ਸਾਡੇ ਨਾਲ ਸ਼ਾਮਲ

Follow us

9.6 C
Chandigarh
Thursday, February 5, 2026
More
    Home Breaking News Bathinda News...

    Bathinda News: ਆਖਰ ਕਿਉਂ ਲੱਗੇ ‘ਮਾਰਕੀਟ ਵਿਕਾਊ ਹੈ’ ਅਤੇ ‘ਦੁਕਾਨ ਵਿਕਾਊ ਹੈ’ ਦੇ ਪੋਸਟਰ?, ਜਾਣੋ ਪੂਰਾ ਮਾਮਲਾ

    Bathinda News

    Bathinda News: ਧਰਨਾ ਲਗਾ ਕੇ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਖਿਲਾਫ਼ ਕੀਤੀ ਨਾਅਰੇਬਾਜੀ

    Bathinda News: ਬਠਿੰਡਾ, (ਸੁਖਜੀਤ ਮਾਨ)। ਬਠਿੰਡਾ ਸ਼ਹਿਰ ਵਿੱਚ ਚੋਰ ਚੁਸਤ ਹਨ ਪੁਲਿਸ ਸੁਸਤ ਹੈ। ਪੁਲਿਸ ਵੱਲੋਂ ਦਾਅਵਾ ਤਾਂ ਇਹ ਕੀਤਾ ਜਾਂਦਾ ਹੈ ਕਿ ਉਹਨਾਂ ਵੱਲੋਂ 24 ਘੰਟੇ ਸਖਤ ਸੁਰੱਖਿਆ ਦੇ ਪ੍ਰਬੰਧ ਹਨ ਪਰ ਪ੍ਰਬੰਧਾਂ ਦੀ ਪੋਲ ਚੋਰਾਂ ਵੱਲੋਂ ਲਗਾਤਾਰ ਖੋਲੀ ਜਾ ਰਹੀ ਹੈ। ਪ੍ਰਤਾਪ ਨਗਰ ‘ਚ ਚੋਰਾਂ ਵੱਲੋਂ ਇੱਕੋ ਸਮੇਂ ਕਈ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚੋਂ ਉਹ ਇੱਕ ਦੁਕਾਨ ‘ਚੋਂ ਸੋਨਾ-ਚਾਂਦੀ ਅਤੇ ਨਗਦੀ ਚੋਰੀ ਕਰਕੇ ਲਿਜਾਣ ‘ਚ ਸਫ਼ਲ ਹੋ ਗਏ, ਜਦੋੰਕਿ ਇੱਕ ਦੁਕਾਨ ਦਾ ਸ਼ਟਰ ਨਹੀਂ ਟੁੱਟ ਸਕਿਆ। ਚੋਰੀ ਹੋਣ ਕਾਰਨ ਅੱਕੇ ਹੋਏ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਪੋਸਟਰ ਲਗਾ ਦਿੱਤੇ ਕਿ ‘ਇਹ ਦੁਕਾਨ ਵਿਕਾਊ ਹੈ’, ‘ਇਹ ਮਾਰਕੀਟ ਵਿਕਾਊ ਹੈ’। ਅਜਿਹੇ ਪੋਸਟਰ ਲੱਗਣੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਲਈ ਚੁਣੌਤੀ ਬਣ ਗਏ ਹਨ।

    ਦੁਕਾਨਾਂ ਬੰਦ ਕਰਕੇ ਅਤੇ ਦੁਕਾਨ ਵਿਕਾਊ ਹੈ ਦੇ ਪੋਸਟਰ ਲਗਾ ਕੇ ਧਰਨੇ ਤੇ ਬੈਠੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਆਪਣਾ ਘਰ ਪਰਿਵਾਰ ਚਲਾਉਣ ਲਈ ਦੁਕਾਨਾਂ ਖੋਲ ਕੇ ਬੈਠੇ ਹਨ ਪਰ ਸੁਰੱਖਿਆ ਦੇ ਸਖਤ ਇੰਤਜ਼ਾਮ ਨਾ ਹੋਣ ਕਾਰਨ ਉਨਾਂ ਦੀਆਂ ਦੁਕਾਨਾਂ ਵਿੱਚੋਂ ਲਗਾਤਾਰ ਪਿਛਲੇ ਤਿੰਨ ਮਹੀਨਿਆਂ ਤੋਂ ਚੋਰੀਆਂ ਹੋ ਰਹੀਆਂ ਹਨ । ਚੋਰੀ ਦੀ ਤਾਜ਼ਾ ਘਟਨਾ ਬਾਰੇ ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ ਦੋ ਦਰਜਨ ਤੋਂ ਵੱਧ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਚੋਰੀ ਕਰਨ ਪੁੱਜੇ ਜਿਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈਆਂ ਹਨ ।

