ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਵਿਚਾਰ ਲੇਖ ਬੰਦ-ਬੰਦ ਕਟਵਾ ...

    ਬੰਦ-ਬੰਦ ਕਟਵਾ ਕੇ ਸ਼ਹੀਦ ਹੋਏ ਭਾਈ ਮਨੀ ਸਿੰਘ

    BhaiManiSingh

    ਰਮੇਸ਼ ਬੱਗਾ ਚੋਹਲਾ

    ਸਿੱਖ ਇਤਿਹਾਸ ਦੇ ਪੰਨਿਆਂ ਨੂੰ ਜੇਕਰ ਪੂਰੀ ਗਹੁ ਨਾਲ ਦੇਖਿਆ ਜਾਵੇ ਜਦੋਂ ਵੀ ਕਦੇ ਮਨੁੱਖੀ ਕਦਰਾਂ-ਕੀਮਤਾਂ ਜਾਂ ਇਨਸਾਨੀਅਤ ਨਾਲ ਜੁੜੇ ਪੱਖਾਂ ਦੀ ਪਹਿਰੇਦਾਰੀ ਦਾ ਵਕਤ ਆਇਆ ਤਾਂ ਸ਼ਹੀਦਾਂ ਨੇ ਵਕਤ ਦੇ ਹਾਕਮਾਂ ਤੋਂ ਕਿਸੇ ਕਿਸਮ ਦੀ ਕੋਈ ਰਿਆਇਤ ਨਹੀਂ ਮੰਗੀ। ਸਗੋਂ ਅਣਮਨੁੱਖੀ ਤਸੀਹਿਆਂ ਨੂੰ ਵੀ ‘ਉਸ ਦੀ’ ਰਜ਼ਾ ਸਮਝ ਕੇ ਸਹਿਣ ਕਰ ਲਿਆ। ਇਸੇ ਤਰ੍ਹਾਂ ਦੀ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੀ ਸ਼ਾਮਲ ਹੈ, ਭਾਈ ਮਨੀ ਸਿੰਘ ਜੀ ਸ਼ਹੀਦ ਦਾ ਨਾਂਅ। ਭਾਈ ਮਨੀ ਸਿੰਘ ਜੀ ਦੇ ਜਨਮ ਬਾਬਤ ਕਈਆਂ ਲੇਖਕਾਂ ਵਿਚ ਕੁਝ ਮਤਭੇਦ ਵੀ ਬਰਕਰਾਰ ਹਨ। ਪਰ ਭੱਟ ਵਹੀਆਂ ਤੇ ਪੰਡਾ ਵਹੀਆਂ ਦੀ ਲਿਖਤ ਅਨੁਸਾਰ ਭਾਈ ਸਾਹਿਬ ਦਾ ਜਨਮ 10 ਮਾਰਚ 1644 ਈ: ਨੂੰ ਪਿਤਾ ਭਾਈ ਮਾਈਦਾਸ ਤੇ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜੱਫ਼ਰਗੜ੍ਹ (ਪਾਕਿਸਤਾਨ) ਵਿਖੇ ਹੋਇਆ। ਭਾਈ ਮਨੀ ਸਿੰਘ ਦੇ ਪਰਿਵਾਰ ਦਾ ਨਾਤਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੋਂ ਹੀ ਜੁੜਦਾ ਹੈ ਕਿਉਂਕਿ ਭਾਈ ਸਾਹਿਬ ਦੇ ਦਾਦਾ ਭਾਈ ਬਲੂ ਰਾਉ ਛੇਵੇਂ ਪਾਤਸ਼ਾਹ ਦੇ ਸਿਰਕੱਢਵੇਂ ਜਰਨੈਲ ਸਨ। ਜਦੋਂ ਭਾਈ ਮਨੀ ਸਿੰਘ ਦੀ ਉਮਰ 13 ਸਾਲ ਦੀ ਹੋਈ ਤਾਂ ਭਾਈ ਮਾਈਦਾਸ ਉਸ ਨੂੰ ਨਾਲ ਲੈ ਕੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਆ ਨਤਮਸਤਕ ਹੋਇਆ।

