ਸ਼ਨਿੱਚਵਾਰ ਨੂੰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦਾ ਪ੍ਰੋਗਰਾਮ, ਪਤਨੀ ਨੂੰ ਦੇਣਗੇ 2 ਦਿਨ ਸਮਾ
- ਉੱਤਰ ਖੇਤਰ ਕਾਉਂਸਿੰਲ ਦੀ ਮੀਟਿੰਗ ’ਚ ਵੀ ਨਹੀਂ ਜਾਣਗੇ ਭਗਵੰਤ ਮਾਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਛੁੱਟੀ ’ਤੇ ਚਲੇ ਗਏ ਹਨ। ਭਗਵੰਤ ਮਾਨ ਹੁਣ ਅਗਲੇ 2 ਦਿਨ ਤੱਕ ਬਤੌਰ ਮੁੱਖ ਮੰਤਰੀ ਕੋਈ ਵੀ ਸਰਕਾਰ ਮੀਟਿੰਗ ਜਾਂ ਫਿਰ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈਣਗੇ, ਸਗੋਂ ਅਗਲੇ ਦੋ ਦਿਨ ਤੱਕ ਸਾਰਾ ਸਮਾ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਹੀ ਦੇਣਗੇ। ਭਗਵੰਤ ਮਾਨ ਵਲੋਂ ਇਸ ਸਬੰਧੀ ਆਪਣੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਅਗਲੇ 2 ਦਿਨ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਨਾ ਰੱਖਿਆ ਜਾਵੇ। ਜਿਸ ਤੋਂ ਬਾਅਦ ਪਹਿਲਾਂ ਤੋਂ ਰੱਖੀ ਗਈ ਮੀਟਿੰਗਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਜਾਂ ਫਿਰ ਉਨਾਂ ਮੀਟਿੰਗ ਨੂੰ ਅਟੈਂਡ ਕਰਨ ਲਈ ਸਾਥੀ ਕੈਬਨਿਟ ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਭਗਵੰਤ ਮਾਨ ਸ਼ਨਿੱਚਰਵਾਰ ਸਵੇਰੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਮੱਥਾ ਟੇਕਣ ਜਾ ਰਹੇ ਹਨ।
ਭਗਵੰਤ ਮਾਨ ਦੇ ਛੁੱਟੀ ’ਤੇ ਚਲੇ ਜਾਣ ਕਰਕੇ ਜੈਪੁਰ ਰਾਜਸਥਾਨ ਵਿਖੇ ਹੋਣ ਵਾਲੀ ਉੱਤਰੀ ਖੇਤਰ ਕਾਉਂਸਿਲ ਦੀ ਮੀਟਿੰਗ ਵਿੱਚ ਵੀ ਹਰਪਾਲ ਚੀਮਾ ਦੀ ਡਿਊਟੀ ਲਗਾ ਦਿੱਤੀ ਗਈ ਹੈ। ਹਰਪਾਲ ਚੀਮਾ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਹੁਣ ਮੁੱਖ ਮੰਤਰੀ ਦੀ ਥਾਂ ਹਰਪਾਲ ਚੀਮਾ ਦੇ ਨਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤੇ ਦਿਨੀਂ ਹਰਿਆਣਾ ਦੀ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਭਗਵੰਤ ਮਾਨ ਹੁਣ ਕੁਝ ਦਿਨ ਆਪਣੀ ਪਤਨੀ ਨੂੰ ਦੇਣਾ ਚਾਹੁੰਦੇ ਹਨ। ਡਾ. ਗੁਰਪ੍ਰੀਤ ਕੌਰ ਅਤੇ ਭਗਵੰਤ ਮਾਨ ਅੰਮਿ੍ਰਤਸਰ ਵਿਖੇ ਮੱਥਾ ਟੇਕਣ ਦਾ ਪ੍ਰੋਗਰਾਮ ਬਣਾ ਰਹੇ ਹਨ ਤਾਂ ਅਗਲੇ 2 ਦਿਨ ਤੱਕ ਦੋਹੇ ਨਾਲ ਰਹਿਣਾ ਚਾਹੁੰਦੇ ਹਨ। ਜਿਸ ਕਾਰਨ ਹੀ ਭਗਵੰਤ ਮਾਨ ਵੱਲੋਂ ਅਧਿਕਾਰਤ ਛੁੱਟੀ ’ਤੇ ਜਾਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੁੱਟੀ ’ਤੇ ਜਾਣ ਸਬੰਧੀ ਫੈਸਲੇ ਬਾਰੇ ਮੁੱਖ ਮੰਤਰੀ ਦਫ਼ਤਰ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਹੁਣ ਅਗਲੇ 2 ਦਿਨ ਤੱਕ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੀ ਸਰਕਾਰੀ ਕੰਮਕਾਜ ਨਹੀਂ ਕਰਨਗੇ। ਭਗਵੰਤ ਮਾਨ ਹੁਣ ਸਰਕਾਰੀ ਕੰਮਕਾਜ ਲਈ ਸੋਮਵਾਰ ਨੂੰ ਹੀ ਛੁੱਟੀ ਤੋਂ ਵਾਪਸੀ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