ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਰਹੋ ਚੁਕੰਨੇ

ਸਰਦੀਆਂ ਦੀ ਆਮਦ ਨਾਲ ਹੀ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ। ਅਖ਼ਬਾਰਾਂ ਅਤੇ ਚੈਨਲਾਂ ਉੱਪਰ ਰੋਜ਼ਾਨਾ ਹੀ ਸੜਕੀ ਹਾਦਸੇ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਕਿਸੇ ਨਾ ਕਿਸੇ ਘਰ ਸੱਥਰ ਵਿਛਾ ਛੱਡਦੇ ਹਨ। ਸਾਲ 2022 ਵਿੱਚ ਭਾਰਤ ਵਿੱਚ ਕੁੱਲ 4,61,312 ਸੜਕ ਹਾਦਸੇ ਹੋਏ, ਜਿਨ੍ਹਾਂ ਵਿੱਚ 1,68,491 ਲੋਕਾਂ ਦੀ ਜਾਨ ਚਲੀ ਗਈ ਅਤੇ ਕੁੱਲ 4,43,366 ਲੋਕ ਜ਼ਖ਼ਮੀ ਹੋਏ। ਪਿਛਲੇ ਸਾਲਾਂ ਦੇ ਮੁਕਾਬਲੇ ਹਾਦਸਿਆਂ ਵਿੱਚ 11.9 ਫੀਸਦੀ, ਮੌਤਾਂ ਵਿੱਚ 9.4 ਫੀਸਦੀ ਅਤੇ ਜ਼ਖ਼ਮੀਆਂ ਦੀ ਗਿਣਤੀ ਵਿੱਚ 15.3 ਫੀਸਦੀ ਵਾਧਾ ਹੋਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਤਾਜਾ ਰਿਪੋਰਟ ਅਨੁਸਾਰ 2021 ਅਤੇ 2022 ਵਿੱਚ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਸੱਟਾਂ ਨਾਲੋਂ ਵੱਧ ਮੌਤਾਂ ਹੋਈਆਂ। (Fog)

ਸਾਲ 2022 ਵਿੱਚ ਹਾਦਸਾ ਪੀੜਤਾਂ ਵਿੱਚੋਂ 66.5 ਫੀਸਦੀ 18 ਤੋਂ 45 ਸਾਲ ਦੀ ਉਮਰ ਦੇ ਨੌਜਵਾਨ ਸਨ। ਪੰਜਾਬ ਵਿੱਚ 2022 ਵਿੱਚ, 6,122 ਸੜਕ ਹਾਦਸਿਆਂ ਵਿੱਚ 4,688 ਮੌਤਾਂ ਅਤੇ 3,372 ਜਖਮੀ ਹੋਏ। ਪਿਛਲੇ ਸਾਲ 6,097 ਸੜਕ ਹਾਦਸਿਆਂ ਵਿੱਚ 4,516 ਮੌਤਾਂ ਅਤੇ 3,034 ਜਖਮੀ ਹੋਏ ਸਨ। ਸੜਕ ਹਾਦਸਿਆਂ ਤੋਂ ਬਚਾਅ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਣਾਈ ਰੱਖਣ ਲਈ ਆਵਾਜਾਈ ਦੇ ਨਿਯਮ ਬਣਾਏ ਗਏ ਹਨ। ਇਹ ਨਿਯਮ ਹਰ ਵਿਅਕਤੀ ਦੁਆਰਾ ਪਾਲਣਾ ਕਰਨ ਲਈ ਹੁੰਦੇ ਹਨ ਜੋ ਸੜਕਾਂ ’ਤੇ ਚੱਲਦੇ ਹਨ ਅਤੇ ਟ੍ਰੈਫਿਕ ਦਾ ਹਿੱਸਾ ਬਣਦੇ ਹਨ। ਸੜਕੀ ਹਾਦਸਿਆਂ ਪਿੱਛੇ ਜ਼ਿਆਦਾਤਰ ਸਿੱਧੇ ਤੌਰ ’ਤੇ ਲੋਕਾਂ ਦੀ ਆਵਾਜਾਈ ਨਿਯਮਾਂ ਸਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਦਿੱਤੀ ਜਾਂਦੀ ਢਿੱਲ ਜਿੰਮੇਵਾਰ ਹੈ। (Fog)

