ਦਿੱਲੀ ਮੋਰਚੇ ‘ਤੇ ਲਗਾਤਾਰ 10 ਮਹੀਨੇ ਡਿਊਟੀ ਨਿਭਾ ਕੇ ਆਏ ਬਲਵਿੰਦਰ ਸਿੰਘ ਢੱਡਰੀਆਂ ਦਾ ਅੱਜ ਪਿੰਡ ਪੁੱਜਣ ‘ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਸਵਾਗਤ
ਲੌਂਗੋਵਾਲ (ਹਰਪਾਲ) | ਦਿੱਲੀ ਮੋਰਚੇ ਤੇ ਲਗਾਤਾਰ 10 ਮਹੀਨੇ ਡਿਊਟੀ ਨਿਭਾ ਕੇ ਆਏ ਬਲਵਿੰਦਰ ਸਿੰਘ ਢੱਡਰੀਆਂ ਦਾ ਅੱਜ ਪਿੰਡ ਪੁੱਜਣ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਭਜਨ ਸਿੰਘ ਢੱਡਰੀਆਂ ਨੇ ਦੱਸਿਆ ਕਿ ਢੱਡਰੀਆਂ ਤੋਂ ਬਲਵਿੰਦਰ ਸਿੰਘ 26 ਨਵੰਬਰ ਨੂੰ ਕਾਲੇ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਵਿਖੇ ਲੱਗਣ ਵਾਲੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਿੰਡੋਂ ਗਿਆ ਸੀ ਅਤੇ ਉਸ ਨੇ ਇਹ ਅਹਿਦ ਕੀਤਾ ਸੀ ਕਿ ਜਦੋਂ ਸੰਘਰਸ਼ ਖਤਮ ਹੋਵੇਗਾ
ਉਦੋਂ ਇਹ ਪਿੰਡ ਵਾਪਸੀ ਕਰੇਗਾ ਤੇ ਲਗਾਤਾਰ ਸਿੰਘੂ ਮੋਰਚੇ ਤੇ ਡਟਿਆ ਹੋਇਆ ਸੀ, ਪਰ ਪਿਛਲੇ ਲਗਪਗ ਇੱਕ ਮਹੀਨੇ ਤੋਂ ਲਗਾਤਾਰ ਬੀਮਾਰ ਰਹਿਣ ਕਾਰਨ ਅਤੇ ਡੇਂਗੂ ਦੀ ਚਪੇਟ ਵਿੱਚ ਆਉਣ ਕਾਰਨ ਬਲਵਿੰਦਰ ਸਿੰਘ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ, ਸਿਹਤਯਾਬ ਹੋਣ ਲਈ ਬਲਵਿੰਦਰ ਸਿੰਘ ਅੱਜ ਜਦੋਂ ਪਿੰਡ ਪੁੱਜਿਆ ਤਾਂ ਪਿੰਡ ਢੱਡਰੀਆਂ ਦੀ ਪੰਚਾਇਤ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਸਮੁੱਚੇ ਇਲਾਕੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਬਲਵਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਸਿਹਤਯਾਬ ਹੋਣ ਮਗਰੋਂ ਜਲਦੀ ਹੀ ਦੁਬਾਰਾ ਫੇਰ ਕਿਸਾਨੀ ਮੋਰਚੇ ਵਿੱਚ ਜਾ ਕੇ ਡਟ ਜਾਵੇਗਾ ।
ਬਲਵਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਸਾਡੀ ਜਿੰਦ ਜਾਨ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਇਸ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਸਾਨੂੰ ਹਰ ਹਾਲਤ ਵਿੱਚ ਇਸ ਮੋਰਚੇ ਨੂੰ ਜਿੱਤਣਾ ਜ਼ਰੂਰੀ ਹੈ ਸਾਨੂੰ ਉਹ ਰਾਜਨੀਤਕ ਪਾਰਟੀਆਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੇ ਇਕੱਠਾਂ ਚ ਸ਼ਾਮਲ ਹੋਣ ਦੀ ਬਜਾਏ ਕਿਸਾਨੀ ਮੋਰਚਿਆਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।ਇਸ ਮੌਕੇ ਇਕਾਈ ਢੱਡਰੀਆਂ ਦੇ ਆਗੂ ਤੇਜਿੰਦਰ ਸਿੰਘ , ਅਵਤਾਰ ਸਿੰਘ ਸਾਹੋਕੇ ,ਬਲਿਹਾਰ ਸਿੰਘ ,ਅੰਗਰੇਜ ਸਿੰਘ, ਭਜਨ ਸਿੰਘ ਰੱਤੋਕੇ ,ਸਾਹਬ ਸਿੰਘ ,ਰਵਿੰਦਰ ਸਿੰਘ ਤਕੀਪੁਰ, ਔਰਤ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਤਕੀਪੁਰ, ਗੁਰਪ੍ਰੀਤ ਕੌਰ ਢੱਡਰੀਆਂ ਵੀ ਇਸ ਸਮੇਂ ਹਾਜ਼ਰ ਸਨ।
ਪਿੰਡ ਢੱਡਰੀਆਂ ਦੇ ਸਰਪੰਚ ਗੁਰਚਰਨ ਸਿੰਘ ਚੰਨਾ ਸਮੇਤ ਸਮੁੱਚੀ ਨਗਰ ਪੰਚਾਇਤ ਵੀ ਹਾਜ਼ਰ ਸੀ ਅਤੇ ਸਾਰਿਆਂ ਨੇ ਕਿਹਾ ਕਿ ਸਾਨੂੰ ਬਲਵਿੰਦਰ ਸਿੰਘ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜੋ ਵਡੇਰੀ ਉਮਰ ਹੋਣ ਦੇ ਬਾਵਜੂਦ ਲਗਾਤਾਰ ਮੋਰਚੇ ਵਿਚ ਡਟੇ ਰਹੇ ਇਹੋ ਜਿਹੇ ਯੋਧਿਆਂ ਦੇ ਸਿਰ ਤੇ ਹੀ ਸੰਘਰਸ਼ ਚੱਲ ਰਿਹਾ ਹੈ ਤੇ ਅਸੀਂ ਸਾਰੇ ਮੋਰਚੇ ਵਿਚ ਲਗਾਤਾਰ ਯੋਗਦਾਨ ਪਾਉਂਦੇ ਰਹਾਂਗੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