ਬਾਪੂ ਦੀ ਤਾਰਿਆਂ ਵਾਲੀ ਜਮਾਤ

ਬਾਪੂ ਦੀ ਤਾਰਿਆਂ ਵਾਲੀ ਜਮਾਤ

ਤਾਰਿਆਂ ਦੀ ਦੁਨੀਆਂ ਵੀ ਬੜੀ ਅਜੀਬ ਤੇ ਹੁਸੀਨ ਹੈ। ਇਹ ਨੀਲੇ ਕਾਲੇ ਅਸਮਾਨ ਵਿੱਚ ਮਸ਼ਾਲਾਂ ਵਾਂਗ ਬਲ਼ਦੇ ਉਹ ਚਿੱਟੇ ਚਿਰਾਗ ਨੇ ਜੋ ਬ੍ਰਹਿਮੰਡ ਨੂੰ ਖੂਬਸੂਰਤ ਕਰਦੇ ਹਨ । ਟਿਕੀ ਰਾਤ ਵਿੱਚ ਚਮਕ ਵਿਖੇਰ ਆਕਾਸ਼ ਨੂੰ ਰੰਗੀਨ ਕਰਨਾ ਤਾਰਿਆਂ ਦਾ ਗੁਣ ਹੈ, ਜਿਸ ਦਾ ਅਹਿਸਾਸ ਇਨ੍ਹਾਂ ਦੇ ਅਦਿੱਖ ਹੋਣ ’ਤੇ ਹੀ ਹੁੰਦਾ ਹੈ। ਭਾਵੇਂ ਲੱਖਾਂ ਤਾਰੇ ਸੂਰਜ ਤੋਂ ਵੀ ਕਈ ਗੁਣਾ ਵੱਡੇ ਹਨ ਪਰ ਧਰਤ ਤੋਂ ਇਹ ਨਿੱਕੇ ਦੀਵੇ ਲੱਗਦੇ ਹਨ ਜਿੰਨ੍ਹਾਂ ਦੀ ਲੋਅ ਰੂਹ ਨੂੰ ਸੀਤਲਤਾ ਤੇ ਸ਼ਾਂਤੀ ਨਾਲ ਭਰਦੀ ਹੈ। ਇਨ੍ਹਾਂ ਦਾ ਹੌਲੇ ਜਿਹੇ ਟਿਮਟਿਮਾਉਣਾ ਤੇ ਜਗਣਾ-ਬੁਝਣਾ ਮਨ ਨੂੰ ਖਿੱਚ ਪਾਉਂਦਾ ਹੈ।

ਘੁੱਪ ਹਨ੍ਹੇਰੇ ਵਿੱਚ ਜਗਦਾ ਇੱਕ ਤਾਰਾ ਹਜ਼ਾਰਾਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਵਿੱਚ ਵੀ ਘਬਰਾਹਟ ਭੁੱਲ ਸੰਘਰਸ਼ ਕਰਦੇ ਰਹਿਣ ਦੀ ਗਵਾਹੀ ਭਰਦਾ ਹੈ ਇਹ ਖੁਦ ਬਲ਼ ਕੇ ਹੋਰਾਂ ਦੇ ਹਨ੍ਹੇਰੇ ਜੀਵਨ ਨੂੰ ਰੁਸ਼ਨਾਉਣ ਤੇ ਉਨ੍ਹਾਂ ਲਈ ਰਾਹ-ਦਸੇਰਾ ਬਣਨ ਦੀ ਪ੍ਰੇਰਨਾ ਨੂੰ ਨਿਰੰਤਰ ਵਿਕਸਤ ਕਰਦੇ ਹਨ। ਇਨ੍ਹਾਂ ਅੰਦਰ ਵੱਸਦੀ ਅਥਾਹ ਊਰਜਾ ਮਨੁੱਖ ਨੂੰ ਆਪਣੀਆਂ ਸ਼ਕਤੀਆਂ ਤੇ ਤਾਕਤਾਂ ਨੂੰ ਸੀਮਾਵਾਂ ਵਿੱਚ ਜਕੜ ਕੇ ਰੱਖਣ ਦਾ ਸਬਕ ਸਿਖਾਉਂਦੀ ਹੈ। ਇਹ ਰਹੱਸਮਈ ਕੁਦਰਤ ਦਾ ਉਹ ਨਿੱਕਾ ਹਿੱਸਾ ਹਨ ਜੋ ਪਰਬਤ, ਪਹਾੜ, ਜੰਗਲ, ਝੀਲਾਂ ਤੇ ਨਦੀਆਂ ਆਦਿ ਨਾਲ ਮਿਲ ਕੇ ਇਸ ਨੂੰ ਵਿਲੱਖਣ ਤੇ ਸੁੰਦਰ ਦਿੱਖ ਬਖਸ਼ਦੇ ਹਨ ।

  • ਇਹ ਸੂਰਜ, ਚੰਨ, ਅਸਮਾਨ ਤੇ ਤਾਰੇ
  • ਕਿੰਨੇ ਹੁਸੀਨ ਹਨ ਸਾਰੇ।
  • ਧਰਤ, ਪਰਬਤ, ਪਹਾੜ ਤੇ ਜੰਗਲ
  • ਕੁਦਰਤ ਦੇ ਸਭ ਅਜਬ ਨਜ਼ਾਰੇ।
  • ਬਿਰਖ, ਪੌਣ, ਪਾਣੀ ਤੇ ਨਦੀਆਂ
  • ਗਾਵਣ ਗੀਤ ਮਿਲ ਆਪ-ਮੁਹਾਰੇ।

ਸਾਡੇ ਸਾਇੰਸ ਅਧਿਆਪਕ ਬ੍ਰਹਿਮੰਡ ਬਾਰੇ ਬੜੇ ਚਾਅ ਨਾਲ ਪੜ੍ਹਾਉਂਦੇ। ਸਾਰੇ ਉਨ੍ਹਾਂ ਨੂੰ ਪਿਆਰ ਨਾਲ ਬਾਈ ਕਹਿੰਦੇ। ਉਹ ਤਾਰਿਆਂ ਦੀ ਤੁਲਨਾ ਮਨੁੱਖਾਂ ਨਾਲ ਕਰਦੇ। ਜਜ਼ਬਾਤੀ ਜਿਹੇ ਹੋ ਅਕਸਰ ਦੱਸਦੇ ਕਿ ਤਾਰੇ ਵੀ ਬਿਲਕੁਲ ਸਾਡੇ ਵਰਗੇ ਹਨ। ਇਹ ਜੰਮਦੇ ਵੀ ਨੇ ਤੇ ਮਰਦੇ ਵੀ। ਗਤੀ ਵੀ ਕਰਦੇ ਨੇ ਤੇ ਠਹਿਰਾਵ ਵੀ। ਖੁਸ਼ੀਆਂ ’ਚ ਚਮਕਦੇ ਨੇ ਤੇ ਦੁੱਖਾਂ ’ਚ ਟੁੱਟ ਕੇ ਖਿੱਲਰ ਵੀ ਜਾਂਦੇ ਹਨ। ਇਹ ਪੁਰਸ਼ਾਂ ਦੀ ਤਰ੍ਹਾਂ ਇਕੱਲਤਾ ਨੂੰ ਹੰਢਾਉਣ ਤੋਂ ਡਾਹਢਾ ਡਰਦੇ ਨੇ।

ਇਸ ਲਈ ਝੁੰਡਾਂ ਵਿੱਚ ਵਿਚਰਨਾ ਇਨ੍ਹਾਂ ਦਾ ਪੈਦਾਇਸ਼ੀ ਸੁਭਾਅ ਹੈ। ਜਿਉਣ ਲਈ ਇਹ ਵੀ ਸਾਡੇ ਵਾਂਗ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੇ ਹਨ। ਉਦੋਂ ਭਾਵੇਂ ਇਹ ਗੱਲਾਂ ਹੈਰਾਨ ਕਰਦੀਆਂ, ਪਰ ਸਨ ਸੱਚ। ਇੱਕ ਦਿਨ ਮੇਰੇ ਜਮਾਤੀ ਨੇ ਉਨ੍ਹਾਂ ਨੂੰ ਸਹਿਮੇ ਜਿਹੇ ਪੁੱਛ ਲਿਆ, ‘‘ਸਰ ਕੀ ਤਾਰੇ ਵੀ ਪੜ੍ਹਦੇ ਨੇ?’’ ਪ੍ਰਸ਼ਨ ਸੁਣ ਪੂਰੀ ਜਮਾਤ ਵਿੱਚ ਹਾਸਾ ਪਸਰ ਗਿਆ। ਬਾਈ ਜੀ ਦਾ ਗੰਭੀਰ ਚਿਹਰਾ ਵੀ ਖੁਸ਼ੀ ਨਾਲ ਭਰ ਗਿਆ।