    ਜਦੋਂ ਭਾਈ ਦੀ ਉਮਰ 16 ਕੁ ਸਾਲ ਤੱਕ ਪਹੁੰਚੀ ਤਾਂ ਉਸ ਦਾ ਅਨੰਦ ਕਾਰਜ ਬੀਬੀ ਸੀਤੋ ਪੁੱਤਰੀ ਭਾਈ ਲੱਖੀਸ਼ਾਹ ਵਾਸੀ ਖੈਰਪੁਰ ਨਾਲ ਹੋ ਗਿਆ। ਅਨੰਦ ਕਾਰਜ ਦੀ ਸੰਪੂਰਨਤਾ ਤੋਂ ਬਾਅਦ ਭਾਈ ਮਨੀ ਸਿੰਘ ਆਪਣੇ ਦੋ ਭਰਾਵਾਂ ਭਾਈ ਜੇਠਾ ਅਤੇ ਭਾਈ ਦਿਆਲਾ ਜੀ ਸਮੇਤ ਮੁੜ ਕੀਰਤਪੁਰ ਸਾਹਿਬ ਆ ਗਏ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਮਨੀ ਸਿੰਘ ਜੀ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿਚ ਜੁੱਟ ਗਏ। ਅਠਵੇਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਬਾਬੇ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੀ ਬਾਹੀ ਵੱਲ ਧਰਮ ਪ੍ਰਚਾਰ ਕਰ ਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੀ ਹਾਜ਼ਰੀ ਇੱਥੇ ਲਵਾਉਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਦੀ ਸੇਵਾ-ਸੰਭਾਲ ਦਿੱਤੀ। ਮਜ਼ਲੂਮਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਜਦੋਂ ਨੌਵੇਂ ਗੁਰੂ ਹਿੰਦ ਦੀ ਚਾਦਰ ਬਣ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਰਹਿ ਗਏ। ਜਦੋਂ ਭੰਗਾਣੀ ਦਾ ਯੁੱਧ ਹੋਇਆ ਤਾਂ ਉਸ ਵਕਤ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦਾ ਡਟਵਾਂ ਸਾਥ ਦਿੱਤਾ।

    ਜਦੋਂ ਇੱਕ ਸਾਲ ਬਾਅਦ ਨਦੌਣ ਦੀ ਲੜਾਈ ਲੜੀ ਗਈ ਤਾਂ ਭਾਈ ਸਾਹਿਬ ਦੀ ਬਹਾਦਰੀ ਤੇ ਵਫ਼ਾਦਾਰੀ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਵੱਲੋਂ ਇਨ੍ਹਾਂ ਨੂੰ ਦੀਵਾਨ ਦੀ ਉਪਾਧੀ ਬਖ਼ਸ਼ਿਸ਼ ਕੀਤੀ ਗਈ। 1699 ਈ: ਵਿਚ ਜਦੋਂ ਪਾਤਸ਼ਾਹ ਨੇ ਵੈਸਾਖੀ ਦੇ ਦਿਹਾੜੇ ‘ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਤੇ ਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਆਪ ਜੀ ਦਾ ਨਾਂਅ ਭਾਈ ਮਨੀਏ ਤੋਂ ਭਾਈ ਮਨੀ ਸਿੰਘ ਹੋ ਗਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਸਮੇਂ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤਾਇਆ ਸੀ ਤਾਂ ਉਸ ਦਾ ਮੂੰਹ-ਤੋੜ ਜਵਾਬ ਵੀ ਭਾਈ ਮਨੀ ਸਿੰਘ ਦੇ ਫ਼ਰਜੰਦਾਂ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੈ ਸਿੰਘ ਨੇ ਹੀ ਦਿੱਤਾ ਸੀ। ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਪਹੁੰਚੇ ਤਾਂ ਭਾਈ ਮਨੀ ਸਿੰਘ ਨੇ ਵੀ ਉੱਥੇ ਪਹੁੰਚ ਕੇ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਭਾਈ ਸਾਹਿਬ ਤੋਂ ਦਮਦਮੀ ਬੀੜ ਲਿਖਵਾਈ ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਦਰਜ ਕੀਤੀ ਗਈ।  70 ਸਾਲ ਉਮਰ ਹੋ ਜਾਣ ਕਰਕੇ ਭਾਈ ਮਨੀ ਸਿੰਘ ਦਾ ਸਰੀਰ ਬੇਸ਼ੱਕ ਕੁਝ ਕਮਜ਼ੋਰ ਪੈ ਰਿਹਾ ਸੀ ਪਰ ਉਨ੍ਹਾਂ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਉਤਸ਼ਾਹ ਅਜੇ ਵੀ ਜਵਾਨ ਸੀ। ਸੰਮਤ 1790 ਬਿਕ੍ਰਮੀ ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ। ਇਸ ਸਮੇਂ ਆਪ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ-ਸੰਭਾਲ ਮੁੱਖ ਗ੍ਰੰਥੀ ਦੇ ਰੂਪ ਵਿਚ ਕਰ ਰਹੇ ਸਨ। ਇਸ ਪੁਰਬ ਨੂੰ ਮਨਾਉਣ ਲਈ ਭਾਈ ਸਾਹਿਬ ਆਪਣੇ ਸਾਥੀਆਂ ਸ. ਸੁਬੇਗ ਸਿੰਘ ਅਤੇ ਸ. ਸੂਰਤ ਸਿੰਘ ਨੂੰ ਨਾਲ ਲੈ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਕੋਲ ਗਏ। ਸੂਬੇਦਾਰ ਨੇ 10,000 ਦੀ ਰਕਮ ਜਜ਼ੀਏ ਵਜੋਂ ਮੰਗ ਲਈ ਜੋ ਭਾਈ ਮਨੀ ਸਿੰਘ ਨੇ ਮੇਲੇ ਉਪਰੰਤ ਦੇਣੀ ਮੰਨ ਲਈ। ਆਪਸੀ ਸਹਿਮਤੀ ਹੋਣ ਦੇ ਬਾਵਜੂਦ ਵੀ ਲਾਹੌਰ ਦੇ ਸੂਬੇਦਾਰ ਦਾ ਮਨ ਬੇਈਮਾਨ ਹੋ ਗਿਆ।

