤੀ ਗਈ। 1920 ਤੋਂ ਲੈ ਕੇ 1938 ਤੱਕ ਇਸ ਸਬੰਧੀ ਵੱਖ ਵੱਖ ਤਰ੍ਹਾਂ ਦੇ ਸਰਵੇਖਣ ਹੋਏ ਅਤੇ 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ।
ਸ਼ੁਰੂ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ ਸਿਰਫ ਸਿੰਚਾਈ ਲਈ ਪਾਣੀ ਇਕੱਠਾ ਕਰਨਾ ਸੀ ਅਤੇ ਇਸ ਪ੍ਰੋਜੈਕਟ ’ਚ ਭਾਖੜਾ ਬੰਨ੍ਹ, ਅਪਰ ਸਰਹਿੰਦ ਨਹਿਰ, ਹੇਠਲੀ ਸਰਹਿੰਦ ਨਹਿਰ ਅਤੇ ਪੱਛਮੀ ਯਮੁਨਾ ਨਹਿਰ ਦਾ ਵਿਸਥਾਰ ਸ਼ਾਮਿਲ ਸੀ। ਉਸ ਵੇਲੇ ਪ੍ਰਸਤਾਵਿਤ ਭਾਖੜਾ ਬੰਨ ਦੀ ਉਚਾਈ 395 ਫੁੱਟ ਹੋਣੀ ਸੀ ਅਤੇ ਵੱਧ ਤੋਂ ਵੱਧ 2.58 ਮਿਲੀਅਨ ਏਕੜ ਫੁੱਟ ਪਾਣੀ ਭੰਡਾਰਨ ਦੀ ਵਿਵਸਥਾ ਹੋਣੀ ਸੀ। ਸਾਲ 1944 ਵਿੱਚ ਡਾਕਟਰ ਜੇ. ਐਲ. ਸੈਵੇਜ ਜੋ ਅਮਰੀਕਾ ਦੀ ਬਿਉਰੋ ਫਾਰ ਰੈਕਲੇਮੇਸ਼ਨ ਦਾ ਚੀਫ਼ ਇੰਜੀਨੀਅਰ ਸੀ ਨੇ 1600 ਫੁੱਟ ਉਚਾਈ ਤੱਕ ਪਾਣੀ ਭੰਡਾਰਣ ਦੀ ਸਮੱਰਥਾ ਵਾਲਾ ਡੈਮ ਬਣਾਉਣ ਦਾ ਸੁਝਾਅ ਦਿਤਾ।
ਯੂ.ਐਸ.ਏ. ਦੀ ਅੰਤਰਰਾਸ਼ਟਰੀ ਡੈਨਵਰ ਨਾਂਅ ਦੀ ਕੰਪਨੀ ਨੇ ਇਹ ਉਚਾਈ 1580 ਫੁੱਟ ਰੱਖਣ ਦੀ ਤਜਵੀਜ਼ ਰੱਖੀ ਜਿਸਦਾ ਮੁੱਖ ਕਾਰਨ ਇਹ ਸੀ ਕਿ ਉਚਾਈ ਵਧਾਉਣ ਨਾਲ ਰਾਜਾ ਬਿਲਾਸਪੁਰ ਦੇ ਮਹਿਲ ਅਤੇ ਕੁਝ ਮੰਦਿਰ ਡੈਮ ਦੀ ਝੀਲ ਵਿੱਚ ਡੁਬਦੇ ਸਨ ਅਤੇ ਰਾਜਾ ਬਿਲਾਸਪੁਰ ਨੇ ਇਸ ਸਬੰਧੀ ਇਤਰਾਜ਼ ਕੀਤਾ ਸੀ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਇਸ ਮਾਮਲੇ ਵਿੱਚ ਨਿੱਜੀ ਤੌਰ ਤੇ ਦਖਲ ਦੇਣ ਤੋਂ ਬਾਦ ਬਿਲਾਸਪੁਰ ਦੇ ਰਾਜਾ ਨੇ ਆਪਣੇ ਇਤਰਾਜ਼ਾਂ ਨੂੰ ਵਾਪਸ ਲੈ ਲਿਆ ਅਤੇ ਡੈਮ ਦੇ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਤੱਕ ਰੱਖਿਆ ਗਿਆ। 1948 ਤੋਂ 1951 ਦੌਰਾਨ ਇਸ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ।
ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਸਿੰਚਾਈ ਸ਼ਾਖਾ ਅਤੇ ਅੰਤਰਰਾਸ਼ਟਰੀ ਕੰਪਨੀ ਆਈਐਨਸੀਯੂ ਐਸ ਏ ਵਿੱਚ 14 ਨਵੰਬਰ, 1948 ਨੂੰ ਹੋਏ ਸਮਝੋਤੇ ਅਨੁਸਾਰ ਇਸ ਪ੍ਰੋਜੈਕਟ ਸਬੰਧੀ ਦਸਤਾਵੇਜ਼ ਅਤੇ ਡਿਜਾਇਨ ਸਮੇਤ ਦਿਸ਼ਾ ਨਿਰਦੇਸ਼ ਕੰਪਨੀ ਨੂੰ ਸੋਂਪੇ ਗਏ। ਅਪ੍ਰੈਲ 1952 ਵਿੱਚ ਐਮ ਹਾਰਵੇ ਸਲੋਕਮ ਅਮਰੀਕਾ ਤੋਂ ਅਪਣੇ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਦੀ ਟੀਮ ਨਾਲ ਆਏ ਅਤੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ।
ਇਸ ਪ੍ਰੋਜੈਕਟ ਦੇ ਨਿਰੀਖਣ ਅਤੇ ਪ੍ਰਗਤੀ ਸਬੰਧੀ ਭਾਖੜਾ ਨਿਯੰਤਰਣ ਬੋਰਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ, ਰਾਜਸਥਾਨ ਅਤੇ ਪੈਪਸੂ ਦੇ ਪ੍ਰਤੀਨਿਧੀ ਸ਼ਾਮਿਲ ਸਨ। ਇਸ ਵਿੱਚ ਪੰਜਾਬ ਦੇ ਰਾਜਪਾਲ ਨੂੰ ਕਮੇਟੀ ਦਾ ਚੇਅਰਮੈਨ, ਭਾਰਤ ਸਰਕਾਰ ਦੇ ਵਿੱਤ ਮੰਤਰਾਲਿਆ ਦੇ ਸਕੱਤਰ ਨੂੰ ਉਪੱ ਚੇਅਰਮੈਨ, ਕੇਂਦਰੀ ਜਲ ਅਤੇ ਊਰਜਾ ਆਯੋਗ ਭਾਰਤ ਸਰਕਾਰ ਦੇ ਚੇਅਰਮੈਨ ਨੂੰ ਮੈਂਬਰ, ਵੱਖ ਵੱਖ ਰਾਜ ਸਰਕਾਰਾਂ ਦੇ ਸਿੰਚਾਈ ਵਿਭਾਗ ਦੇ ਸਕੱਤਰਾਂ ਅਤੇ ਊਰਜਾ ਵਿਭਾਗ ਦੇ ਇੰਚਾਰਜਾਂ ਨੂੰ ਵਿੱਤੀ ਮੈਂਬਰ, ਭਾਖੜਾ ਡੈਮ ਦੇ ਨਿਰਮਾਣ ਵਿੱਚ ਲੱਗੇ ਹੋਏ ਸਾਰੇ ਮੁੱਖ ਇੰਜਨੀਅਰਾਂ ਨੂੰ ਮੈਂਬਰ ਅਤੇ ਸੰਯੁਕਤ ਸਕੱਤਰ ਵਿੱਤ ਮੰਤਰਾਲਿਆ ਭਾਰਤ ਸਰਕਾਰ ਨੂੰ ਮੈਂਬਰ ਬਣਾਇਆ ਗਿਆ ਸੀ। 1952 ਵਿੱਚ ਡਾਕਟਰ ਏ ਐਨ ਖੋਸਲਾ ਦੀ ਚੇਅਰਮੈਨਸ਼ਿਪ ਅਧੀਨ ਬੌਰਡ ਆਫ ਕਾਂਸਿਉਲੇਟਸ ਦੀ ਸਥਾਪਨਾ ਵੀ ਕੀਤੀ ਗਈ।