ਮੈਂ ਪਹਿਲੀ ਵਾਰ ਉਨ੍ਹਾਂ ਨੂੰ ਹੱਸਦੇ ਦੇਖਿਆ ਸਭ ਨੂੰ ਚੁੱਪ ਕਰਾ ਫਿਰ ਉਨ੍ਹਾਂ ਸਮਝਾਇਆ ਕਿ, ‘‘ਪੁੱਤਰੋ! ਤਾਰੇ ਪੜ੍ਹਦੇ ਤਾਂ ਬੇਸ਼ੱਕ ਨਹੀਂ, ਪਰ ਤਾਰੇ ਬਣਨ ਲਈ ਬਹੁਤ ਸਾਰਾ ਪੜ੍ਹਨਾ ਜਰੂਰ ਪੈਂਦਾ ਹੈ। ਰਾਤਾਂ ਜਾਗ ਮਿਹਨਤ ਕਰਨੀ ਪੈਂਦੀ ਹੈ ਤੇ ਤਾਰਿਆਂ ਦੀ ਛਾਵੇਂ ਪਸੀਨੇ ਨਾਲ ਨਹਾਉਣਾ ਪੈਂਦਾ ਹੈ । ਫਿਰ ਹੀ ਕੋਈ ਲਿੰਕਨ ਬਣ ਨਿੱਕਲਦਾ ਹੈ ਜੋ ਲਿਖੇ ਮੁਕੱਦਰਾਂ ਨੂੰ ਮਿਟਾ ਕੇ ਨਵੀਆਂ ਇਬਾਰਤਾਂ ਉੱਕਰਦਾ ਹੈ। ਅਜਿਹੀਆਂ ਹਸਤੀਆਂ ਨੂੰ ਹੀ ਕੁੱਲ ਲੋਕਾਈ ਸਟਾਰ ਆਖ ਉਮਰਾਂ ਬੱਧੀ ਯਾਦ ਕਰਦੀ ਹੈ।’’

ਬਾਪੂ ਦਾ ਵੀ ਤਾਰਿਆਂ ਨਾਲ ਅੰਤਾਂ ਦਾ ਮੋਹ ਸੀ। ਉਹ ਪੂਰੀ ਗਰਮੀ ਰਾਤ ਨੂੰ ਬਾਹਰ ਮੰਜੇ ਡਹਾਉਂਦੇ ਤੇ ਖੁੱਲ੍ਹੇ ਅਸਮਾਨ ਹੇਠਾਂ ਸੌਂਦੇ । ਫਿਰ ਪਿਆਰ ਨਾਲ ਸਾਨੂੰ ਆਪਣੀ ਬਾਂਹ ’ਤੇ ਪਾ ਤਾਰਿਆਂ ਰਾਹੀਂ ਗਿਣਤੀ ਕਰਾਉਂਦੇ ਤੇ ਦੂਣੀ ਦਾ ਪਹਾੜਾ ਰਟਾਉਂਦੇ। ਉਨ੍ਹਾਂ ਜੋੜ-ਘਟਾਉ, ਗੁਣਾ-

  • ਭਾਗ ਸਭ ਤਾਰਿਆਂ ਨਾਲ ਸਿਖਾਉਣਾ।
  • ਇਹ ਪੰਜ ਤਾਰੇ, ਉਹ ਤਿੰਨ ਤਾਰੇ
  • ਦੱਸ ਪੁੱਤ ਕੁੱਲ ਕਿੰਨੇ ਸਾਰੇ?
  • ਅੱਠਾਂ ਵਿੱਚੋਂ ਜੇ ਦੋ ਟੁੱਟ ਜਾਵਣ
  • ਤਾਂ ਬਾਕੀ ਬਚੇ ਕਿੰਨੇ ਤਾਰੇ?

