ਬਰਨਾਲਾ (ਗੁਰਪ੍ਰੀਤ ਸਿੰਘ)। ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀ ਬਰਨਾਲਾ ਦੀ ‘ਗੋਲਡਨ ਗਰਲ’ (Golden Girl) ਰਮਨਦੀਪ ਕੌਰ ਜੋਤੀ ਇੰਸਾਂ ਆਪਣੇ ਖੇਡ ਹੁਨਰ ਰਾਹੀਂ ਸਫ਼ਲਤਾ ਦੀਆਂ ਪੌੜੀਆਂ ਸਰ ਕਰਦੀ ਜਾ ਰਹੀ ਹੈ। ਨੈਸ਼ਨਲ ਤੱਕ ਨੈੱਟਬਾਲ ਵਿੱਚ ਖੇਡ ਚੁੱਕੀ ਰਮਨਦੀਪ ਕੌਰ ਇੰਸਾਂ ਦਾ ਸੁਫਨਾ ਹੈ ਕਿ ਉਹ ਨੈੱਟਬਾਲ ਦੀ ਟੀਮ ’ਚ ਭਾਰਤ ਦੀ ਅਗਵਾਈ ਕਰੇ ਅਤੇ ਇਸ ਲਈ ਉਹ ਦਿਨ-ਰਾਤ ਪੜ੍ਹਾਈ ਦੇ ਨਾਲ-ਨਾਲ ਆਪਣੀ ਖੇਡ ਪ੍ਰੈਕਟਿਸ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀ ਹੈ। ‘ਸੱਚ ਕਹੂੰ’ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ 19 ਵਰ੍ਹਿਆਂ ਦੀ ਲੜਕੀ ਰਮਨਦੀਪ ਕੌਰ ਇੰਸਾਂ ਨੇ ਦੱਸਿਆ ਕਿ ਉਸ ਦਾ ਜਨੂੰਨ ਸ਼ੁਰੂ ਤੋਂ ਹੀ ਨੈੱਟਬਾਲ ਖੇਡ ਵਿੱਚ ਰਿਹੈ ਜਿਸ ਕਾਰਨ ਉਸ ਨੇ ਬਚਪਨ ਵਿੱਚ ਹੀ ਇਸ ਖੇਡ ਨੂੰ ਅਪਣਾ ਲਿਆ ਸੀ। ਉਸ ਨੇ ਦੱਸਿਆ ਕਿ ਸਕੂਲੀ ਪੜ੍ਹਾਈ ਦੇ ਨਾਲ-ਨਾਲ ਉਸ ਨੇ ਇਸ ਖੇਡ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ।
ਰਮਨਦੀਪ (Golden Girl) ਨੇ ਦੱਸਿਆ ਕਿ 2017 ’ਚ ਉਸ ਨੇ ਨੈੱਟਬਾਲ ਦੀ ਟੀਮ ਦੇ ਨਾਲ ਆਪਣਾ ਪਹਿਲਾ ਮੈਚ ਖੇਡਿਆ ਜਿਸ ਦਾ ਨਤੀਜਾ ਬੇਹੱਦ ਵਧੀਆ ਰਿਹਾ। ਇਸ ਤੋਂ ਬਾਅਦ ਉਸ ਦੀ ਚੋਣ ਬਲਾਕ ਪੱਧਰੀ ਤੇ ਬਲਾਕ ਤੋਂ ਜ਼ਿਲ੍ਹਾ ਪੱਧਰੀ ਟੀਮ ਵਿੱਚ ਹੋ ਗਈ। ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਉਨ੍ਹਾਂ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ ਅਤੇ ਫਿਰ ਉਸ ਦੀ ਚੋਣ ਸੂਬਾ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਵਿੱਚ ਹੋ ਗਈ। ਇਹ ਮੁਕਾਬਲੇ ਮੱਧ ਪ੍ਰਦੇਸ਼ ਵਿੱਚ ਹੋਏ। ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਟੀਮ ਨੇ ਗੋਲਡ ਮੈਡਲ ਹਾਸਲ ਕੀਤਾ। ਇਸ ਪਿੱਛੋਂ ਉਸ ਦੀ ਚੋਣ ਨੈਸ਼ਨਲ ਪੱਧਰ ਦੇ ਮੁਕਾਬਲੇ ’ਚ ਹੋ ਗਈ ਜਿਹੜਾ ਛੱਤੀਸਗੜ੍ਹ ਵਿਖੇ ਹੋਇਆ। ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਧੀ ਨੇ ਵੀ ਕਦੇ ਵੀ ਨਿਰਾਸ਼ ਨਹੀਂ ਕੀਤਾ
ਰਮਨਦੀਪ ਕੌਰ ਇੰਸਾਂ ਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੈ। ਰਮਨਦੀਪ ਕੌਰ ਦੇ ਪਿਤਾ ਗੁਰਪ੍ਰੀਤ ਸਿੰਘ ਇੰਸਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੀ ਧੀ ਦੀ ਪ੍ਰਾਪਤੀ ’ਤੇ ਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਨ੍ਹਾਂ ਨੇ ਆਪਣੀ ਧੀ ਨੂੰ ਇੱਕ ਸਾਜ਼ਗਾਰ ਮਾਹੌਲ ਦਿੱਤਾ ਅਤੇ ਉਸ ਦੀ ਧੀ ਨੇ ਵੀ ਕਦੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ, ਸਗੋਂ ਹਰ ਮੁਕਾਬਲੇ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਰਮਨਦੀਪ ਕੌਰ ਦੀ ਮਾਂ ਸ਼ਿੰਦਰਪਾਲ ਕੌਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਆਪਣੀ ਧੀ ’ਤੇ ਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੁੰਡੇ-ਕੁੜੀ ਵਿੱਚ ਕੋਈ ਫਰਕ ਨਹੀਂ, ਅੱਜ-ਕੱਲ੍ਹ ਕੁੜੀਆਂ ਹਰ ਖੇਤਰ ’ਚ ਮੁੰਡਿਆਂ ਨਾਲ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ।
ਜ਼ਿਲ੍ਹਾ ਪੱਧਰ ’ਤੇ ਰਮਨਦੀਪ ਦਾ ਕਈ ਵਾਰ ਹੋਇਆ ਸਨਮਾਨ
ਆਪਣੀ ਖੇਡ ਦੇ ਦਮ ’ਤੇ ਰਮਨਦੀਪ ਕੌਰ ਦਾ ਕਈ ਵਾਰ ਜ਼ਿਲ੍ਹਾ ਪੱਧਰ ’ਤੇ ਸਨਮਾਨ ਹੋਇਆ ਹੈ। ਉਸ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਟੀਚੇ ਦੀ ਪ੍ਰਾਪਤੀ ਲਈ ਜੁਟੀ ਹੋਈ ਹੈ।