18 ਨਵੰਬਰ , 1955 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੰਕਰੀਟ ਦੀ ਪਹਿਲੀ ਟੋਕਰੀ ਪਾ ਕੇ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਮੁੱਖ ਤੌਰ ’ਤੇ ਭਾਖੜਾ ਬੰਨ ੍ਹ ਤੇ ਊਰਜਾ ਸੰਚਾਲਣ ਯੰਤਰ, ਨੰਗਲ ਬੰਨ, ਨੰਗਲ ਹਾਇਡਲ ਚੈਨਲ, ਗੰਗੂਵਾਲ ਅਤੇ ਕੋਟਲਾ ਪਾਵਰ ਹਾੳÇੂਸਜ਼, ਰੋਪੜ ਹੈਡ ਵਰਕਸ ਦਾ ਪੁਨਰ-ਨਿਰਮਾਣ, ਸਰਹੰਦ ਨਹਿਰ ਦਾ ਪੁਨਰ-ਨਿਰਮਾਣ, ਭਾਖੜਾ ਨਹਿਰ, ਬਿਸਤ-ਦੋਆਬ ਨਹਿਰ, ਬਿਜਲੀ ਦੀ ਪੈਦਾਵਰ ਅਤੇ ਵਿਤਰਣ ਪ੍ਰਣਾਲੀ, ਭਾਖੜਾ-ਨੰਗਲ ਖੇਤਰ ਦੀ ਮਾਰਕੀਟ ਅਤੇ ਸੰਚਾਰ ਦਾ ਵਿਕਾਸ ਆਦਿ ਯੂਨਿਟ ਸ਼ਾਮਲ ਸਨ। ਭਾਖੜਾ ਬੰਨ ਦੀ ਉਚਾਈ ਦਿੱਲੀ ਵਿੱਚ ਸਥਿਤ ਕੁਤਬ ਮੀਨਾਰ ਦੀ ਉਚਾਈ ਤੋਂ ਵੀ 3 ਗੁਣਾ ਵੱਧ ਹੈ।
ਇਸ ਡੈਮ ਦੀ ਉਸਾਰੀ ਲਈ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਤੋਂ ਇਲਾਵਾ ਲਗਭਗ 13000 ਕਾਮੇ, 300 ਇੰਜੀਨੀਅਰ, 30 ਅਮਰੀਕਨ ਮਾਹਿਰ ਲਗਾਏ ਗਏ ਜਿਨਾਂ ਨੇ ਦਿਨ-ਰਾਤ ਕੰਮ ਕੀਤਾ। ਇਸਦੇ ਨਿਰਮਾਣ ਵਿੱਚ ਇੱਕ ਲੱਖ ਟਨ ਸਰੀਏ ਦਾ ਇਸਤੇਮਾਲ ਕੀਤਾ ਗਿਆ ਸੀ। ਇੰਜਨੀਅਰਾਂ ਦੀ ਤਕਨੀਕ ਦਾ ਹੀ ਕਮਾਲ ਹੈ ਕਿ ਭਾਖੜਾ ਬੰਨ੍ਹ ਵਿੱਚ ਲੱਚਕਤਾ ਰੱਖੀ ਗਈ ਹੈ ਜਿਸ ਨਾਲ ਪਾਣੀ ਦਾ ਪੱਧਰ 1680 ਫੁੱਟ ਪਹੁੰਚਣ ਤੇ ਭਾਖੜਾ ਬੰਨ੍ਹ 2 ਇੰਚ ਤੱਕ ਝੁਕਣ ਦੀ ਸਮਰੱਥਾ ਰੱਖਦਾ ਹੈ ਅਤੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਡੈਮ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ 10 ਵਾਰ ਦੌਰਾ ਕੀਤਾ। ਵਰਣਨਯੋਗ ਹੈ ਕਿ ਉਨਾਂ ਨੇ ਇਸ ਪਰਿਯੋਜਨਾ ਦੀ ਸਾਈਟ ਤੇ ਹੀ ਪੰਚਸ਼ੀਲ ਸਮਝੌਤੇ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਦੇ ਨਾਲ ਗੱਲਬਾਤ ਕੀਤੀ ਸੀ। ਇਸ ਪ੍ਰੋਜੈਕਟ ਦਾ ਦੇਸ਼ ਦੇ ਮਹਿਮਾਨਾਂ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਮਹਿਮਾਨਾਂ ਜਿਵੇਂ ਕਿ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਰ, ਯੂਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ਼ ਟੀਟੋ, ਚੀਨ ਦੇ ਪ੍ਰਧਾਨ ਮੰਤਰੀ ਚੂਇਨ ਲਾਈ, ਉੱਤਰੀ ਵੀਅਤਨਾਮ ਦੇ ਰਾਸ਼ਟਰਪਤੀ ਹੋਚੀ ਮਿਨ, ਕਲੈਮੈਂਟ ਐਂਟਲੀ, ਇੰਗਲੈਂਡ ਦੇ ਪ੍ਰਧਾਨ ਮੰਤਰੀ, ਸੋਵੀਅਤ ਰੂਸ ਦੇ ਪ੍ਰਧਾਨ ਮੰਤਰੀ ਖੁਰਸ਼ਚੇਵ, ਸੋਵੀਅਤ ਰੂਸ ਦੇ ਪ੍ਰਿੰਸ ਫਿਲਪ ਡਯੂਕ ਆਫ਼ ਐਡਨਸਰਾ, ਬੋਧ ਗੁਰੂ ਦਲਾਈਲਾਮਾ, ਪੰਚਨਲਾਮਾ, ਈਰਾਨ ਦੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਆਦਿ
ਇਸ ਡੈਮ ਦਾ ਦੌਰਾ ਕਰ ਚੁੱਕੇ ਹਨ।ਭਾਖੜਾ ਬੰਨ੍ਹ ਦੇ ਪਿੱਛੇ ਬਣੀ ਝੀਲ ਦਾ ਨਾਮਕਰਨ ਸਿੱਖਾਂ ਦੇ ਮਹਾਨ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਹੀ ਗੋਬਿੰਦ ਸਾਗਰ ਝੀਲ ਰੱਖਿਆ ਗਿਆ ਹੈ। ਇਹ ਝੀਲ 96.56 ਕਿਲੀਮੀਟਰ ਲੰਬੀ ਹੈ ਅਤੇ 168.35 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਹੈ।ਬੰਨ੍ਹ ਤੱਕ ਸਤਲੁਜ ਦਰਿਆ ਦਾ ਕੁੱਲ ਕੈਚ ਮੈਂਟ ਏਰੀਆਂ 56980 ਵਰਗ ਕਿਲੋਮੀਟਰ ਹੈ ਜਿਸ ਵਿੱਚ 37050 ਵਰਗ ਕਿਲੋਮੀਟਰ ਖੇਤਰ ਤਿੱਬਤ ਅਤੇ ਬਾਕੀ 19930 ਵਰਗ ਕਿਲੋਮੀਟਰ ਭਾਰਤ ਵਿੱਚ ਹੈ।
ਗਰਮੀਆਂ ਦੇ ਮੌਸਮ ’ਚ ਮਾਨ ਸਰੋਵਰ ਝੀਲ ਅਤੇ ਰਸਤੇ ਦੀ ਬਰਫ ਦਾ ਪਿਘਲਿਆ ਹੋਇਆ ਪਾਣੀ ਅਤੇ ਬਾਰਿਸ਼ ਦੀ ਰੁੱਤ ਵਿੱਚ ਕੈਚਮੈਂਟ ਏਰੀਆਂ ਤੋਂ ਆਉਣ ਵਾਲਾ ਵਰਖਾ ਦਾ ਪਾਣੀ ਬੰਨ੍ਹ ਵਿੱਚ ਇਕੱਠਾ ਕੀਤਾ ਜਾਂਦਾ ਹੈ। ਇਸ ਬੰਨ੍ਹ ਵਿੱਚ 50 ਤੋਂ 60 ਫੀਸਦੀ ਪਾਣੀ ਬਰਫ ਦੇ ਪਿਘਲਣ ਕਾਰਨ ਆਉਂਦਾ ਹੈ ਅਤੇ ਬਾਕੀ ਬਾਰਿਸ਼ ਤੋਂ। ਝੀਲ ਵਿੱਚ 1680 ਫੁੱਟ ਤੱਕ 93400 ਲੱਖ ਘਣ ਮੀਟਰ ਪਾਣੀ ਇਕੱਠਾ ਕੀਤਾ ਜਾਂਦਾ ਹੈ। ਝੀਲ ’ਚ ਬਰਸਾਤ ਦੇ ਦਿਨਾਂ ਵਿੱਚ ਜਮਾ ਕੀਤੇ ਜਾਣ ਵਾਲੇ ਪਾਣੀ ਦੀ ਬਦੌਲਤ ਜਿੱਥੇ ਪੰਜਾਬ, ਹਰਿਆਣਾ ਅਤੇ ਹੋਰ ਪ੍ਰਾਂਤਾ ਦੇ ਇਲਾਕਿਆਂ ਨੂੰ ਹੜ੍ਹ ਤੋਂ ਰਾਹਤ ਮਿਲਦੀ ਹੈ। ਇਸ ਝੀਲ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ 65 ਲੱਖ ਹੈਕਟੇਅਰ ਭੂਮੀ ਦੀ ਸਿੰਚਾਈ ਹੁੰਦੀ ਹੈ।
ਭਾਖੜਾ ਬੰਨ੍ਹ ਤੋਂ ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਚੰਡੀਗੜ ਅਤੇ ਦਿੱਲੀ ਦੇ ਮੁੱਖ ਸ਼ਹਿਰਾਂ ਦੇ ਲਈ ਪੀਣ ਦੇ ਪਾਣੀ ਦੀ ਪੂਰਤੀ ਵੀ ਕੀਤੀ ਜਾਂਦੀ ਹੈ। ਭਾਖੜਾ ਡੈਮ ਤੋਂ ਬਾਦ ਨੰਗਲ ਡੈਮ ਬਣਾਇਆ ਗਿਆ ਜਿਸ ’ਚ ਭਾਖੜਾ ਡੈਮ ਤੋਂ ਆਉਣ ਵਾਲੇ ਪਾਣੀ ਨੂੰ ਰੋਕ ਕੇ ਅੱਗੇ ਵੱਖ-ਵੱਖ ਨਹਿਰਾਂ ਵਿੱਚ ਛੱਡਿਆ ਜਾਂਦਾ ਹੈ।ਭਾਖੜਾ ਬੰਨ੍ਹ ਕਾਰਨ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਸੁਪਨਾ ਸਾਕਾਰ ਹੋ ਸਕਿਆ ਹੈ।
283.90 ਕਰੋੜ ਰੁਪਏ ਦੀ ਲਾਗਤ ਨਾਲ ਸਾਲ 1962 ਵਿੱਚ ਬਣ ਕੇ ਤਿਆਰ ਹੋਇਆ ਭਾਖੜਾ ਬੰਨ੍ਹ ਉਸ ਵੇਲੇ ਏਸ਼ੀਆਂ ਵਿੱਚ ਸਭ ਤੋਂ ਉੱਚਾ ਅਤੇ ਵਿਸ਼ਵ ਵਿੱਚ ਦੂਜੇ ਨੰਬਰ ’ਤੇ ਸੀ। ਭਾਖੜਾ ਡੈਮ ਦੇ ਦੋਨੋਂ ਪਾਸੇ ਪਾਵਰ ਪਲਾਂਟ ਬਣਾਏ ਗਏ ਹਨ ਜਿੱਥੇ ਟਰਵਾਇਨਾਂ ਰਾਹੀਂ ਸਿਰਫ 20 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜ਼ਲੀ ਪੈਦਾ ਕੀਤੀ ਜਾਂਦੀ ਹੈ ਅਤੇ ਦੇਸ਼ ਦੇ ਵੱਖ-ਵੱਖ ਭਾਗਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਭਾਖੜਾ ਬਿਆਸ ਪ੍ਰਬੰਧਕੀ ਬੌਰਡ ਦਾ ਬਿਜਲੀ ਉਦਪਾਦਨ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੁਆਰਾ ਨਿਰਧਾਰਤ ਟੀਚਿਆਂ ਤੋਂ ਲਗਾਤਾਰ ਵੱਧ ਰਿਹਾ ਹੈ।
