ਕੋਰੋਨਾ ਬਿਮਾਰੀ ਦੌਰਾਨ ਆਕਸੀਜ਼ਨ ਦੀ ਮਾਤਰਾ ਹੁੰਦੀ ਐ ਘੱਟ, ਲੋਕ ਹੋਣ ਜਾਗਰੂਕ: ਭਗਵੰਤ ਮਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਦੇ ਪ੍ਰਬੰਧਾਂ ਨੂੰ ਫੇਲ੍ਹ ਕਰਾਰ ਦਿੰਦਿਆਂ ਪਾਰਟੀ ਵੱਲੋਂ ਸਰਕਾਰ ਦੇ ਬਰਾਬਰ ਆਪਣੀ ‘ਆਕਸੀਮੀਟਰ’ ਮੁਹਿੰਮ ਸ਼ੁਰੂ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਮੁਹਿੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਰ੍ਹਾਂ ਪੰਜਾਬ ਦੇ ਆਮ ਲੋਕਾਂ ਨੂੰ ਰਿਕਾਰਡਿੰਗ ਫੋਨ ਕਾਲ ਰਾਹੀਂ ਆਪਣਾ ਸੁਨੇਹਾ ਭੇਜ ਰਹੇ ਹਨ ਜਿਸ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਦਿਆਂ ਕੋਰੋਨਾ ਬਿਮਾਰੀ ਸਮੇਤ ਆਕਸੀਮੀਟਰ ਮੁਹਿੰਮ ਬਾਰੇ ਜਾਣੂ ਕਰਵਾ ਰਹੇ ਹਨ ਅਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ 12 ਹਜਾਰ ਤੋਂ ਵੱਧ ਪਿੰਡਾਂ ਸਮੇਤ ਚਾਰ ਹਜਾਰ ਵਾਰਡਾਂ ਅੰਦਰ ਕੋਰੋਨਾ ਬਿਮਾਰੀ ਸਬੰਧੀ ਆਕਸੀਮੀਟਰ ਮੁਹਿੰਮ ਆਰੰਭੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਦੀ ਇੱਕ ਰਿਕਾਰਡਿੰਗ ਕਾਲ ਆ ਰਹੀ ਹੈ, ਜਿਸ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਜਾਣਕਾਰੀ ਦੇਣ ਸਮੇਤ ਸਹਿਯੋਗ ਦੀ ਮੰਗ ਕਰ ਰਹੇ ਹਨ। ਰਿਕਾਰਡਿੰਗ ਫੋਨ ਕਾਲ ਵਿੱਚ ਮਾਨ ਸੁਨੇਹਾ ਦੇ ਰਹੇ ਹਨ ਕਿ ਕੋਰੋਨਾ ਦੀ ਬਿਮਾਰੀ ਵਿੱਚ ਮਰੀਜ਼ ਦੀ ਆਕਸੀਜ਼ਨ ਸਮਰੱਥਾਂ ਘੱਟ ਜਾਂਦੀ ਹੈ,
ਜਿਸ ਕਾਰਨ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਜਾਂਦੀ ਹੈ, ਪਰ ਇਸ ਦਾ ਵਿਅਕਤੀ ਨੂੰ ਪਤਾ ਨਹੀਂ ਲੱਗਦਾ। ਜਿਆਦਾਤਰ ਮੌਤਾਂ ਆਕਸੀਜ਼ਨ ਦੀ ਘਾਟ ਪੈਦਾ ਹੋਣ ਕਾਰਨ ਹੀ ਹੁੰਦੀਆਂ ਹਨ, ਪਰ ਲੋਕ ਇਸ ਤੋਂ ਜਾਣੂ ਨਹੀਂ ਹੁੰਦੇ। ਇਸ ਲਈ ਪਿੰਡਾਂ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਵੱਲੋਂ ਇਹ ਆਕਸੀਮੀਟਰ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਵਲੰਟੀਅਰਾਂ ਵੱਲੋਂ ਘਰ-ਘਰ ਜਾਕੇ ਕੋਰੋਨਾ ਸਬੰਧੀ ਜਾਗਰੂਕ ਕਰਨਗੇ। ਉਹ ਫੋਨ ਕਾਲ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਕਾਰਡਿੰਗ ਵੀ ਆਮ ਲੋਕਾਂ ਦੇ ਫੋਨਾਂ ‘ਤੇ ਵੱਜ ਰਹੀ ਹੈ, ਜਿਸ ਵਿੱਚ ਉਹ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਨੂੰ ਹਲਕੇ ਵਿੱਚ ਨਾ ਲੈਣ ਦੀ ਅਪੀਲ ਕਰ ਰਹੇ ਹਨ। ਉਹ ਆਪਣੇ ਸੁਨੇਹੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਵਿਰੋਧ ਨਾ ਕਰਨ ਦੀ ਅਪੀਲ ਕਰ ਰਹੇ ਹਨ।
