Bathinda Police : ਕਾਲੀ ਥਾਰ ’ਚ ‘ਚਿੱਟੇ’ ਦਾ ਧੰਦਾ ਕਰਦੀ ਮਹਿਲਾ ਕਾਂਸਟੇਬਲ ਗ੍ਰਿਫਤਾਰ

Bathinda Police
ਬਠਿੰਡਾ : ਗ੍ਰਿਫ਼ਤਾਰ ਮਹਿਲਾ ਕਾਂਸਟੇਬਲ ਦੀ ਗੱਡੀ ਦੀ ਤਲਾਸ਼ੀ ਲੈਂਦੀ ਹੋਈ ਪੁਲਿਸ ਤਸਵੀਰ : ਸੱਚ ਕਹੂੰ ਨਿਊਜ਼

(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਪੁਲਿਸ ਨੇ ਇੱਕ ਮਹਿਲਾ ਸੀਨੀਅਰ ਕਾਂਸਟੇਬਲ ਨੂੰ ਥਾਰ ਗੱਡੀ ਸਮੇਤ ਹੈਰੋਇਨ ਦੀ ਤਸਕਰੀ ਕਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਜਦੋਂ ਨਾਕੇ ਦੌਰਾਨ ਬਠਿੰਡਾ-ਬਾਦਲ ਰੋਡ ’ਤੇ ਖੜ੍ਹੀ ਸੀ ਤਾਂ ਉੱਥੇ ਪੁਲਿਸ ਨੂੰ ਇਹ ਸਫਲਤਾ ਮਿਲੀ ਹੈ ਗ੍ਰਿਫ਼ਤਾਰ ਮਹਿਲਾ ਕਾਂਸਟੇਬਲ ਇਸ ਵੇਲੇ ਬਠਿੰਡਾ ਪੁਲਿਸ ਲਾਈਨ ’ਚ ਆਰਜ਼ੀ ਤੌਰ ’ਤੇ ਡਿਊਟੀ ਕਰ ਰਹੀ ਸੀ ਜਦੋਂ ਕਿ ਉਸਦੀ ਡਿਊਟੀ ਮਾਨਸਾ ’ਚ ਹੈ।

ਇਹ ਵੀ ਪੜ੍ਹੋ: Colonel Bath Assault Case: ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਪੁਲਿਸ ਕਰੇਗੀ ਕਰਨਲ ‘ਤੇ ਹਮਲੇ ਦੇ ਮ…

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਵਰਧਮਾਨ ਪੁਲਿਸ ਸਟੇਸ਼ਨ ਦੇ ਇੰਚਾਰਜ ਏਐਸਆਈ ਮਨਜੀਤ ਸਿੰਘ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਤਹਿਤ ਬਾਦਲ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨ ਲਾਡਲੀ ਚੌਕ ਦੀ ਤਰਫੋਂ ਆਈ ਕਾਲੇ ਰੰਗ ਦੀ ਥਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ’ਚੋਂ ਇੱਕ ਔਰਤ ਨੇ ਉੁਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ’ਤੇ ਮੌਜੂਦ ਲੇਡੀ ਕਾਂਸਟੇਬਲ ਅਤੇ ਹੋਰ ਟੀਮ ਨੇ ਉਸਨੂੰ ਕਾਬੂ ਕਰ ਲਿਆ। Bathinda Police

ਗੱਡੀ ਦੀ ਤਲਾਸ਼ੀ ਦੌਰਾਨ ਗੱਡੀ ’ਚ ਰੱਖੇ ਇੱਕ ਡੱਬੇ ਵਿੱਚੋਂ ਮਿਲੇ ਪੋਲੀਥੀਨ ਬੈਗ ’ਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਵੱਲੋਂ ਪੁੱਛਗਿੱਛ ਕਰਨ ’ਤੇ ਉਕਤ ਮਹਿਲਾ ਦੀ ਪਹਿਚਾਣ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਵਜੋਂ ਹੋਈ। ਉਹ ਪੰਜਾਬ ਪੁਲਿਸ ਵਿੱਚ ਇੱਕ ਸੀਨੀਅਰ ਕਾਂਸਟੇਬਲ ਵਜੋਂ ਤਾਇਨਾਤ ਹੈ, ਜਿਸਦੀ ਡਿਊਟੀ ਮਾਨਸਾ ਵਿਖੇ ਹੈ ਪਰ ਆਰਜੀ ਤੌਰ ’ਤੇ ਬਠਿੰਡਾ ਪੁਲਿਸ ਲਾਈਨ ’ਚ ਡਿਊਟੀ ਕਰ ਰਹੀ ਹੈ ਮੁਲਜ਼ਮ ਮਹਿਲਾ ਖਿਲਾਫ਼ ਥਾਣਾ ਕੈਨਾਲ ਕਲੋਨੀ ’ਚ ਮੁਕੱਦਮਾ ਨੰਬਰ 65, 21 ਬੀ, 61, 85 ਐਨਡੀਪੀਐਸ ਐਕਟ ਤਹਿਤ ਦਰਜ਼ ਕੀਤਾ ਗਿਆ ਹੈ।

ਇੱਕ ਦਿਨ ਦਾ ਮਿਲਿਆ ਪੁਲਿਸ ਰਿਮਾਂਡ

ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮਹਿਲਾ ਦਾ ਉਹਨਾਂ ਵੱਲੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਮਾਣਯੋਗ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਮੁਲਜ਼ਮ ਦਾ ਅੱਜ ਡੋਪ ਟੈਸਟ ਵੀ ਕਰਵਾਇਆ ਗਿਆ ਜੋ ਨੈਗਟਿਵ ਆਇਆ ਹੈ। ਬਰਾਮਦ ਹੈਰੋਇਨ ਕਿੱਥੋਂ ਆਈ ਤੇ ਕਿੱਥੇ ਲਿਜਾਈ ਜਾ ਰਹੀ ਸੀ ਆਦਿ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਮਾਂਡ ਦੌਰਾਨ ਪੁੱਛਗਿੱਛ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। Bathinda Police