    Bathinda News

    ਦੁਕਾਨਦਾਰਾਂ ਨੇ ਦੱਸਿਆ ਕਿ ਦੁਕਾਨਾਂ ਦੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਪਰ ਪੁਲਿਸ ਕਰੀਬ ਡੇਢ ਦੋ ਘੰਟੇ ਬਾਅਦ ਘਟਨਾ ਸਥਾਨ ਤੇ ਪੁੱਜੀ ਜਿਸ ਕਾਰਨ ਦੁਕਾਨਦਾਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਪ੍ਰਤਾਪ ਨਗਰ ਗਲੀ ਨੰਬਰ ਪੰਜ ਵਿੱਚ ਪਾਰਸ ਜਵੈਲਰਜ਼ ਦੇ ਨਾਮ ਤੇ ਦੁਕਾਨ ਕਰਨ ਵਾਲੇ ਦੁਕਾਨਦਾਰ ਪਾਰਸ ਨੇ ਦੱਸਿਆ ਕਿ ਉਸ ਨੂੰ ਸਵੇਰੇ 3 ਵਜੇ ਕਾਲ ਆਈ ਕਿ ਤੁਹਾਡੀ ਦੁਕਾਨ ਦਾ ਸ਼ਟਰ ਪੱਟਿਆ ਹੋਇਆ ਹੈ । ਉਹ ਦੁਕਾਨ ਉੱਤੇ ਪੰਜ ਜਿੰਦਰੇ ਲਗਾ ਕੇ ਗਏ ਸਨ ਪਰ ਚੋਰਾਂ ਨੇ ਪੰਜ ਜਿੰਦਰੇ ਵੀ ਭੰਨ ਸੁੱਟੇ।

    Read Also : ਹਰਿਆਣਾ ਨੇ ਆਰਥਿਕ ਤੌਰ ’ਤੇ ਕਮਜ਼ੋਰ ਆਮ ਵਰਗ ਦੀ ਆਮਦਨ ਹੱਦ ਵਧਾਈ

    ਪਾਰਸ ਦੇ ਦੱਸਣ ਮੁਤਾਬਿਕ ਚੋਰੀ ਦੀ ਇਸ ਘਟਨਾ ਨਾਲ ਉਹਨਾਂ ਦਾ ਕਰੀਬ 40 ਤੋਂ 45 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਚੋਰ ਭਾਰੀ ਮਾਤਰਾ ‘ਚ ਸੋਨੇ-ਚਾਂਦੀ ਤੋਂ ਇਲਾਵਾ ਨਗਦੀ ਚੋਰੀ ਕਰਕੇ ਲੈ ਗਏ । ਕਮਲ ਜਵੈਲਰਜ਼ ਦੇ ਮਾਲਕ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਪਹਿਲਾਂ ਸਾਲ 2019 ਚ ਚੋਰੀ ਹੋਈ ਸੀ ਤੇ ਰਾਤ ਫਿਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਟਰ ਨਾ ਟੁੱਟਣ ਕਾਰਨ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ l

    ਸਾਈਬਰ ਕੈਫੇ ਚਲਾਉਣ ਵਾਲੇ ਕ੍ਰਿਸ਼ਨਾ ਨਾਂਅ ਦੇ ਨੌਜਵਾਨ ਨੇ ਦੱਸਿਆ ਕਿ ਕਰੀਬ ਚਾਰ ਪੰਜ ਮਹੀਨੇ ਪਹਿਲਾਂ ਉਹਨਾਂ ਦੀ ਦੁਕਾਨ ਤੋਂ ਵੀ ਚੋਰੀ ਹੋ ਗਈ ਸੀ । ਮਾਰਕੀਟ ਵਿਕਾਊ ਹੈ ਦਾ ਪੋਸਟਰ ਚੁੱਕ ਕੇ ਧਰਨੇ ‘ਚ ਸ਼ਾਮਿਲ ਹੋਏ ਵਿਸ਼ਾਲ ਗਰਗ ਨਾਂਅ ਦੇ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਨੂੰ ਮਜਬੂਰੀ ਵੱਸ ਪੋਸਟਰ ਚੁੱਕਣੇ ਪੈ ਰਹੇ ਹਨ ਕਿਉਂਕਿ ਹੁਣ ਉਹਨਾਂ ਦੀ ਕੋਈ ਸੁਰੱਖਿਆ ਨਹੀਂ ਹੈ।

    ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ : ਐਸਪੀ

    ਮੌਕੇ ‘ਤੇ ਪੁੱਜੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਮਲ ਜਵੈਲਰਜ਼ ਸ਼ੋਅ ਰੂਮ ਦੇ ਮਾਲਕ ਕਮਲ ਵੱਲੋਂ ਲਿਖਵਾਈ ਸ਼ਿਕਾਇਤ ਦੇ ਅਧਾਰ ਤੇ ਉਹਨਾਂ ਵੱਲੋਂ ਥਾਣਾ ਕੈਨਾਲ ਕਲੋਨੀ ਵਿੱਚ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜਾਮ ਨਾ ਹੋਣ ਦੇ ਚੁੱਕੇ ਸਵਾਲ ਸਬੰਧੀ ਉਹਨਾਂ ਕਿਹਾ ਕਿ ਪੀਸੀਆਰ ਵੱਲੋਂ ਗਸ਼ਤ ਕੀਤੀ ਜਾਂਦੀ ਹੈ ਤੇ ਇਸ ਨੂੰ ਹੋਰ ਵਧਾਇਆ ਜਾਵੇਗਾ।