53 ਸਾਲਾਂ ਬਾਅਦ ਬਠਿੰਡਾ ’ਚ ਬਣਿਆ ਕਾਂਗਰਸ ਦਾ ਮੇਅਰ
ਬਠਿੰਡਾ, (ਸੁਖਜੀਤ ਮਾਨ) | 53 ਸਾਲਾਂ ਬਾਅਦ ਬਠਿੰਡਾ ਨਗਰ ਨਿਗਮ ’ਤੇ ਕਾਬਜ਼ ਹੋਈ ਕਾਂਗਰਸ ਨੇ ਅੱਜ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣ ਲਿਆ । ਇਸ ਚੋਣ ਦੌਰਾਨ ਮੇਅਰ ਵਜੋਂ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਡਿਪਟੀ ਮੇਅਰ ਵਜੋਂ ਮਾ. ਹਰਮੰਦਰ ਸਿੰਘ ਨੂੰ ਚੁਣਿਆ ਗਿਆ । ਬਠਿੰਡਾ ਨਿਗਮ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ ਹੈ । ਇਸ ਤੋਂ ਪਹਿਲਾਂ ਦੋ ਵਿਅਕਤੀ ਬਲਜੀਤ ਸਿੰਘ ਬੀੜ ਬਹਿਮਣ ਅਤੇ ਬਲਵੰਤ ਰਾਏ ਨਾਥ ਸ੍ਰੋਮਣੀ ਅਕਾਲੀ ਦਲ ਵੱਲੋਂ ਮੇਅਰ ਰਹਿ ਚੁੱਕੇ ਹਨ।
ਵੇਰਵਿਆਂ ਮੁਤਾਬਿਕ 17 ਫਰਵਰੀ ਨੂੰ ਆਏ ਨਿਗਮ ਚੋਣਾਂ ਦੇ ਨਤੀਜਿਆਂ ’ਚੋਂ ਬਠਿੰਡਾ ਦੇ 50 ਵਾਰਡਾਂ ’ਚੋਂ 43 ’ਚ ਕਾਂਗਰਸ ਦੇ ਅਤੇ 7 ’ਚੋਂ ਸੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤਕੇ ਕੌਂਸਲਰ ਬਣੇ ਸਨ। ਅੱਜ ਮੇਅਰ ਦੀ ਚੋਣ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਕਾਨਫਰੰਸ ਹਾਲ ’ਚ ਹੋਈ ਜਿੱਥੇ ਇਸ ਚੋਣ ਲਈ ਵਿਸ਼ੇਸ਼ ਆਬਜਰਵਰ ਦੇ ਤੌਰ ’ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ ਤੇ ਉਨਾਂ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਸਨ ।
ਮੇਅਰ ਦੇ ਨਾਂਅ ਵਜੋਂ ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਦੇ ਨਾਂਅ ਦੀ ਵੀ ਕਾਫੀ ਚਰਚਾ ਚੱਲ ਰਹੀ ਸੀ ਕਿਉਂਕਿ ਕਾਂਗਰਸ ਨੇ ਸ੍ਰੀ ਗਿੱਲ ਨੂੰ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਤੋਂ ਅਸਤੀਫਾ ਦਿਵਾ ਕੇ ਨਿਗਮ ਦੀ ਚੋਣ ਲੜਵਾਈ ਸੀ ਪਰ ਅੱਜ ਹੋਈ ਚੋਣ ਦੌਰਾਨ ਪਹਿਲੀ ਵਾਰ ਮਹਿਲਾ ਕੌਂਸਲਰ ਰਮਨ ਗੋਇਲ ਨੂੰ ਮੇਅਰ ਚੁਣ ਲਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਚੁਣੇ ਗਏ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਬਠਿੰਡਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀ ਬਿਹਤਰੀ ਲਈ ਉਨਾਂ ਦੀ ਸਾਰੀ ਟੀਮ ਰਲਮਿਲਕੇ ਕੰਮ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.