ਜੇ ਕਦੇ ਜਵਾਬ ਦੱਸ ਨਾ ਹੁੰਦਾ ਤਾਂ ਔਖ ਭਰ ਉਂਗਲੀਆਂ ਦੇ ਪੋਟਿਆਂ ਨਾਲ ਗਿਣਾਉਂਦੇ ਤੇ ਸਹੀ ਉੱਤਰ ਲਏ ਬਿਨਾਂ ਅੱਗੇ ਨਾ ਵਧਦੇ। ਬੱਦਲਾਂ ਵਾਲੇ ਦਿਨ ਜਦ ਤਾਰੇ ਗਾਇਬ ਹੁੰਦੇ ਤਾਂ ਆਕਾਸ਼ ਦਾ ਕਾਲਾ ਗੁਬਾਰ ਉਨ੍ਹਾਂ ਨੂੰ ਉੱਕਾ ਰਾਸ ਨਾ ਆਉਂਦਾ ਤੇ ਫਿਰ ਮੱਲੋ-ਜੋਰੀ ਕੋਈ ਨਾ ਕੋਈ ਤਾਰਾ ਲੱਭਣ ਦੀ ਕੋਸ਼ਿਸ਼ ਕਰਦੇ।

ਉਹ ਤਾਰਿਆਂ ਨਾਲ ਰਿਸ਼ਤੇ ਢੰਗ ਅਕਸਰ ਗੱਲਾਂ ਕਰਦੇ। ਦੂਰ ਕਾਲੇ ਬੱਦਲਾਂ ਵਿੱਚੋਂ ਝਾਕਦੇ ਛੋਟੇ ਤਾਰੇ ਨੂੰ ਕਦੇ ਪੜਦਾਦਾ ਆਖ ਦਿੰਦੇ ਤੇ ਕਦੇ ਪੜਨਾਨਾ। ਜਿਹੜਾ ਤਾਰਾ ਨੇੜੇ ਹੁੰਦਾ ਤੇ ਜ਼ਿਆਦਾ ਚਮਕਦਾ ਉਸਨੂੰ ਸ਼ਹੀਦਾਂ ਦੇ ਨਾਂਅ ਨਾਲ ਜੋੜਦੇ। ਉਨ੍ਹਾਂ ਵਿੱਚੋਂ ਕਦੇ ਸਰਦਾਰ ਭਗਤ ਸਿੰਘ ਤੇ ਕਦੇ ਊਧਮ ਸਿੰਘ ਦਾ ਮੁੱਖ ਨਜ਼ਰ ਆਉਣ ਬਾਰੇ ਪੁੱਛਦੇ। ਜੇ ਨਾ ਮੰਨਦੇ ਤਾਂ ਉਹ ਧੱਕੇ ਨਾਲ ਹਾਂ ਕਹਿਲਾਉਣਾ ਪਸੰਦ ਕਰਦੇ। ਧਰੂ ਜਾਂ ਧਰੁਵ ਤਾਰੇ ਨੂੰ ਹਮੇਸ਼ਾ ਭਗਤ ਆਖ ਸਤਿਕਾਰ ਦਿੰਦੇ ਤੇ ਉਸਦੇ ਸਦਾ ਆਪਣੀ ਥਾਂ ’ਤੇ ਅਡੋਲ ਟਿਕੇ ਰਹਿਣ ਦੀ ਕਹਾਣੀ ਦੱਸ ਜੀਵਨ ਵਿੱਚ ਵੀ ਅਜਿਹੀ ਧਾਰਨਾ ਰੱਖਣ ਦੀ ਹਾਮੀ ਭਰਦੇ। ਜ਼ਿਆਦਾ ਲਿਸ਼ਕਣ ਵਾਲੇ ਸੱਤ ਤਾਰਿਆਂ ਨੂੰ ਕਦੇ ਸੱਤ ਰਿਸ਼ੀ ਐਲਾਨਦੇ ਤੇ ਕਦੇ ਗੁਰੂਆਂ ਦਾ ਪਰਿਵਾਰ।

ਕਈ ਸਾਰੇ ਤਾਰਿਆਂ ਨੂੰ ਜੋੜ ਕੇ ਬਣਦਾ ਹੱਲ, ਪੰਜਾਲੀ, ਮੰਜਾ, ਤੀਰ-ਕਮਾਨ ਆਦਿ ਦਿਖਾਉਂਦੇ ਤੇ ਸਦਾ ਆਪਸ ਵਿੱਚ ਤਾਰਿਆਂ ਦੀ ਤਰ੍ਹਾਂ ਮਿਲ ਕੇ ਰਹਿਣ ਤੇ ਨਾ ਲੜਨ ਦੀ ਨਸੀਹਤ ਬੋਲਦੇ। ਉਹ ਗਣਿਤ ਦੀਆਂ ਵੱਖ-ਵੱਖ ਆਕਿ੍ਰਤੀਆਂ ਨੂੰ ਤਾਰਿਆਂ ਨਾਲ ਅਸਾਨੀ ਨਾਲ ਸਮਝਾ ਜਾਂਦੇ। ਪਿਤਾ ਜੀ ਦੇ ਇਹ ਸਬਕ ਨੀਂਦ ਆਉਣ ਤੱਕ ਨਿਰੰਤਰ ਜਾਰੀ ਰਹਿੰਦੇ। ਬੱਸ ਨੀਂਦ ਆ ਜਾਣ ’ਤੇ ਹੀ ਬਾਪੂ ਦੀ ਤਾਰਿਆਂ ਵਾਲੀ ਜਮਾਤ ਮੁੱਕਦੀ।

ਉਹਨਾਂ ਨੂੰ ਪੂਰੇ ਹੋਏ ਤੇ ਤਾਰਾ ਬਣਿਆਂ ਨੂੰ ਪੰਦਰਾਂ ਸਾਲ ਹੋ ਗਏ ਪਰ ਰਾਤ ਵਾਲੀ ਕਲਾਸ ਵਿੱਚ ਸਿੱਖੇ ਰਿਸ਼ਤੇ, ਸ਼ਹੀਦਾਂ ਦੇ ਨਾਂਅ, ਬਲੀਦਾਨ ਦੀਆਂ ਕਥਾਵਾਂ, ਗਣਿਤ ਦੇ ਸਵਾਲ, ਚਿੱਤਰ-ਕਲਾ ਦੀਆਂ ਤਸਵੀਰਾਂ ਤੇ ਪਹਾੜੇ ਅੱਜ ਵੀ ਉੱਕਣ ਹੀ ਚੇਤੇ ਹਨ। ਮੇਰੇ ਪ੍ਰਾਇਮਰੀ ਸਕੂਲ ਵਿੱਚ ਤਾਂ ਕਮਰੇ ਵੀ ਪੂਰੇ ਨਹੀਂ ਸਨ ਪਰ ਬਾਪੂ ਨੇ ਪੜ੍ਹਾਉਣ ਲਈ ਜਿਸ ਢੰਗ ਤੇ ਉੱਦਮ ਸਦਕਾ ਪੂਰੇ ਅੰਬਰ ਨੂੰ ਹੀ ਜਮਾਤ ਦੇ ਬਲੈਕ ਬੋਰਡ ਵਿੱਚ ਬਦਲ ਦਿੱਤਾ ਉਹ ਉਹਨਾਂ ਦੀ ਦੂਰਅੰਦੇਸ਼ੀ ਸੋਚ ਦੀ ਅਮਿੱਟ ਛਾਪ ਹੈ । ਹੁਣ ਕਦੇ-ਕਦੇ ਬਾਪੂ ਦੀਆਂ ਇਹ ਸਿਆਣਪ ਵਾਲੀਆਂ ਮਹੀਨ ਗੱਲਾਂ ਚੇਤੇ ਆ ਗੱਚ ਭਰ ਜਾਂਦੀਆਂ ਹਨ ।
ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ।
ਮੋ. 94641-97487
ਕੇ. ਮਨੀਵਿਨਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