ਉਹ ਫੋਨ ਕਾਲ ਜਰੀਏ ਸੁਨੇਹਾ ਦੇ ਰਹੇ ਹਨ ਕਿ ਇਹ ਟੈਸਟ ਤੁਹਾਡੇ ਅਤੇ ਤੁਹਾਡੇ ਪਰਿਵਾਰ ਸਮੇਤ ਆਲੇ ਦੁਆਲੇ ਦੇ ਲੋਕਾਂ ਦੀ ਭਲਾਈ ਲਈ ਜ਼ਰੂਰੀ ਹੈ, ਇਸ ਲਈ ਸਰਕਾਰ ਦਾ ਸਾਥ ਦੇਣ। ਇਸੇ ਤਰਜ਼ ‘ਤੇ ਹੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਕਸੀਮੀਟਰ ਮੁਹਿੰਮ ਦਾ ਸੁਨੇਹਾ ਫੋਨ ਕਾਲ ਜਰੀਏ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਮੁਹਿੰਮ ਦੌਰਾਨ ਪੰਜਾਬ ਸਰਕਾਰ ਦੀ ਕੋਰੋਨਾ ਮਹਾਂਮਾਰੀ ਤੇ ਸਰਕਾਰ ਦੀ ਢਿੱਲੀ ਕਾਰਗੁਜਾਰੀ ਬਾਰੇ ਵੀ ਜਾਣਕਾਰੀ ਦੇਣ ਦੀ ਵਿਊਤਬੰਦੀ ਹੈ।
ਇਸ ਦੇ ਨਾਲ ਹੀ ਦਿੱਲੀ ਸਰਕਾਰ ਵੱਲੋਂ ਕੋਰੋਨਾ ‘ਤੇ ਕਾਬੂ ਪਾਉਣ ਸਬੰਧੀ ਅਪਣਾਈਆਂ ਗਈਆਂ ਤਿਆਰੀਆਂ ਅਤੇ ਚੁੱਕੇ ਗਏ ਕਦਮਾਂ ਬਾਰੇ ਇਸ ਆਕਸੀਮੀਟਰ ਮੁਹਿੰਮ ਦੇ ਨਾਲ ਹੀ ਜਾਣਕਾਰੀ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਆਕਸੀਮੀਟਰ ਮੁਹਿੰਮ ਦੇ ਨਾਲ ਹੀ ਘਰ-ਘਰ ਆਪਣੀ ਸੰਪਰਕ ਮੁਹਿੰਮ ਵੀ ਪੂਰੀ ਕਰ ਲਵੇਗੀ। ਜ਼ਿਲ੍ਹਾ ਪਟਿਆਲਾ ਅੰਦਰ ਅਗਲੇ ਦੋ ਦਿਨਾਂ ਤੱਕ ਆਕਸੀਮੀਟਰ ਪੁੱਜ ਜਾਣਗੇ। ਪਤਾ ਲੱਗਾ ਹੈ ਕਿ ਆਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਦੋ ਦਿਨ ਪਹਿਲਾਂ ਆਕਸੀਮੀਟਰ ਪੁੱਜ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਬਕਾਇਦਾ ਇਸ ਸਬੰਧੀ ਆਪਣੇ ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਸਰਕਾਰ ਕੋਰੋਨਾ ਨਾਲ ਨਜਿੱਠਣ ‘ਤੇ ਫੇਲ੍ਹ ਸਾਬਤ ਹੋਈ: ਹਰਪਾਲ ਚੀਮਾ
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਰੋਨਾ ਬਿਮਾਰੀ ਨਾਲ ਨਜਿੱਠਣ ‘ਚ ਫੇਲ੍ਹ ਸਾਬਤ ਹੋਈ ਹੈ ਅਤੇ ਲੋਕਾਂ ਨੂੰ ਜਾਗਰੂਕ ਦੀ ਥਾਂ ਡਰ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਜਿਸ ਤਰ੍ਹਾਂ ਦਿੱਲੀ ਵਿੱਚ ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਇਆ ਹੈ, ਉਸੇ ਤਰਜ ‘ਤੇ ਪੰਜਾਬ ਨੂੰ ਵੀ ਕੰਮ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਮੌਤਾਂ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ, ਜੋ ਕਿ ਕੈਪਟਨ ਸਰਕਾਰ ਦੀ ਕਾਰਗੁਜਾਰੀ ਦਰਸਾ ਰਿਹਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਕਸੀਮੀਟਰ ਮੁਹਿੰਮ ਤਹਿਤ ਜਾਗਰੂਕ ਕਰਨ ਸਬੰਧੀ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਆਪਣੀ ਅਹਿਮ ਭੂਮਿਕਾ ਨਿਭਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.