ਕਿਸਾਨਾਂ ਦੇ ਇਲਜਾਮ ਸਹੀਂ ਨਹੀਂ : ਐਕਸੀਅਨ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਕਿਸਾਨਾਂ ਨੂੰ ਝੋਨਾ ਲਾਉਣ ਤੋਂ ਰੋਕਣ ਲਈ ਨਹਿਰੀ ਵਿਭਾਗ ਨੇ ਚੁੱਪ ਚੁਪੀਤੇ ਬਠਿੰਡਾ ਨਹਿਰ ਬੰਦ ਕਰ ਦਿੱਤੀ ਹੈ। ਹਾਲਾਂਕਿ ਬੰਦੀ ਦਾ ਕਾਰਨ ਨਹਿਰ ਦੀ ਸਫਾਈ ਦੱਸਿਆ ਜਾ ਰਿਹਾ ਹੈ, ਪਰ ਕਿਸਾਨ ਇਸ ਨੂੰ ਕਿਸਾਨ ਯੂਨੀਅਨਾਂ ਵੱਲੋਂ 10 ਜੂਨ ਤੋਂ ਝੋਨਾ ਲਾਉਣ ਦੇ ਐਲਾਨ ਨਾਲ ਜੋੜ ਕੇ ਦੇਖ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਨਹਿਰੀ ਪਾਣੀ ਨਹੀਂ ਮਿਲਦਾ ਤਾਂ ਝੋਨੇ ਦੀ ਬਿਜਾਂਦ ਦਾ ਸੰਕਟ ਬਣ ਸਕਦਾ ਹੈ। ਵੱਡੀ ਸਮੱਸਿਆ ਟੇਲਾਂ ਤੇ ਪੈਂਦੇ ਪਿੰਡਾਂ ਨੂੰ ਆਵੇਗੀ, ਜਿੰਨ੍ਹਾਂ ਨੂੰ ਪਹਿਲਾਂ ਹੀ ਪਾਣੀ ਨਹੀਂ ਮਿਲ ਰਿਹਾ ਸੀ।
ਉਨ੍ਹਾਂ ਕਿਸਾਨਾਂ ਲਈ ਥੋੜ੍ਹੀ ਬਹੁਤੀ ਰਾਹਤ ਵਾਲੀ ਗੱਲ ਹੈ, ਜਿੰਨ੍ਹਾਂ ਕੋਲ ਟਿਊਬਵੈਲ ਕੁਨੈਕਸ਼ਨ ਹਨ, ਪਰ ਸਿਰਫ ਚਾਰ ਘੰਟੇ ਮਿਲਦੀ ਬਿਜਲੀ ਨਾਲ ਝੋਨਾ ਬੀਜਣਾ ਤਾਂ ਦੂਰ ਜਮੀਨ ਤਿਆਰ ਕਰਨਾ ਵੀ ਮੁਸ਼ਕਿਲ ਦਿਖਾਈ ਦਿੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਹਿਰ ਬੰਦ ਕਰਕੇ ਖੇਤੀ ਖੇਤਰ ਨਾਲ ਧਰੋਹ ਕਮਾਇਆ ਹੈ। ਖੇਤੀ ਮਹਿਕਮੇ ਨੇ ਪੰਜਾਬ ‘ਚ ਇਸ ਵਾਰ 28.5 ਲੱਖ ਹੈਕਟੇਅਰ ‘ਚ ਝੋਨੇ ਦੀ ਕਾਸ਼ਤ ਦਾ ਟੀਚਾ ਮਿਥਿਆ ਹੈ। ਮਾਲਵੇ ਦੇ ਕਪਾਹ ਪੱਟੀ ‘ਚ ਪੈਂਦੇ ਜਿਲ੍ਹਿਆਂ ‘ਚ ਨਹਿਰੀ ਪਾਣੀ ਨਾਂ ਮਿਲਣ ਕਰਕੇ ਨਰਮੇ ਹੇਠਲੇ ਰਕਬੇ ਨੂੰ ਵੱਡੀ ਸੱਟ ਵੱਜ ਗਈ ਹੈ, ਜਿਸ ਕਰਕੇ ਇੰਨ੍ਹਾਂ ਜਿਲ੍ਹਿਆਂ ‘ਚ ਝੋਨੇ ਹੇਠਲਾ ਰਕਬਾ ਸਵਾ ਲੱਖ ਹੈਕਟੇਅਰ ਵਧ ਸਕਦਾ ਹੈ।
ਦੱਸਣਯੋਗ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋਣ ਨਾਲ ਐਂਤਕੀਂ ਖੇਤੀਬਾੜੀ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਨੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ-ਵਾਟਰ ਐਕਟ 2009 (ਪੰਜਾਬ ਐਕਟ ਨੰਬਰ 6 ਆਫ 2009) ਤਹਿਤ ਨੋਟੀਫਿਕੇਸ਼ਨ ਜਾਰੀ ਕਰਕੇ ਝੋਨਾ ਲਾਉਣ ਲਈ ਤਰੀਕ 20 ਜੂਨ ਨਿਰਧਾਰਤ ਕਰ ਦਿੱਤੀ ਹੈ ਜੋ ਕਿ ਕਿਸਾਨਾਂ ਲਈ ਮੁਸ਼ਕਿਲ ਦਾ ਸਬੱਬ ਬਣ ਗਈ ਹੈ। ਸਰਕਾਰ ਦੇ ਇਸ ਫੈਸਲੇ ਦਾ ਤਿੱਖਾ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦਾ ਸੱਦਾ ਦਿੱਤਾ ਹੈ। ਜੱਥੇਬੰਦੀ ਨੇ ਐਲਾਨ ਕੀਤਾ ਹੈ ਕਿ ਜੋ ਵੀ ਅਧਿਕਾਰੀ ਝੋਨਾ ਬੀਜਣ ਤੋਂ ਰੋਕਣ ਜਾਂ ਬੀਜਿਆ ਝੋਨਾ ਵਾਹੁਣ ਲਈ ਆਉਣਗੇ, ਉਨ੍ਹਾਂ ਦਾ ਘਿਰਾਓ ਕੀਤਾ ਜਾਏਗਾ।
ਨਹਿਰੀ ਵਿਭਾਗ ਨੂੰ ਘੇਰਨ ਦਾ ਫੈਸਲਾ: ਕੋਕਰੀ ਕਲਾਂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਫੈਸਲੇ ਨਾਲ ਲੱਖਾਂ ਹੈਕਟੇਅਰ ਰਕਬੇ ‘ਚ ਬਿਜਾਂਦ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਉਨ੍ਹਾਂ ਆਖਿਆ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਖੇਤਰ ਲਈ ਪੂਰੀ ਬਿਜਲੀ ਲੈਣ ਖਾਤਰ ਪੰਜਾਬ ਭਰ ‘ਚ ਸੋਮਵਾਰ ਤੋਂ ਧਰਨੇ ਲਾਉਣ ਦੀ ਪ੍ਰੋਗਰਾਮ ਹੈ, ਪਰ ਹੁਣ ਨਹਿਰੀ ਵਿਭਾਗ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦਾ ਇਹ ਤੁਗਲਕੀ ਫੈਸਲਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ।