ਬਠਿੰਡਾ (ਅਸ਼ੋਕ ਵਰਮਾ) | ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਬਠਿੰਡਾ (ਸ਼ਹਿਰੀ) ਹਲਕੇ ‘ਚ ਸ਼ਬਦੀ ਜੰਗ ਛਿੜ ਪਈ ਹੈ ਦੋਵਾਂ ਨੇ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਬਠਿੰਡਾ ਏਮਜ਼ ਮਾਮਲੇ ਨੂੰ ਲੈਕੇ ਇੱਕ ਦੂਸਰੇ ਖਿਲਾਫ਼ ਮੁੱਢਲੇ ਦੌਰ ‘ਚ ਹੀ ਮੋਰਚਾ ਖੋਲ੍ਹ ਲਿਆ ਹੈ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪ੍ਰੋਗਰਾਮਾਂ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਦੋਂ ਕਿ ਹਰਸਿਮਰਤ ਬਾਦਲ ਸ਼ਨੀਵਾਰ ਨੂੰ ਆਪਣੇ ਦਿਓਰ ਖਿਲਾਫ ਏਮਜ਼ ਨੂੰ ਲੈਕੇ ਕਾਫੀ ਤਿੱਖੀਆਂ ਟਿੱਪਣੀਆਂ ਕਰ ਚੁੱਕੇ ਹਨ
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ 29 ਹਜ਼ਾਰ ਵੋਟਾਂ ਘੱਟ ਪਈਆਂ ਸਨ ਅਤੇ ਮਨਪ੍ਰੀਤ ਦੀ ਇਸ ਲੀਡ ਦੀ ਚੀਸ ਹਾਲੇ ਹਰਸਿਮਰਤ ਨੂੰ ਭੁੱਲੀ ਨਹੀਂ ਹੈ ਹਰਸਿਮਰਤ ਕੌਰ ਵੱਲੋਂ ਅਗਾਮੀ ਦਿਨਾਂ ਵਿੱਚ ਸਭ ਤੋਂ ਵੱਧ ਚੋਣ ਪ੍ਰਚਾਰ ਬਠਿੰਡਾ ਸ਼ਹਿਰੀ ਹਲਕੇ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ ਆਉਂਦੇ ਦਿਨਾਂ ਵਿੱਚ ਹਰਸਿਮਰਤ ਤੇ ਮਨਪ੍ਰੀਤ ਦਰਮਿਆਨ ਸਿੱਧੀ ਨੋਕ ਝੋਕ ਹੋਰ ਵਧਣ ਦੀ ਸੰਭਾਵਨਾ ਹੈ ਇੱਧਰ ਮਨਪ੍ਰੀਤ ਬਾਦਲ ਵੀ ਸਿੱਧੇ ਟਾਕਰੇ ਵਿੱਚ ਆਉਣ ਦੇ ਮੂਡ ਵਿੱਚ ਦਿਖਾਈ ਦਿੱਤੇ ਮਨਪ੍ਰੀਤ ਬਾਦਲ ਨੇ ਅੱਜ ਕੇਂਦਰੀ ਮੰਤਰੀ ਵੱਲੋਂ ਏਮਜ਼ ਦੇ ਮੁੱਦੇ ‘ਤੇ ਸੂਬਾ ਸਰਕਾਰ ਖਿਲਾਫ਼ ਲਾਏ ਜਾ ਦੋਸ਼ਾਂ ਨੂੰ ਝੂਠੇ ਕਰਾਰ ਦਿੰਦਿਆਂ ਕਿਹਾ ਕਿ ਏਮਜ਼ ਦੀ ਉਸਾਰੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਣੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਪੂਰਾ ਭਰੋਸਾ ਅਤੇ ਸਹਿਯੋਗ ਦਿੱਤਾ ਪਰ ਹੁਣ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਬਟੋਰਨ ਲਈ ਹਰਸਿਮਰਤ ਬਾਦਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਏਮਜ਼ ਦੀ ਉਸਾਰੀ ਵਿੱਚ ਦੇਰੀ ਲਈ ਕਾਂਗਰਸ ਸਰਕਾਰ ਨਹੀਂ, ਸਗੋਂ ਕੇਂਦਰੀ ਮੰਤਰੀ ਤੇ ਉਨ੍ਹਾਂ ਦੀ ਕੇਂਦਰ ਸਰਕਾਰ ਦੋਸ਼ੀ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਸਿਆਸੀ ਲਾਹੇ ਖਾਤਰ ਪ੍ਰੋਜੈਕਟ ਸ਼ੁਰੂ ਕਰਨ ਲਈ ਬੇਲੋੜੀ ਦੇਰੀ ਕੀਤੀ ਗਈ ਤੇ ਹੁਣ ਕਾਂਗਰਸ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ
ਓਧਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਇੱਕ ਵਾਰ ਫ਼ਿਰ ਆਪਣੇ ਵਿਰੋਧੀਆਂ ਦੇ ਕਿਲੇ ‘ਚ ਸੰਨ੍ਹ ਲਾਉਣ ਵਿਚ ਸਫਲ ਹੋ ਗਏ ਹਨ ਕਾਂਗਰਸੀ ਹਲਕਿਆਂ ਨੇ ਦਾਅਵਾ ਕੀਤਾ ਹੈ ਕਿ ਵਾਰਡ ਨੰਬਰ ਇੱਕ ਵਿੱਚ ਪੈਂਦੇ ਸੁੱਚਾ ਸਿੰਘ ਨਗਰ ਦੇ ਕਰੀਬ ਇੱਕ ਸੌ ਪਰਿਵਾਰ ਕਾਂਗਰਸ ‘ਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਸਬੰਧ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨਾਲ ਸੀ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਰੀਬ ਦਸ ਮੌਜੂਦਾ ਕੌਂਸਲਰਾਂ ਵੱਲੋਂ ਵੀ ਕਾਂਗਰਸ ਪਾਰਟੀ ਦਾ ਹੱਥ ਫੜਿਆ ਜਾ ਚੁੱਕਿਆ ਹੈ ਵਿੱਤ ਮੰਤਰੀ ਨੇ ਅੱਜ ਵਾਰਡ ਨੰਬਰ ਇੱਕ ਦੇ ਨਿਵਾਸੀ ਅਤੇ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਵੱਲੋਂ ਰੱਖੇ ਪ੍ਰੋਗਰਾਮ ‘ਚ ਸ਼ਾਮੂਲੀਅਤ ਕੀਤੀ ਅਤੇ ਇਨ੍ਹਾਂ ਪਰਿਵਾਰਾਂ ਦਾ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪਾਰਟੀ ‘ਚ ਪੂਰਾ ਮਾਣ ਸਤਿਕਾਰ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਜੈਜੀਤ ਜੌਹਲ, ਕੌਂਸਲਰ ਜਗਰੂਪ ਸਿੰਘ ਗਿੱਲ, ਸਾਬਕਾ ਪ੍ਰਧਾਨ ਮੋਹਨ ਲਾਲ ਝੂੰਬਾ, ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਚਮਕੌਰ ਮਾਨ, ਸੀਨੀਅਰ ਕਾਂਗਰਸੀ ਨੇਤਾ ਕੇ. ਕੇ. ਅਗਰਵਾਲ ਤੇ ਰਾਜਨ ਗਰਗ, ਐੱਸ. ਸੀ. ਮਲਕੀਤ ਸਿੰਘ, ਬੇਅੰਤ ਸਿੰਘ, ਜਸਵੀਰ ਕੌਰ, ਅਸ਼ਵਨੀ ਬੰਟੀ, ਜਸਵੀਰ ਸਿੰਘ ਜੱਸਾ, ਮਾਸਟਰ ਹਰਮੰਦਰ ਸਿੰਘ, ਬਲਜੀਤ ਸਿੰਘ ਰਾਜੂ ਸਰਾਂ ਤੇ ਪਰਦੀਪ ਗੋਇਲ ਆਦਿ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।