ਇਹ ਵੀ ਪੜ੍ਹੋ : ਡਰੋਨ ਰਾਹੀਂ ਭਾਰਤੀ ਸਰਹੱਦ ’ਚ ਸੁੱਟੀ ਹੈਰੋਇਨ ਬਰਾਮਦ

ਲੋਕਾਂ ਨੂੰ ਦੋ-ਪਹੀਆ ਵਾਹਨਾਂ ਨੂੰ ਬਿਨਾਂ ਹੈਲਮਟ ਚਲਾਉਂਦੇ ਆਮ ਵੇਖਿਆ ਜਾਂਦਾ ਹੈ। ਇਹ ਵੀ ਕੋਈ ਅਤਿਕਥਨੀ ਨਹੀਂ ਕਿ ਸੜਕਾਂ ਉੱਤੇ ਵਾਹਨਾਂ ਨੂੰ ਚਲਾ ਰਹੇ ਲੋਕ ਬਹੁਤੇ ਆਵਾਜਾਈ ਦੇ ਨਿਯਮਾਂ ਤੋਂ ਅਣਜਾਣ ਹੀ ਹੁੰਦੇ ਹਨ ਅਤੇ ਪਿੰਡਾਂ-ਸ਼ਹਿਰਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਵਾਹਨ ਚਲਾਉਂਦੇ ਆਮ ਨਜ਼ਰੀਂ ਪੈ ਜਾਂਦੇ ਹਨ। ਮੌਜੂਦਾ ਸਮੇਂ ਧੁੰਦ ਕਾਰਨ ਵਿਜ਼ੀਬਿਲਟੀ ਉਂਝ ਹੀ ਘੱਟ ਹੋ ਜਾਂਦੀ ਹੈ ਸੋ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਸੁਰੱਖਿਅਤ ਸਫਰ ਕੀਤਾ ਜਾ ਸਕੇ। ਜ਼ਰੂਰਤ ਅਨੁਸਾਰ ਹੀ ਨਿੱਜੀ ਵਾਹਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਸਫ਼ਰ ਲਈ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਕਦੇ ਵੀ ਤੇਜ ਰਫ਼ਤਾਰ ਜਾਂ ਨਸ਼ਾ ਆਦਿ ਕਰਕੇ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ। (Fog)

ਆਵਾਜਾਈ ਦੇ ਹੋਰ ਨਿਯਮਾਂ ਦੇ ਨਾਲ-ਨਾਲ ਹਾਰਨਾਂ ਦੀ ਢੁੱਕਵੀਂ ਵਰਤੋਂ, ਗੱਡੀਆਂ ਵਿੱਚ ਸੀਟ ਬੈਲਟਾਂ ਦੀ ਵਰਤੋਂ, ਚੌਂਕਾਂ ਵਿੱਚ ਲੱਗੀਆਂ ਬੱਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੈਦਲ ਚੱਲਦੇ ਸਮੇਂ ਜੈਬਰਾ ਕ੍ਰਾਸਿੰਗ ਤੋਂ ਮੁੱਖ ਸੜਕਾਂ ਨੂੰ ਪਾਰ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਹੋਰ ਥਾਂ ਤੋਂ ਸੜਕ ਪਾਰ ਕਰਨਾ ਹਾਦਸੇ ਨੂੰ ਸਿੱਧਾ ਸੱਦਾ ਸਾਬਤ ਹੋ ਸਕਦਾ ਹੈ। ਸਰਦੀਆਂ ਦੇ ਮੌਸਮ ਵਿੱਚ ਵੱਖੋ-ਵੱਖਰੇ ਸਮਾਗਮ ਚੱਲਦਿਆਂ ਸੜਕਾਂ ’ਤੇ ਚਾਹ ਆਦਿ ਦਾ ਲੰਗਰ ਲਾਉਣਾ ਆਮ ਗੱਲ ਹੈ ਪਰੰਤੂ ਇੱਥੇ ਜ਼ਰੂਰੀ ਹੈ ਕਿ ਮੁੱਖ ਸੜਕ ਤੋਂ ਥੋੜ੍ਹਾ ਪਿੱਛੇ ਹਟ ਕੇ ਲੰਗਰ ਲਾਇਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। (Fog)

ਇਹ ਵੀ ਪੜ੍ਹੋ : 11,500 ਰੁਪਏ ਰਿਸ਼ਵਤ ਲੈਂਦਾ ਏਐੱਸਆਈ ਵਿਜੀਲੈਂਸ ਵੱਲੋਂ ਕਾਬੂ

ਸਿਹਤ ਪ੍ਰਤੀ ਸੁਚੇਤ ਹੋਣਾ ਚੰਗੀ ਗੱਲ ਹੈ ਪਰੰਤੂ ਸੜਕਾਂ ’ਤੇ ਸੈਰ ਕਰਨਾ ਕਦੇ ਵੀ ਸਹੀ ਨਹੀਂ ਕਿਹਾ ਜਾ ਸਕਦਾ, ਇਸ ਦੇ ਲਈ ਮੈਦਾਨ ਜਾਂ ਪਾਰਕ ਆਦਿ ਵਿੱਚ ਸੈਰ, ਚਹਿਲਕਦਮੀ ਆਦਿ ਕੀਤੀ ਜਾ ਸਕਦੀ ਹੈ। ਲੋਕਾਂ ਵਿੱਚ ਸਵੈ-ਜਾਗਰੂਕਤਾ, ਅਨੁਸ਼ਾਸਨ ਅਤੇ ਜਿੰਮੇਵਾਰੀ ਦੀ ਭਾਵਨਾ ਦੀ ਭਾਰੀ ਘਾਟ ਰੜਕਦੀ ਹੈ। ਸੜਕੀ ਨਿਯਮਾਂ ਸਬੰਧੀ ਅਣਗਹਿਲੀ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ ਪਰੰਤੂ ਜਿੱਥੇ ਸਖਤੀ ਹੁੰਦੀ ਹੈ ਉੱਥੇ ਇਹ ਤੀਰ ਵਾਂਗੂੰ ਸਿੱਧੇ ਹੋ ਜਾਂਦੇ ਹਨ ਕਿਉਂਕਿ ਚੰਡੀਗੜ੍ਹ ਵਿੱਚ ਪ੍ਰਸ਼ਾਸਨਿਕ ਸਖ਼ਤੀ ਦੇ ਚੱਲਦਿਆਂ ਆਪਣੇ ਵਾਹਨਾਂ ਨੂੰ ਚੰਡੀਗੜ੍ਹ ਦੇ ਖੇਤਰ ਵਿੱਚ ਲੈ ਕੇ ਜਾਂਦਿਆਂ ਹੀ ਇੱਕਦਮ ਜਿਆਦਾਤਰ ਲੋਕ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਂਦੇ ਹਨ ਅਤੇ ਪੰਜਾਬ ਵਿੱਚ ਉਹੀ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਰੱਖਦੇ ਹਨ। (Fog)

