ਬਰਨਾਲਾ ਪੁਲਿਸ ਵੱਲੋਂ 14 ਪੁਰਸਾਂ ਤੇ 2 ਔਰਤਾਂ ਖਿਲਾਫ਼ ਮੁਕੱਦਮਾ ਦਰਜ਼, 8 ਗਿਫ਼ਤਾਰ  

ਇੱਕ ਵੱਖਰੇ ਮਾਮਲੇ ‘ਚ ਇੱਕ ਨੂੰ ਇੱਕ ਕਿਲੋਗ੍ਰਾਮ ਅਫ਼ੀਮ ਸਮੇਤ ਕੀਤਾ ਕਾਬੂ

ਬਰਨਾਲਾ, (ਜਸਵੀਰ ਸਿੰਘ ਗਹਿਲ) ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਹਸਪਤਾਲ ‘ਚ ਬੰਦੀ ਬਣਾਉਣ ਪਿੱਛੋਂ ਹਸਪਤਾਲ ਅੰਦਰ ਹੀ ਹੁੱਲੜਬਾਜ਼ੀ ਕਰਨ ਦੇ ਮਾਮਲੇ ‘ਚ ਬਰਨਾਲਾ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਗੁਆਂਢੀਆਂ ਤੇ ਰਿਸਤੇਦਾਰਾਂ ‘ਚੋਂ 14 ਪੁਰਸਾਂ ਤੇ 2 ਔਰਤਾਂ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਜਿੰਨਾਂ ‘ਚੋਂ 8 ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇੱਕ ਵੱਖਰੇ ਮਾਮਲੇ ‘ਚ ਪੁਲਿਸ ਨੇ ਇੱਕ ਨੂੰ ਕਿਲੋਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ।

ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏਸੀਪੀ ਪ੍ਰੀਗਿੱਆ ਜੈਨ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਥਾਣਾ ਸਿਟੀ ਬਰਨਾਲਾ ਵੱਲੋਂ ਦਰਖਾਸਤ ਮਿਲਣ ‘ਤੇ ਸੀਨੀਅਰ ਮੈਡੀਕਲ ਅਫਸ਼ਰ ਡਾਕਟਰ ਤਪਿੰਦਰਜੋਤ ਕੌਂਸਲ ਨੇ ਲਾਸ਼ ਦਾ ਪੋਸਟਮਾਰਟਮ ਕਰਨ ਲਈ ਡਾ. ਭਾਰਤੀ ਸਿੰਗਲਾ ਮੈਡੀਕਲ ਅਫਸਰ ਦੀ ਡਿਊਟੀ ਲਗਾਈ ਸੀ।

ਜਿਸ ਨੇ ਇਸ ਕੇਸ ਵਿੱਚ ਬੋਰਡ ਬਣਾਉਣ ਦੀ ਮੰਗ ਕੀਤੀ, ਜਿਨ੍ਹਾਂ ਦੀ ਮੰਗ ‘ਤੇ ਬੋਰਡ ਤਿਆਰ ਕੀਤਾ ਗਿਆ ਜਿਸ ‘ਚ 2 ਹੋਰ ਡਾਕਟਰ ਹਰੀਸ਼ ਕੁਮਾਰ ਅਤੇ ਡਾਕਟਰ ਸਵੀਨਾ ਦਾਦੂ ਦੀ ਡਿਊਟੀ ਲਗਾਈ ਗਈ। ਉਨਾਂ ਦੱਸਿਆ ਕਿ ਡਾਕਟਰਾਂ ਦੇ ਇਸ ਬੋਰਡ ਵਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਫੌਰੈਂਸਿਕ ਡਿਪਾਰਟਮੈਟ ਪਟਿਆਲਾ ਤੋਂ ਕਰਵਾਉਣ ਲਈ ਕਿਹਾ ਗਿਆ। ਪ੍ਰੰਤੂ ਸੀਨੀਅਰ ਮੈਡੀਕਲ ਅਫਸ਼ਰ ਵੱਲੋਂ ਬੋਰਡ ਨੂੰ ਦੁਬਾਰਾ ਪੋਸਟਮਾਰਟਮ ਕਰਨ ਦੀ ਹਦਾਇਤ ਕੀਤੀ ਗਈ।

