ਭਗਵੰਤ ਮਾਨ ਸਰਕਾਰ ਦਾ ਪਹਿਲਾ ਬਜਟ ਮੁਲਾਜ਼ਮ ਵਿਰੋਧੀ ਅਤੇ ਕਾਰਪੋਰੇਟ ਦਾ ਪੱਖ ਪੂਰਨ ਵਾਲਾ : ਮੁਲਾਜ਼ਮ ਆਗੂ
ਫਰੀਦਕੋਟ, (ਸੁਭਾਸ਼ ਸ਼ਰਮਾ)। ਪੰਜਾਬ ਦੀ ਹੁਕਮਰਾਨ ਭਗਵੰਤ ਸਿੰਘ ਮਾਨ ਸਰਕਾਰ ਦਾ ਪਲੇਠਾ ਬਜਟ ਪਹਿਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਹੀ ਮੁਲਾਜ਼ਮ ਅਤੇ ਮਿਹਨਤਕਸ਼ ਵਿਰੋਧੀ ਹੈ ਅਤੇ ਇਸ ਵਿੱਚ ਸਿਰਫ਼ ਕਾਰਪੋਰੇਟ ਦਾ ਪੱਖ ਪੂਰਿਆ ਗਿਆ ਹੈ :- ਇਹ ਗੱਲ ‘ਪੰਜਾਬ -ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਂਝਾ ਫਰੰਟ’ ਦੇ ਸੱਦੇ ‘ਤੇ ਸਥਾਨਕ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਬਜਟ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂ ਜਤਿੰਦਰ ਕੁਮਾਰ, ਅਸ਼ੋਕ ਕੌਸ਼ਲ, ਸੁਖਵਿੰਦਰ ਸੁੱਖੀ, ਅਤੇ ਵੀਰਇੰਦਰਜੀਤ ਸਿੰਘ ਪੁਰੀ ਨੇ ਕਹੀ। ਬੁਲਾਰਿਆਂ ਨੇ ਕਿਹਾ ਕਿ ‘ਬਦਲਾਅ ਲਿਆਉਣ’ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਮਾਨ ਸਰਕਾਰ ਦੇ ਬਜਟ ਵਿੱਚ ਕੋਈ ਝਲਕ ਨਹੀਂ ਮਿਲਦੀ ਜਿਸ ਤੋਂ ਪਤਾ ਚਲਦਾ ਹੋਵੇ ਕਿ ਪੰਜਾਬ ਵਿੱਚ ਸਚਮੁੱਚ ਹੀ ਕੋਈ ਬਦਲਾਅ ਆਇਆ ਹੈ। (Mann Government Budget )
ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ ਅਤੇ ਪੀ.ਆਰ.ਟੀ.ਸੀ. ਦੇ ਸਿਮਰਜੀਤ ਸਿੰਘ ਬਰਾੜ ਅਤੇ ਡੀ.ਟੀ.ਐਫ . ਦੇ ਆਗੂ ਗਗਨ ਪਾਹਵਾ , ਬਿਜਲੀ ਨਿਗਮ ਦੇ ਹਰਵਿੰਦਰ ਸ਼ਰਮਾ , ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਅਤੇ ਪੈਨਸ਼ਨਰ ਆਗੂ ਸੋਮਨਾਥ ਅਰੋਡ਼ਾ ਨੇ ਕਿਹਾ ਕਿ ਬਜਟ ਵਿਚ ਨਾ ਤਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਨਾ ਹੀ ਦਸ ਪੰਦਰ੍ਹਾਂ ਸਾਲ ਤੋਂ ਠੇਕੇ ਜਾਂ ਆਊਟਸੋਰਸ ’ਤੇ ਕੰਮ ਕਰ ਰਹੇ ਇੱਕ ਲੱਖ ਦੇ ਕਰੀਬ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੋਈ ਗੱਲ ਕੀਤੀ ਗਈ ਹੈ। ਹੋਰ ਤਾਂ ਹੋਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਦੋ ਕਿਸ਼ਤਾਂ ਅਤੇ ਰਹਿੰਦੇ ਬਕਾਏ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਬਜਟ ਵਿਰੋਧੀ ਰੈਲੀ ਦੌਰਾਨ ਬਜਟ ਦੀਆਂ ਕਾਪੀਆਂ ਸਾੜੀਆਂ
ਸਕੀਮ ਵਰਕਰਾਂ ਜਿਵੇਂ ਆਸ਼ਾ ਵਰਕਰਜ਼ , ਆਂਗਣਵਾੜੀ ਅਤੇ ਮਿਡ ਡੇਅ ਮੀਲ ਕੁੱਕ ਆਦਿ ਨਿਗੂਣੇ ਮਾਣ ਭੱਤੇ ਵਾਲੇ ਵਰਗਾਂ ਦਾ ਆਰਥਿਕ ਸ਼ੋਸ਼ਣ ਪਿਛਲੀਆਂ ਸਰਕਾਰਾਂ ਵਾਂਗ ਜਾਰੀ ਹੈ ਅਤੇ ਸਰਕਾਰ ਉਨਾਂ ‘ਤੇ ਘੱਟ ਤੋਂ ਘੱਟ ਉਜਰਤਾਂ ਦਾ ਕਾਨੂੰਨ ਵੀ ਲਾਗੂ ਕਰਨ ਨੂੰ ਤਿਆਰ ਨਹੀਂ। ਪਿਛਲੀ ਚੰਨੀ ਸਰਕਾਰ ਵਾਂਗ ਮੌਜੂਦਾ ਮਾਨ ਸਰਕਾਰ ਦਾ ਵੀ ਇਸ਼ਤਿਹਾਰਬਾਜੀ ’ਤੇ ਜ਼ੋਰ ਹੈ ਜਿਸ ’ਤੇ ਕਰੋੜਾਂ ਰੁਪਏ ਦਾ ਖਜ਼ਾਨਾ ਲੁਟਾਇਆ ਜਾ ਰਿਹਾ ਹੈ। ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਕਿਹਾ ਕਿ ਵੱਡੇ ਬਹੁਮਤ ਨਾਲ ਸੱਤਾ ਵਿਚ ਆਈ ਮਾਨ ਸਰਕਾਰ ਨੂੰ ਸੰਗਰੂਰ ਲੋਕ ਸਭਾ ਸੀਟ ਦੀ ਹਾਰ ਉਪਰੰਤ ਆਪਣੀ ਪੜਚੋਲ ਕਰਨੀ ਚਾਹੀਦੀ ਹੈ ਕਿ ਸਿਰਫ਼ ਤਿੰਨ ਮਹੀਨਿਆਂ ਵਿਚ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਕਿਉਂ ਹੋਇਆ ਹੈ।
ਜ਼ੋਰਦਾਰ ਨਾਅਰੇ ਲਗਾਉਂਦੇ ਹੋਏ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਮੇਸ਼ ਢੈਪਈ ,ਗੁਰਚਰਨ ਸਿੰਘ ਮਾਨ ,ਬਲਕਾਰ ਸਿੰਘ ,ਗੁਰਪ੍ਰੀਤ ਸਿੰਘ ਰੰਧਾਵਾ ,ਕੁਲਦੀਪ ਸਿੰਘ ਘਣੀਆਂ , ਸੁਰਿੰਦਰ ਪਾਲ ਸਿੰਘ ਪੀ.ਆਰ.ਟੀ.ਸੀ. , ਮੇਜਰ ਸਿੰਘ ਤੇ ਦਵਿੰਦਰ ਸਿੰਘ ਗਿੱਲ ਆਦਿ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