ਖੂਨਦਾਨ ਦੇ ਖੇਤਰ ‘ਚੋਂ ਪੰਜਾਬ ਭਰ ‘ਚੋਂ ਬਠਿੰਡਾ ਬਣਿਆ ਮੋਹਰੀ
ਬਠਿੰਡਾ ਰੈੱਡ ਕਰਾਸ ਸੁਸਾਇਟੀ ਨੇ ਪ੍ਰਾਪਤ ਕੀਤਾ ਪੁਰਸਕਾਰ
ਬਠਿੰਡਾ, (ਸੁਖਜੀਤ ਮਾਨ) (Blood donate)ਬਠਿੰਡਾ ਜ਼ਿਲ੍ਹੇ ਦੇ ਹਸਪਤਾਲਾਂ ‘ਚ ਕੋਈ ਮਰੀਜ਼ ਖੂਨ ਦੀ ਕਮੀਂ ਨਾਲ ਦਮ ਨਹੀਂ ਤੋੜਦਾ ਇੱਥੋਂ ਦੇ ਖੂਨਦਾਨੀਆਂ ਨੂੰ ਜਦੋਂ ਕਿਸੇ ਲੋੜਵੰਦ ਨੂੰ ਖੂਨ ਦੀ ਲੋੜ ਦਾ ਸੁਨੇਹਾ ਮਿਲਦਾ ਹੈ ਤਾਂ ਝੱਟ ਉੱਥੇ ਪੁੱਜ ਜਾਂਦੇ ਨੇ ਇਸੇ ਗੱਲ ਦਾ ਨਤੀਜਾ ਹੈ ਕਿ ਬਠਿੰਡਾ ਜ਼ਿਲ੍ਹਾ ਖੂਨਦਾਨ ਅਤੇ ਮੁੱਢਲੀ ਸਹਾਇਤਾ ‘ਚ ਯੋਗਦਾਨ ਪਾਉਣ ਲਈ ਪੰਜਾਬ ਭਰ ‘ਚੋਂ ਅੱਵਲ ਆਇਆ ਹੈ
ਇਸ ਪ੍ਰਾਪਤੀ ਬਦਲੇ ਭਾਰਤੀ ਰੈੱਡ ਕਰਾਸ ਸੁਸਾਇਟੀ ਪੰਜਾਬ ਰਾਜ ਸ਼ਾਖਾ ਦੇ ਪ੍ਰਧਾਨ ਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੂੰ ਚੰਡੀਗੜ੍ਹ ਵਿਖੇ ਬੀਤੇ ਦਿਨੀਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
Blood donate | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਹੋਈ ਸਾਲਾਨਾ ਜਨਰਲ ਮੀਟਿੰਗ ਦੌਰਾਨ ਬਠਿੰਡਾ ਜ਼ਿਲ੍ਹੇ ਦੀ ਰੈੱਡ ਕਰਾਸ ਸੁਸਾਇਟੀ ਨੂੰ ਪੰਜਾਬ ਭਰ ‘ਚੋਂ ਮੁੱਢਲੀ ਸਹਾਇਤਾ ਦੇਣ ਅਤੇ ਸਵੈ ਇੱਛੁਕ ਖ਼ੂਨਦਾਨ ਦੇ ਖ਼ੇਤਰ ‘ਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ‘ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਦਾ ਮੁੱਢਲੀ ਸਹਾਇਤਾ ‘ਚ ਰੈੱਡ ਕਰਾਸ ਸੁਸਾਇਟੀ ਨੂੰ ਸਹਿਯੋਗ ਦੇਣ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਿਲ੍ਹੇ ਭਰ ‘ਚ ਖ਼ੂਨਦਾਨ ਕੈਂਪ ਲਗਾਉਣ ਲਈ ਧੰਨਵਾਦ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਕੱਤਰ ਰੈੱਡ ਕਰਾਸ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਦੀ ਸਹਿਯੋਗ ਨਾਲ ਸੰਸਥਾ ਸੇਂਟ ਜਾੱਨ ਐਂਬੂਲੈਂਸ ਵੱਲੋਂ ਪਿਛਲੇ ਸਾਲ ਮੁੱਢਲੀ ਸਹਾਇਤਾ ਦੇਣ ਸਬੰਧੀ ਜ਼ਿਲ੍ਹੇ ਭਰ ‘ਚ ਇੱਕ ਵਿਸ਼ੇਸ਼ ਮਿਹੰਮ ਸਕੂਲਾਂ ਅਤੇ ਕਾਲਜਾਂ ‘ਚ ਚਲਾਈ ਗਈ ਸੀ।