ਸੜਕੀ ਨਿਯਮਾਂ ਦੀ ਪਾਲਣਾ ਦੂਜਿਆਂ ਦੇ ਨਾਲ-ਨਾਲ ਸਾਡੀ ਆਪਣੀ ਜਾਨ ਦੀ ਸੁਰੱਖਿਆ ਲਈ ਜਰੂਰੀ ਹੈ। ਸੜਕੀ ਨਿਯਮਾਂ ਨੂੰ ਅਣਗੌਲਿਆਂ ਕਰਨ ’ਤੇ ਆਪਣੀ ਜਾਨ ਦੇ ਨਾਲ-ਨਾਲ ਦੂਜੇ ਵਿਅਕਤੀਆਂ ਲਈ ਵੀ ਅਸੀਂ ਖ਼ਤਰਾ ਬਣ ਜਾਂਦੇ ਹਾਂ। ਆਦਰਸ਼ ਨਾਗਰਿਕ ਲਈ ਜ਼ਰੂਰੀ ਹੈ ਕਿ ਉਹ ਸੜਕੀ ਨਿਯਮਾਂ ਪ੍ਰਤੀ ਸੁਚੇਤ ਰਹੇ ਅਤੇ ਪਾਲਣਾ ਯਕੀਨੀ ਬਣਾਵੇ। ਧੁੰਦ ਵਿੱਚ ਡ੍ਰਾਈਵਿੰਗ ਕਰਦਿਆਂ ਵਾਹਨ ਤੋਂ ਵਾਹਨ ਦਾ ਫਾਸਲਾ ਜ਼ਰੂਰ ਰੱਖਿਆ ਜਾਣਾ ਜ਼ਰੂਰੀ ਹੈ ਅਤੇ ਓਵਰਟੇਕ ਕਰਨ ਲੱਗਿਆਂ ਅੱਗੇ-ਪਿੱਛੇ ਧਿਆਨ ਜ਼ਰੂਰ ਰੱਖਿਆ ਜਾਵੇ। ਡ੍ਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਨਾ ਕਰੋ, ਧੁੰਦ ਵਿੱਚ ਵਹੀਕਲ ਚਲਾਉਣ ਲੱਗਿਆਂ ਪੂਰਾ ਧਿਆਨ ਅੱਗੇ ਰੱਖੋ, ਧੁੰਦ ਵਿੱਚ ਕਦੀ ਵੀ ਸੜਕ ਦੇ ਵਿਚਕਾਰ ਵਹੀਕਲ ਨਾ ਰੋਕੋ, ਜਦੋਂ ਵਹੀਕਲ ਰੋਕਣਾ ਹੋਵੋ ਤਾਂ ਇੰਡੀਕੇਟਰ ਜਾਰੀ ਰੱਖੋ ਤੇ ਵਹੀਕਲ ਨੂੰ ਸੜਕ ਤੋਂ ਸਾਈਡ ’ਤੇ ਹੀ ਰੋਕੋ ਅਤੇ ਵਹੀਕਲ ਚਲਾਉਂਦੇ ਸਮੇਂ ਲਾਈਟਾਂ ਚਲਾ ਕੇ ਰੱਖੋ। (Fog)

ਇਹ ਵੀ ਪੜ੍ਹੋ : ਸਰਹਿੰਦ ਨਹਿਰ ’ਚੋਂ ਨਿਕਲਦੀ ਇਹ ਨਹਿਰ ਹੋਈ 21 ਦਿਨਾਂ ਲਈ ਬੰਦ 

ਵਾਹਨਾਂ ’ਤੇ ਰਿਫਲੈਕਟਰ ਜ਼ਰੂਰ ਲਾਉਣੇ ਚਾਹੀਦੇ ਹਨ ਤਾਂ ਜੋ ਧੁੰਦ ਅਤੇ ਰਾਤ ਸਮੇਂ ਸੜਕ ’ਤੇ ਚੱਲਦੇ ਵਾਹਨ ਦਾ ਪਤਾ ਲੱਗ ਸਕੇ। ਸੁਰੱਖਿਅਤ ਸਫਰ ਅਤੇ ਸੁਚੱਜੀ ਆਵਾਜਾਈ ਲਈ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਵਿੱਚ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਤਰਫੋਂ ਵਰਤੀ ਜਾਂਦੀ ਢਿੱਲ ਦੀ ਥਾਂ ਪੂਰੀ ਸਖ਼ਤੀ ਨੂੰ ਵੀ ਲਾਗੂ ਕੀਤਾ ਜਾਵੇ, ਇਹੀ ਸਮਾਜ ਅਤੇ ਲੋਕਾਂ ਦੇ ਹਿੱਤ ’ਚ ਹੈ ਅਤੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਕੀਤੀ ਪਾਲਣਾ ਨਾਲ ਸੜਕੀ ਹਾਦਸਿਆਂ ਨੂੰ ਬਹੁਤ ਹੱਦ ਤੱਕ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਕਈ ਘਰਾਂ ਵਿੱਚ ਸੋਗ ਪੱਸਰਨ ਤੋਂ ਬਚਾਅ ਹੋ ਸਕਦਾ ਹੈ। (Fog)

LEAVE A REPLY

Please enter your comment!
Please enter your name here