Bengaluru water crisis | ਬੰਗਲੁਰੂ ਦਾ ਪਾਣੀ ਸੰਕਟ

Water Crisis
ਸੰਕੇਤਕ ਫੋਟੋ।

Bengaluru water crisis : ਕਰਨਾਟਕ ਦੀ ਰਾਜਧਾਨੀ ’ਚ ਪਾਣੀ ਦਾ ਬਹੁਤ ਗੰਭੀਰ ਸੰਕਟ ਹੈ। ਹਜ਼ਾਰਾਂ ਬੋਰਵੈੱਲ ਸੁੱਕ ਗਏ ਹਨ ਤੇ ਪਾਣੀ ਵਾਸਤੇ ਮਾਰੋ ਮਾਰ ਹੈ। ਕਾਵੇਰੀ ਨਦੀ ’ਚ ਪਾਣੀ ਦਾ ਪੱਧਰ ਹੇਠਾਂ ਹੈ ਅਤੇ ਧਰਤੀ ਹੇਠਲਾ ਪਾਣੀ ਵੀ 1800 ਫੁੱਟ ਦੇ ਕਰੀਬ ਚਲਾ ਗਿਆ। ਸਰਕਾਰ ਨੇ ਪਾਣੀ ਅਜਾਈਂ ਬਰਬਾਦ ਕਰਨ ਵਾਲੇ 22 ਪਰਿਵਾਰਾਂ ਖਿਲਾਫ਼ ਸਖ਼ਤੀ ਵਰਤੀ ਹੈ ਤੇ ਉਹਨਾਂ ਪਰਿਵਾਰਾਂ ਨੂੰ ਇੱਕ ਲੱਖ ਜ਼ੁਰਮਾਨਾ ਵੀ ਕੀਤਾ ਹੈ। ਭਾਵੇਂ ਦੇਰ-ਸਵੇਰ ਪਾਣੀ ਦਾ ਇਹ ਸੰਕਟ ਘੱਟ ਹੋ ਜਾਵੇਗਾ ਪਰ ਜਿੱਥੋਂ ਤੱਕ ਪਾਣੀ ਦੀ ਬਰਬਾਦੀ ਦਾ ਸਵਾਲ ਹੈ ਇਹ ਸਾਰੇ ਦੇਸ਼ ਅੰਦਰ ਹੋ ਰਹੀ ਹੈ ਉਸ ਦੇ ਮੁਤਾਬਿਕ ਹੋਰਨਾਂ ਸੂਬਿਆਂ ਨੂੰ ਬੰਗਲੁਰੂ ਦੇ ਸੰਕਟ ਨੂੰ ਵੇਖ ਕੇ ਸੰਭਲਣ ਦੀ ਜ਼ਰੂਰਤ ਹੈ।

ਜਿਸ ਤਰ੍ਹਾਂ ਆਬਾਦੀ ਵਧ ਰਹੀ ਹੈ ਉਵੇਂ ਪਾਣੀ ਦੀ ਖਪਤ ਵੀ ਵਧ ਰਹੀ ਹੈ ਉਹ ਸਮਾਂ ਦੂਰ ਨਹੀਂ ਜਦੋਂ ਹੋਰ ਸੂਬਿਆਂ ਅੰਦਰ ਵੀ ਅਜਿਹਾ ਸੰਕਟ ਆ ਸਕਦਾ ਹੈ। ਪੰਜ ਦਰਿਆਵਾਂ ਦੇ ਨਾਂਅ ਨਾਲ ਮਸ਼ਹੂਰ ਪੰਜਾਬ ’ਚ ਪਾਣੀ ਦੀ ਕਮੀ ਦੀ ਵੱਡੀ ਸਮੱਸਿਆ ਹੈ। ਸੂਬੇ ’ਚ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਹੈਰਾਨੀ ਤਾਂ ਇਹ ਹੈ ਕਿ ਨਾ ਤਾਂ ਝੋਨੇ ਦੀ ਖੇਤੀ ਘਟਾਈ ਜਾ ਰਹੀ ਹੈ ਨਾ ਵਰਖਾ ਦਾ ਪਾਣੀ ਵਰਤਿਆ ਜਾ ਰਿਹਾ ਹੈ। ਘੱਟ ਪਾਣੀ ਵਾਲੀ ਖੇਤੀ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਹੋਰਨਾਂ ਸੂਬਿਆਂ ਨੂੰ ਵੀ ਪਾਣੀ ਦੀ ਬਰਬਾਦੀ ਕਰਨ ਖਿਲਾਫ਼ ਠੋਸ ਫੈਸਲੇ ਲੈਣੇ ਪੈਣਗੇ। ਸਮਾਂ ਆ ਗਿਆ ਹੈ ਪਾਣੀ ਦੇ ਸੰਕਟ ਨੂੰ ਸਿਰਫ਼ ਸਮਾਂ ਟਪਾਉਣ ਦੀ ਨਜ਼ਰ ਨਾਲ ਵੇਖਣ ਦੀ ਬਜਾਇ ਇਸ ਦੇ ਗੰਭੀਰ ਸਿੱਟਿਆਂ ਦੀ ਹਕੀਕਤ ਨੂੰ ਸਮਝਣ ਤੇ ਸਵੀਕਾਰ ਕਰਨ ਦਾ। (Bengaluru water crisis)