ਇਸ ਮੁਹਿੰਮ ਅਧੀਨ 10047 ਸਕੂਲੀ ਵਿਦਿਆਰਥੀਆਂ ਅਤੇ ਪੇਂਡੂ ਖੇਤਰ ਨਾਲ ਸਬੰਧਤ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਕੇਂਦਰ ਦੇ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਵੱਲੋਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਨਾਲ ਜੁੜੇ ਉਘੇ ਖ਼ੂਨਦਾਨੀ ਰਾਜ ਕੁਮਾਰ ਜੋਸ਼ੀ ਨੂੰ ਵੀ ਸਮਾਜ ਸੇਵਾ ਤੇ ਖ਼ੂਨਦਾਨ ਦੇ ਖ਼ੇਤਰ ‘ਚ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਦੀ ਪ੍ਰੇਰਣਾ ਤੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਮਾਜ-ਸੇਵੀ ਸੰਸਥਾਵਾਂ ਵੱਲੋਂ ਸਾਲ 2017-2018 ਦੌਰਾਨ ਜ਼ਿਲ੍ਹੇ ‘ਚ 130 ਸਵੈ ਇੱਛੁਕ ਖ਼ੂਨਦਾਨ ਕੈਂਪ ਲਗਾ ਕੇ 9715 ਯੂਨਿਟਾਂ ਖ਼ੂਨ ਵੱਖ-ਵੱਖ ਬਲੱਡ ਬੈਂਕਾਂ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਸਾਲ 2018-2019 ਦੌਰਾਨ 124 ਖੂਨਦਾਨ ਕੈਂਪ ਲਗਾ ਕੇ 9120 ਯੂਨਿਟਾਂ ਖ਼ੂਨਦਾਨ ਕੀਤਾ ਗਿਆ।
ਇਸ ਮੀਟਿੰਗ ‘ਚ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਸੇਂਟ ਜਾੱਨ ਕੇਂਦਰ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ, ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ, ਅੰਬੂਜਾ ਸੀਮਿੰਟ ਫਾਂਊਡੇਸ਼ਨ ਤੋਂ ਮਾਨਵ ਮੇਟੀ, ਸੰਜੇ ਕੁਮਾਰ, ਸਿੱਖਿਆ ਵਿਭਾਗ ਤੋਂ ਮਾਸਟਰ ਬਲਜਿੰਦਰ ਸਿੰਘ ਤੇ ਬਲਕਰਨ ਸਿੰਘ, ਐੱਸ.ਐੱਮ.ਓ. ਗੋਨਿਆਣਾ ਡਾ.ਅਨਿਲ, ਡਾ. ਆਰਐੱਨ ਮਹੇਸ਼ਵਰੀ ਅਤੇ ਰਾਮਪੁਰਾ ਫੂਲ ਤੋਂ ਰਾਜ ਕੁਮਾਰ ਜੋਸ਼ੀ ਨੇ ਭਾਗ ਲਿਆ।
ਖੂਨਦਾਨ ‘ਚ ਡੇਰਾ ਸੱਚਾ ਸੌਦਾ ਦਾ ਹੈ ਅਹਿਮ ਯੋਗਦਾਨ
ਜ਼ਿਲ੍ਹਾ ਬਠਿੰਡਾ ‘ਚ ਖੂਨਦਾਨ ਦੇ ਖੇਤਰ ‘ਚ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਖੂਨਦਾਨ ਕਰਨ ਵਾਲੇ ਡੇਰਾ ਸ਼ਰਧਾਲੂਆਂ ਦੀਆਂ ਬਕਾਇਦਾ ਤੌਰ ‘ਤੇ ਬਲੱਡ ਗਰੁੱਪਾਂ ਤੇ ਮੋਬਾਇਲ ਨੰਬਰਾਂ ਸਮੇਤ ਸੂਚੀਆਂ ਬਣਾਈਆਂ ਹੋਈਆਂ ਹਨ ਜੋ ਲੋੜ ਪੈਣ ‘ਤੇ ਤੁਰੰਤ ਮੌਕੇ ‘ਤੇ ਪੁੱਜਕੇ ਖੂਨਦਾਨ ਕਰਦੇ ਹਨ ਬਠਿੰਡਾ ‘ਚ 27 ਫਰਵਰੀ 2019 ਨੂੰ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ 815 ਯੂਨਿਟ ਖ਼ੂਨਦਾਨ ਕੀਤਾ ਗਿਆ ਸੀ ਬਲਾਕ ਦੇ ਜਿੰਮੇਵਾਰ ਸੇਵਾਦਾਰਾਂ ਦਾ ਕਹਿਣਾ ਹੈ ਕਿ ਉਹ ਭਵਿੱਖ ‘ਚ ਵੀ ਇਸੇ ਤਰ੍ਹਾਂ ਖੂਨਦਾਨ ਕਰਦੇ ਰਹਿਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।