ਭਗਵੰਤ ਸਿੰਘ ਮਾਨ ਦੀ ਅਪੀਲ, ਕੋਈ ਮੰਗੇ ਪੈਸੇ ਤਾਂ ਕਰੋਂ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 9501200200 ਫੋਨ
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਨਾਲ ਸਖ਼ਤੀ ਨਾਲ ਨਿਪਟੇਗੀ। ਭਗਵੰਤ ਸਿੰਘ ਮਾਨ ਵਲੋਂ ਪਿਛਲੇ 2 ਸਾਲਾਂ ਦੌਰਾਨ ਕਈ ਵਾਰ ਆਪਣਾ ਇਹ ਸਟੈਂਡ ਆਮ ਜਨਤਾ ਦੇ ਸਾਹਮਣੇ ਰੱਖਿਆ ਹੈ ਅਤੇ ਹੁਣ ਇੱਕ ਵਾਰ ਫਿਰ ਤੋਂ ਤਹਿਸੀਲਦਾਰਾਂ ਵਲੋਂ ਹੜਤਾਲ ਕਰਨ ਦੇ ਮਾਮਲੇ ਵਿੱਚ ਭਗਵੰੰਤ ਸਿੰਘ ਮਾਨ ਵਲੋਂ ਭ੍ਰਿਸ਼ਟ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਸਟੈਂਡ ਲੈਂਦਿਆਂ ਅੱਜ ਸਾਫ ਤੌਰ ’ਤੇ ਕਿਹਾ ਕਿ ਸੂਬਾ ਸਰਕਾਰ ਭਿ੍ਰਸ਼ਟ ਅਫਸਰਾਂ ਅੱਗੇ ਝੁਕੇਗੀ ਨਹੀਂ ਜੋ ਵੱਢੀਖੋਰੀ ਦੇ ਦੋਸ਼ਾਂ ਵਿੱਚ ਪੁਲਿਸ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।
ਭਗਵੰਤ ਸਿੰਘ ਮਾਨ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 9501200200 ਵੀ ਜਾਰੀ ਕਰ ਦਿੱਤੀ ਹੈ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਪੁਲਿਸ ਜਾਂ ਫਿਰ ਸਿਵਲ ਅਧਿਕਾਰੀ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 9501200200 ‘ਤੇ ਫੋਨ ਜਾਂ ਫਿਰ ਵੱਟਸਐਪ ਕਰਦੇ ਹੋਏ ਉਸ ਅਧਿਕਾਰੀ ਦੇ ਖ਼ਿਲਾਫ਼ ਜਾਣਕਾਰੀ ਦੇ ਸਕਦੇ ਹਨ। ਇਸ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਹੀ ਉਸ ਭ੍ਰਿਸ਼ਟ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਭਿ੍ਰਸ਼ਟਾਚਾਰ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ’ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਅਸੀਂ ਸਰਕਾਰ ਦੀ ਬਾਂਹ ਮਰੋੜਨ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਅੱਗੇ ਝੁਕਾਂਗੇ ਨਹੀਂ ਅਤੇ ਇਨ੍ਹਾਂ ਭਿ੍ਰਸ਼ਟ ਤੇ ਘਮੰਡੀ ਅਫਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ।
ਭਗਵੰਤ ਸਿੰਘ ਮਾਨ ਨੇ ਸਾਫ ਤੌਰ ਉੱਤੇ ਕਿਹਾ ਕਿ ਪੰਜਾਬ ਵਿੱਚ ਅਧਿਕਾਰੀ ਆਮ ਲੋਕਾਂ ਨੂੰ ਹਰ ਰੋਜ਼ ਖ਼ੱਜਲ਼-ਖ਼ੁਆਰ ਕਰਦੇ ਹਨ ਪਰ ਇਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਇਨ੍ਹਾਂ ਵਿਰੁੱਧ ਕਰੜੀ ਕਾਰਵਾਈ ਕਰੇਗੀ। ਇਸ ਵਿੱਚ ਸਿਰਫ਼ ਤਹਿਸੀਲਦਾਰ ਹੀ ਨਹੀਂ ਸਗੋਂ ਪੁਲਿਸ ਅਤੇ ਸਿਵਲ ਦੇ ਅਧਿਕਾਰੀ ਵੀ ਸ਼ਾਮਲ ਹਨ। ਭਗਵੰਤ ਮਾਨ ਦੀ ਸਰਕਾਰ ਕਿਸੇ ਨੂੰ ਵੀ ਬਖ਼ਸ਼ਣ ਦੇ ਮੂਡ ਵਿੱਚ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਆਮ ਜਨਤਾ ਦਾ ਹੱਕ ਬਣਦਾ ਹੈ ਕਿ ਉਹ ਆਪਣੇ ਕੰਮਾਂ ਨੂੰ ਬਿਨਾਂ ਕਿਸੇ ਪੈਸੇ ਤੋਂ ਕਰਵਾਏ।
ਭਗਵੰਤ ਸਿੰਘ ਮਾਨ ਵਲੋਂ ਬੀਤੇ ਹਫ਼ਤੇ ਹੀ ਸਾਫ਼ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਕਈ ਅਫਸਰ ਸੂਬਾ ਸਰਕਾਰ ਤੋਂ ਮੋਟੀਆਂ ਤਨਖ਼ਾਹਾਂ ਲੈ ਰਹੇ ਹਨ ਪਰ ਲੋਕਾਂ ਨੂੰ ਸੇਵਾਵਾਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕ ਤੰਤਰ ਵਿੱਚ ਲੋਕ ਸਭ ਤੋਂ ਉੱਪਰ ਹਨ ਅਤੇ ਅਧਿਕਾਰੀ ਉਨ੍ਹਾਂ ਪ੍ਰਤੀ ਜਵਾਬਦੇਹ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਲੈਕ-ਮੇਲ ਕਰਦੇ ਹੋਏ ਕਈ ਵਿਭਾਗਾਂ ਦੇ ਅਧਿਕਾਰੀ ਛੁੱਟੀ ’ਤੇ ਜਾਣ ਧਮਕੀ ਤੱਕ ਦੇ ਚੁੱਕੇ ਹਨ ਪਰ ਉਹ ਦੱਸਣਾ ਚਾਹੁੰਦੇ ਹਨ ਕਿ ਜਿਹੜੇ ਵੀ ਅਧਿਕਾਰੀ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਸੂਬਾ ਸਰਕਾਰ ਕੋਲ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨ ਹਨ ਜੋ ਪਹਿਲਾਂ ਹੀ ਉਨ੍ਹਾਂ ਦੀ ਜਗ੍ਹਾ ‘ਤੇ ਕੰਮ ਕਰਨ ਦੀ ਉਡੀਕ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹਾ ਕਿ ਪੰਜਾਬ ਦੇ ਭ੍ਰਿਸ਼ਟ ਅਧਿਕਾਰੀ ਆਪਣੇ ਭ੍ਰਿਸ਼ਟ ਤਰੀਕਿਆਂ ਨਾਲ ਕਈ ਪੀੜ੍ਹੀਆਂ ਤੋਂ ਲੋਕਾਂ ਨੂੰ ਖੱਜਲ ਖੁਆਰ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗੈਰ ਵਾਜਬ ਅਤੇ ਅਣ-ਉਚਿਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਅਧਿਕਾਰੀਆਂ ਨੂੰ ਆਪਹੁਦਰੀਆਂ ਨਹੀਂ ਕਰਨ ਦੇਵੇਗੀ।