ਬੀਡੀਪੀਓ ਦਫ਼ਤਰ ਦੇ ਮੁਲਾਜ਼ਮਾਂ ਨੇ ਦਿੱਤਾ ਧਰਨਾ

ਪੰਚਾਇਤ ਯੂਨੀਅਨ ਨੇ ਦਿੱਤਾ ਧਰਨੇ ਨੂੰ ਸਮਰਥਨ

  • ਮਾਮਲਾ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲਗਾਏ ਗਏ ਇੱਕ ਧਰਨੇ ਦਾ

ਸੇਰਪੁਰ (ਰਵੀ ਗੁਰਮਾ)। ਬੀਡੀਪੀਓ ਦਫਤਰ ਦੇ ਮੁਲਾਜ਼ਮਾਂ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜੁਗਰਾਜ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਕਰਨ ਉਪਰੰਤ ਪੂਰੇ ਅਮਲੇ ਵੱਲੋਂ ਆਪਣੇ ਦਫ਼ਤਰ ਵਿੱਚ ਧਰਨਾ ਦਿੱਤਾ ਗਿਆ । ਇਸ ਧਰਨੇ ਨੂੰ ਪੰਚਾਇਤ ਯੂਨੀਅਨ ਸ਼ੇਰਪੁਰ ਨੇ ਵੀ ਹਮਾਇਤ ਦਿੱਤੀ। ਬੀਡੀਪੀਓ ਦਫਤਰ ਦੇ ਮੁਲਾਜਮਾਂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ ਆਗੂਆਂ, ਪਿੰਡ ਖੇੜੀ ਕਲਾਂ ਦੇ ਯੁਵਕ ਸੇਵਾਵਾਂ ਕਲੱਬ ,ਪਿੰਡ ਈਨਾ ਬਾਜਵਾ ਦੇ ਕੁਝ ਲੋਕਾਂ ਵੱਲੋਂ ਇੱਕ ਮਾਮਲੇ ਸਬੰਧੀ ਬੀਡੀਪੀਓ ਦਫ਼ਤਰ ਵਿੱਚ ਇੱਕ ਧਰਨਾ ਲਗਾਇਆ ਗਿਆ ਸੀ।

ਜਿੰਨ ਚਿਰ ਦੋਸ਼ੀਆਂ ’ਤੇ ਕਾਰਵਾਈ ਨਹੀਂ ਹੁੰਦੀ ਦਫਤਰ ਦਾ ਕੰਮਕਾਜ ਬਿਲਕੁਲ ਠੱਪ ਰੱਖਿਆ ਜਾਵੇਗਾ

ਇਸ ਧਰਨੇ ਵਿੱਚ ਧਰਨਾਕਾਰੀਆਂ ਵੱਲੋਂ ਦਫਤਰ ਦੇ ਸਮੂਹ ਕਰਮਚਾਰੀਆਂ ਦੀ ਸ਼ਾਨ ਦੇ ਖਿਲਾਫ਼ ਭੈੜੀ ਸ਼ਬਦਾਵਲੀ ਵਰਤਣ , ਬੇਬੁਨਿਆਦ ਦੋਸ਼ ਲਾਉਣ, ਦਫਤਰ ਦੇ ਫਰਨੀਚਰ ਆਦਿ ਦੀ ਭੰਨਤੋੜ ਕਰਨ,ਦਫਤਰ ਵਿਚ ਦੇਰ ਰਾਤ ਤੱਕ ਸਮੂਹ ਸਟਾਫ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਲਿਖਤੀ ਪੱਤਰ ਭੇਜੇ ਗਏ ਹਨ। ਸਮੂਹ ਸਟਾਫ ਨੇ ਪ੍ਰੈੱਸ ਨੋਟ ਰਾਹੀ ਦੱਸਿਆ ਕਿ ਜਿੰਨਾਂ ਟਾਇਮ ਉਕਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਉਨ੍ਹਾਂ ਟਾਈਮ ਦਫਤਰ ਦਾ ਕੰਮਕਾਜ ਬਿਲਕੁਲ ਠੱਪ ਰੱਖਿਆ ਜਾਵੇਗਾ।