ਇਸਦਾ ਜਲ ਭੰਡਾਰਨ ਦੇਸ਼ ਦੇ ਸਭ ਤੋਂ ਵੱਡੇ ਜਲ ਭੰਡਾਰਾਂ ਵਿੱਚੋਂ ਇੱਕ ਹੈ। ਜਿਸਦੀ ਸਮਰੱਥਾ 9620 ਅਤੇ 8570 ਮਿਲੀਅਨ ਘਣਮੀਟਰ ਹੈ। ਅੱਜ ਦੇ ਦਿਨ 22 ਅਕਤੂਬਰ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਨੇ ਇਸ ਡੈਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਇਸ ਬਾਰੇ ਕਿਹਾ ਕਿ ਭਾਖੜਾ ਨੰਗਲ ਪ੍ਰੋਜੈਕਟ ਕੁੱਝ ਹੈਰਾਨੀਜਨਕ ਹੈ, ਕੁੱਝ ਚਮਤਕਾਰੀ ਹੈ, ਕੁੱਝ ਅਜਿਹਾ ਹੈ ਜਿਸ ਨੂੰ ਵੇਖਕੇ ਤੁਹਾਡੇ ਦਿਲ ਵਿੱਚ ਤੁਫਾਨ ਉਠਦਾ ਹੈ।2013 ਵਿੱਚ ਗੋਲਡਨ ਜੁਬਲੀ ਮੌਕੇ ਹੋਏ ਸਮਾਰੋਹ ਵਿੱਚ ਕੇਂਦਰ ਅਤੇ ਵੱਖ-ਵੱਖ ਹਿੱਸੇਦਾਰ ਰਾਜਾਂ ਦੇ ਆਗੂਆਂ ਨੇ ਇਸ ਡੈਮ ਅਤੇ ਇਲਾਕੇ ਦੇ ਵਿਕਾਸ ਲਈ ਘੋਸ਼ਣਾਵਾਂ ਕੀਤੀਆਂ ਸਨ ਪਰ ਇਲਾਕੇ ਦੀ ਹੋ ਰਹੀ ਬਰਬਾਦੀ ਉਨਾਂ ਘੋਸ਼ਣਾਵਾਂ ਦੀ ਪੋਲ ਖੋਲ੍ਹਦੀ ਹੈ।
ਹਰ ਸਾਲ ਵਾਂਗ ਅੱਜ 22 ਅਕਤੂਬਰ ਨੂੰ ਭਾਖੜਾ ਡੈਮ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਪਰ ਸਰਕਾਰਾਂ ਦੀ ਲਾਪਰਵਾਹੀ ਅਤੇ ਕੁੱਝ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਕਾਰਨ ਇਸ ਡੈਮ ਦੀ ਤਰੱਕੀ ਲਈ ਕੋਈ ਠੋਸ ਯੋਜਨਾ ਲਾਗੂ ਨਹੀਂ ਹੋਈ ਹੈ ਅਤੇ ਇਸ ਡੈਮ ਕਾਰਨ ਵਸਿਆ ਨੰਗਲ ਸ਼ਹਿਰ ਉੱਜੜ ਰਿਹਾ ਹੈ। ਕੇਂਦਰ ਸਰਕਾਰ ਅਧੀਨ ਚੱਲ ਰਹੇ ਇਸ ਅਦਾਰੇ ਨੂੰ ਹੋਰ ਵਿਕਸਿਤ ਕਰਨ ਲਈ ਠੋਸ ਯੋਜਨਾ ਬਣਾ ਕੇ ਅਮਲੀਜਾਮਾ ਪਹਿਨਾਉਣ ਦੀ ਜ਼ਰੂਰਤ ਹੈ।
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜ਼ਿਲ੍ਹਾ ਰੂਪਨਗਰ 94175-63054
ਕੁਲਦੀਪ ਚੰਦ ਦੋਭੇਟਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