    ਇਸ ਬੇਈਮਾਨੀ ਤਹਿਤ ਉਸ ਨੇ ਮੇਲੇ ‘ਤੇ ਜੁੜਨ ਵਾਲੀਆਂ ਸੰਗਤਾਂ ਨੂੰ ਖ਼ਤਮ ਕਰਨ ਦੀ ਧਾਰ ਲਈ। ਜਦੋਂ ਭਾਈ ਮਨੀ ਸਿੰਘ ਜੀ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਸੰਗਤਾਂ ਨੂੰ ਉੱਥੇ ਆਉਣ ਤੋਂ ਰੋਕਣ ਲਈ ਸੱਦਾ ਭੇਜਿਆ। ਜਿਸ ਕਰਕੇ ਸੰਗਤਾਂ ਦਾ ਇਕੱਠ ਨਹੀਂ ਹੋਇਆ। ਜ਼ਕਰੀਆ ਖਾਨ ਨੇ ਭਾਈ ਸਾਹਿਬ ਕੋਲੋਂ ਜਜ਼ੀਏ ਦੀ ਰਕਮ ਵਸੂਲ ਕਰਨੀ ਚਾਹੀ, ਪਰ ਜਵਾਬ ਵਿਚ ਭਾਈ ਮਨੀ ਸਿੰਘ ਨੇ ਕਿਹਾ ਕਿ, ਇਕੱਠ ਤਾਂ ਤੁਸੀਂ ਹੋਣ ਨਹੀਂ ਦਿੱਤਾ ਫਿਰ ਕਿਹੜੀ ਰਕਮ ਦੀ ਗੱਲ ਕਰਦੇ ਹੋ? ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਦਰਬਾਰ ਵਿਚ ਪੇਸ਼ ਕੀਤਾ ਗਿਆ। ਜ਼ਕਰੀਆਂ ਖਾਨ ਨੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਸਲਾਮ ਕਬੂਲ ਕਰਨ ਦੀ ਸ਼ਰਤ ਰੱਖ ਦਿੱਤੀ ਜੋ ਭਾਈ ਸਾਹਿਬ ਨੇ ਅਪ੍ਰਵਾਨ ਕਰ ਦਿੱਤੀ। ਕੋਈ ਗੱਲ ਨਾ ਬਣਦੀ ਦੇਖ ਕੇ ਲਾਹੌਰ ਦੇ ਸੂਬੇਦਾਰ ਨੇ ਭਾਈ ਸਾਹਿਬ ਦੇ ਸਰੀਰ ਦਾ ਬੰਦ-ਬੰਦ ਕੱਟਣ ਦਾ ਹੁਕਮ ਦੇ ਦਿੱਤਾ। ਹੁਕਮ ਦੀ ਤਮੀਲ ਕਰਨ ਹਿੱਤ ਸਿਪਾਹੀ ਉਨ੍ਹਾਂ ਨੂੰ ਸ਼ਾਹੀ ਕਿਲ੍ਹੇ ਦੇ ਮੈਦਾਨ ਵਿਚ ਲੈ ਗਏ। ਭਾਈ ਮਨੀ ਸਿੰਘ ਨੇ ਇਸ ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਸਵੀਕਾਰ ਕਰ ਲਿਆ ਅਤੇ ਸ਼ਹਾਦਤ ਦਾ ਜਾਮ ਪੀ ਗਏ।

    ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here