ਇਸ ਮੌਕੇ ਬੀਡੀਪੀਓ ਦਫਤਰ ਦੇ ਰਾਜਿੰਦਰ ਸਿੰਘ ਸੁਪਰਡੈਂਟ ,ਏਕਮ ਸਿੰਘ ਪੰਚਾਇਤ ਅਫਸਰ ,ਕੁਲਦੀਪ ਸਿੰਘ ਪੰਚਾਇਤ ਸਕੱਤਰ, ਰਣਜੀਤ ਸਿੰਘ ਸੇਖਾ ਪੰਚਾਇਤ ਸਕੱਤਰ, ਗੁਰਜੀਤ ਸਿੰਘ ਤੋਂ ਇਲਾਵਾ ਸਰਪੰਚ ਬਹਾਦਰ ਸਿੰਘ ਕਾਤਰੋਂ, ਮਲਕੀਤ ਸਿੰਘ ਖੇੜੀ ਚਹਿਲਾਂ ,ਸਰਪੰਚ ਸੁਖਦੇਵ ਸਿੰਘ ਬਿੰਨੜ ਕਾਲਾਬੂਲਾ, ਸਰਪੰਚ ਰਣਜੀਤ ਸਿੰਘ ਫਰਵਾਹੀ, ਸਰਪੰਚ ਰਣਜੀਤ ਸਿੰਘ ਸ਼ੇਰਪੁਰ, ਸਰਪੰਚ ਰਣਜੀਤ ਸਿੰਘ ਪੱਤੀ ਖਲੀਲ, ਸਰਪੰਚ ਗੁਰਦੀਪ ਸਿੰਘ ਆਦਿ ਸਨ।

ਇਸ ਸਬੰਧੀ ਬੀਡੀਪੀਓ ਜਗਰਾਜ ਸਿੰਘ ਨੇ ਕਿਹਾ ਕਿ ਕੱਲ੍ਹ ਧਰਨਾਕਾਰੀਆਂ ਵੱਲੋਂ ਸਾਡੇ ਪ੍ਰਤੀ ਬਹੁਤ ਹੀ ਮਾੜੀ ਸ਼ਬਦਾਵਲੀ ਵਰਤੀ ਗਈ ।“ ਸਾਨੂੰ ਚੋਰ ਤੱਕ ਕਿਹਾ ਗਿਆ“ ਜਿਸ ਦੇ ਰੋਸ ਵਜੋਂ ਸਾਰੇ ਸਟਾਫ ਵੱਲੋਂ ਅੱਜ ਧਰਨਾ ਦੇ ਕੇ ਉਕਤ ਵਿਅਕਤੀਆਂ ਖਿਲਾਫ ਉੱਚ ਅਧਿਕਾਰੀਆਂ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੀਪੀ ਗੁੰਮਟੀ ਨੇ ਕਿਹਾ ਕਿ ਅਸੀਂ ਪਾਰਟੀ ਦੇ ਤੌਰ ’ਤੇ ਧਰਨੇ ਵਿਚ ਸ਼ਾਮਲ ਨਹੀਂ ਹੋਏ । ਇਹ ਧਰਨਾ ਯੁਵਕ ਸੇਵਾਵਾਂ ਕਲੱਬ ਨੇ ਲਗਾਇਆ ਸੀ ਅਸੀਂ ਤਾਂ ਭਾਈਚਾਰਕ ਤੌਰ ਤੇ ਧਰਨੇ ਵਿੱਚ ਸ਼ਾਮਲ ਹੋਏ ਸੀ । ਯੁਵਕ ਸੇਵਾਵਾਂ ਕਲੱਬ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਖੇੜੀ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਪੂਰੇ ਧਰਨੇ ਦੀ ਵੀਡੀਓਗ੍ਰਾਫੀ ਸਾਡੇ ਕੋਲ ਮੌਜੂਦ ਹੈ। ਜਿਸ ਵਿੱਚ ਸਭ ਕੁਝ ਸਾਫ਼ ਹੈ ਕਿ ਅਸੀਂ ਬੀਡੀਪੀਓ ਦਫਤਰ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