ਖੇਤੀ ਕਾਨੂੰਨਾਂ ਸਬੰਧੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਰਹੀ ਬੇਸਿੱਟਾ, ਅਗਲੀ ਮੀਟਿੰਗ 13 ਨੂੰ

ਖੇਤੀ ਕਾਨੂੰਨਾਂ ਸਬੰਧੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਰਹੀ ਬੇਸਿੱਟਾ, ਅਗਲੀ ਮੀਟਿੰਗ 13 ਨੂੰ

ਬਰਨਾਲਾ, (ਜਸਵੀਰ ਸਿੰਘ ਗਹਿਲ) ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੇ ਸਬੰਧ ‘ਚ ਅੱਜ ਸਮੂਹ ਜਥੇਬੰਦੀਆਂ ਦੇ ਆਗੂਆਂ ਦੁਆਰਾ ਸਥਾਨਕ ਤਰਕਸ਼ੀਲ ਭਵਨ ਵਿਖੇ ਹੰਗਾਮੀ ਮੀਟਿੰਗ ਸੱਦੀ ਗਈ ਜੋ ਕੁਝ ਜਥੇਬੰਦੀਆਂ ਦੇ ਆਗੂਆਂ ਦੇ ਨਾ ਪਹੁੰਚਣ ਕਾਰਨ ਕਿਸੇ ਵੀ ਨਤੀਜੇ ‘ਤੇ ਨਹੀ ਪੁੱਜ ਸਕੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ. ਦਰਸ਼ਨਪਾਲ, ਭਾਕਿਯੂ ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ ਅਤੇ ਭਾਕਿਯੂ ਸਿੱਧੂਪੁਰ ਦੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ‘ਚ ਪੈਦਾ ਕੀਤੇ ਜਾ ਰਹੇ ਬਿਜਲੀ ਸੰਕਟ ਨੂੰ ਧਿਆਨ ‘ਚ ਰੱਖਦਿਆਂ ਹੰਗਾਮੀ ਮੀਟਿੰਗ ਸੱਦੀ ਗਈ ਸੀ ਪਰ ਬਹੁਜਨ ਭਾਈਚਾਰੇ ਵੱਲੋਂ ਦਿੱਤੇ

ਅੱਜ ਪੰਜਾਬ ਬੰਦ ਕਾਰਨ ਕੁੱਝ ਜੱਥੇਬੰਦੀਆਂ ਦੇ ਆਗੂ ਇਸ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕਰ ਸਕੇ, ਜਿਸ ਕਾਰਨ ਮੀਟਿੰਗ ਕਿਸੇ ਸਿਰੇ ਨਹੀ ਲੱਗ ਸਕੀ। ਮੀਟਿੰਗ ਦੌਰਾਨ ਆਗੂਆਂ ਦੁਆਰਾ ਬਿਜਲੀ ਸੰਕਟ, ਡੀਏਪੀ ਅਤੇ ਯੂਰੀਆ ਦੀ ਤੋਟ ਬਾਰੇ ਚਰਚਾ ਕੀਤੀ ਗਈ ਹੈ। ਆਗੂਆਂ ਕਿਹਾ ਕਿ ਸੂਬਾ ਸਰਕਾਰ ਕੋਲ ਥਰਮਲਾਂ ‘ਚ ਅਜੇ ਕੋਲਾ ਮੌਜੂਦ ਹੈ, ਜਿਸ ਨਾਲ ਉਹ ਥਰਮਲਾਂ ਨੂੰ ਚਲਾ ਸਕਦੀ ਹੈ ਪਰ ਜਾਣਬੁੱਝ ਕੇ ਕੋਲਾ ਖ਼ਤਮ ਹੋ ਜਾਣ ਦਾ ਹਊਆ ਖੜਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰੇਲਵੇ ਲਾਈਨਾਂ, ਟੋਲ ਪਲਾਜ਼ਿਆਂ ਅਤੇ ਕਾਰਪੋਰੇਟ ਅਦਾਰਿਆਂ ਅੱਗੇ ਪੱਕੇ ਮੋਰਚੇ ਲਗਾਤਾਰ ਜਾਰੀ ਰਹਿਣਗੇ। ਆਗੂਆਂ ਦੋਸ਼ ਲਾਇਆ ਕਿ ਇੱਕ ਸਾਜ਼ਿਸ ਤਹਿਤ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਖੇਤਾਂ ਦੀ ਬਿਜਲੀ ਸਪਲਾਈ ‘ਚ ਕੱਟ ਲਗਾਏ ਜਾ ਰਹੇ ਹਨ। ਜਿਸ ਦਾ ਸਾਹਮਣਾ ਕਰਨ ਲਈ ਵੀ ਮੀਟਿੰਗ ‘ਚ ਚਰਚਾ ਕੀਤੀ ਹੈ। ਆਗੂਆਂ ਕਿਹਾ ਕਿ ਜੇਕਰ ਖੇਤੀ ਬਿਜਲੀ ਲਈ ਕਿਸਾਨਾਂ ਨੂੰ ਤੰਗ ਨਾ ਕੀਤਾ ਤਾਂ ਸਬੰਧਿਤ ਅਧਿਕਾਰੀਆਂ ਦਾ ਘਿਰਾਉ ਵੀ ਕੀਤਾ ਜਾ ਸਕਦਾ ਹੈ।

ਆਗੂਆਂ ਦੱਸਿਆ ਕਿ ਕੁੱਝ ਜੱਥੇਬੰਦੀਆਂ ਦੇ ਸ਼ਾਮਲ ਨਾ ਹੋਣ ਕਾਰਨ ਸਮੁੱਚੇ ਮਸਲਿਆਂ ‘ਤੇ ਫ਼ੈਸਲਾ 13 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ‘ਚ ਲਿਆ ਜਾਵੇਗਾ, ਫਿਲਹਾਲ ਪਹਿਲਾਂ ਲਿਆ ਗਿਆ ਸਾਂਝਾ ਫੈਸਲਾ ਹੀ ਲਾਗੂਤ ਰਹੇਗਾ। ਜਦੋਂਕਿ ਕਿ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਇਜਲਾਸ ਨਾ ਬੁਲਾਏ ਜਾਣ ਬਾਰੇ ਅਗਲੇ ਸੰਘਰਸ਼ ਦਾ ਫ਼ੈਸਲਾ 15 ਅਕਤੂਬਰ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.