ਜਿਸ ‘ਤੇ ਬੋਰਡ ਨੇ ਫੌਰੈਂਸਿਕ ਅਕਸਪਰਟ ਦੀ ਰਾਇ ਲੈਣ ਲਈ ਆਪਣੀ ਰਿਪੋਰਟ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਹਸਪਤਾਲ ਅੰਦਰ ਹੀ ਹੁੱਲੜਬਾਜੀ ਸ਼ੁਰੂ ਕਰ ਦਿੱਤੀ ਅਤੇ ਐਸਐਮਓ ਦੇ ਦਫਤਰ ਅੰਦਰ ਹੀ ਬੋਰਡ ਦੇ ਮੈਬਰਾਂ ਅਤੇ ਹੋਰ ਸਟਾਫ ਨਾਲ ਐਸਐਮਓ ਨੂੰ ਵੀ ਉਸਦੇ ਦਫਤਰ ‘ਚ ਹੀ ਬੰਦ ਕਰ ਦਿੱਤਾ ਅਤੇ ਸਾਜਿਸ਼ ਤਹਿਤ ਮੋਰਚਰੀ ਦਾ ਜਿੰਦਰਾ ਤੋੜ ਕੇ ਬਲਵਿੰਦਰ ਸਿੰਘ ਦੀ ਲਾਸ਼ ਨੂੰ ਚੁੱਕ ਕੇ ਲੈ ਗਏ।

ਜਿਸਦੇ ਆਧਾਰ ‘ਤੇ ਮੁਕੱਦਮਾ ਨੰਬਰ 326 ਮਿਤੀ 25-06-2020 ਅ / ਧ 297,454,353,186,342,270 , 120 ਬੀ , 188 ਹਿੰ : ਦੰ : ਅਤੇ 51 ਡਿਜਾਸਟਰ ਮੈਨੇਜਮੈਟ ਐਕਟ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕੀਤਾ ਗਿਆ। ਜਿਸ ਪਿੱਛੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਰਾਹੀਂ ਸਨਾਖ਼ਤ ਕਰਕੇ 14 ਪੁਰਸ ਅਤੇ 2 ਔਰਤਾਂ ਨੂੰ ਦੋਸੀਆਂ ਵਜੋਂ ਨਾਮਜਦ ਕੀਤਾ ਗਿਆ।

ਜਿੰਨਾ ‘ਚੋਂ ਗੁਰਬਖਸੀਸ ਸਿੰਘ ਪੁੱਤਰ ਮੁਖਤਿਆਰ ਸਿੰਘ, ਰਣਜੀਤ ਸਿੰਘ ਪੁੱਤਰ ਨਾਜਰ ਸਿੰਘ, ਜਸਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ, ਬਲਦੇਵ ਸਿੰਘ ਪੁੱਤਰ ਬਚਿੱਤਰ ਸਿੰਘ, ਗੁਰਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਮੀਤ ਸਿੰਘ ਤੇ ਗਮਦੂਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਸੰਧੂ ਪੱਤੀ ਬਰਨਾਲਾ, ਗੁਰਮੀਤ ਸਿੰਘ ਉਰਫ ਮੀਤਾ ਪੁੱਤਰ ਬਿੱਕਰ ਸਿੰਘ ਵਾਸੀ ਗੱਗੜਪੁਰ, ਗੁਰਮੇਲ ਸਿੰਘ ਪੰਚ ਪੁੱਤਰ ਗੋਬਿੰਦਰ ਸਿੰਘ ਨਾਈਵਾਲਾ ਰੋਡ ਬਰਨਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਤੋਂ ਇਲਾਵਾ ਇੱਕ ਵੱਖਰੇ ਮਾਮਲੇ ‘ਚ ਪੁਲਿਸ ਨੇ ਹਰਵਿੰਦਰ ਸਿੰਘ ਵਾਸੀ ਜੰਡਾ ਵਾਲਾ ਰੋਡ ਬਰਨਾਲਾ ਨੂੰ ਉਸਦੀ ਆਪਣੀ ਸਕਾਰਪਿਓ ਗੱਡੀ ਤੇ ਕਿਲੋਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਹਰਵਿੰਦਰ ਸਿੰਘ ਬਾਹਰਲੀ ਸਟੇਟ ਤੋਂ ਅਫ਼ੀਮ ਲਿਆ ਕੇ ਵੇਚਦਾ ਹੈ। ਜਿਸ ਨੂੰ ਸੀਆਈਏ ਬਰਨਾਲਾ ਦੀ ਪੁਲਿਸ ਪਾਰਟੀ ਨੇ ਧਨੌਲਾ- ਬਰਨਾਲਾ ਨੈਸਨਲ ਹਾਈਵੇ ਓਵਰ ਬਰਿੱਜ਼ ‘ਤੇ ਲਾਗਿਓਂ ਗ੍ਰਿਫ਼ਤਾਰ ਕੀਤਾ ਹੈ। ਜਿਸ ਦੇ ਖਿਲਾਫ਼ ਥਾਣਾ ਲੌਂਗੋਵਾਲ ਤੇ ਥਾਣਾ ਬਰਨਾਲਾ ਵਿਖੇ ਵੀ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ਼ ਹਨ। ਇਸ ਮੌਕੇ ਡੀਐਸਪੀ ਡੀ ਲਖਵੀਰ ਸਿੰਘ ਤੇ ਸੀਆਈਏ ਇੰਚਾਰਜ਼ ਬਲਜੀਤ ਸਿੰਘ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