ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home ਮਨੋਰੰਜਨ ਬਲਰਾਜ ਸਾਹਨੀ :...

    ਬਲਰਾਜ ਸਾਹਨੀ : ਫ਼ਿਲਮਾਂ ਤੋਂ ਲੇਖਕ ਬਣਨ ਤੱਕ

    ਬਲਰਾਜ ਸਾਹਨੀ : ਫ਼ਿਲਮਾਂ ਤੋਂ ਲੇਖਕ ਬਣਨ ਤੱਕ

    ਬਲਰਾਜ ਸਾਹਨੀ ਪੰਜਾਬੀ ਦਾ ਪ੍ਰਗਤੀਸ਼ੀਲ ਲੇਖਕ ਅਤੇ ਹਿੰਦੀ-ਪੰਜਾਬੀ ਫ਼ਿਲਮਾਂ ਦਾ ਪ੍ਰਸਿੱਧ ਅਦਾਕਾਰ ਹੋ ਗੁਜ਼ਰਿਆ ਹੈ। ਮਾਰਕਸਵਾਦੀ ਵਿਚਾਰਧਾਰਾ ਦੇ ਸਮੱਰਥਕ, ਮਜ਼ਦੂਰਾਂ, ਕਿਸਾਨਾਂ ਅਤੇ ਗ਼ਰੀਬਾਂ ਲਈ ਦਿਲੀ ਹਮਦਰਦੀ ਅਤੇ ਪਿਆਰ ਰੱਖਣ ਵਾਲੇ, ਕਿਰਤੀਆਂ ਦੀਆਂ ਸਮੱਸਿਆਵਾਂ ਲਈ ਸੰਘਰਸ਼ ਕਰਨ ਵਾਲੇ ਇਸ ਪੰਜਾਬੀ ਸਾਹਿਤਕਾਰ ਦਾ ਜਨਮ ਵੀ ਉਸ ਦਿਨ ਹੋਇਆ, ਜਿਸ ਨੂੰ ਪੂਰੇ ਸੰਸਾਰ ਵਿਚ ‘ਮਜ਼ਦੂਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

    ਅਧਿਆਪਕ, ਮੰਚ-ਕਲਾਕਾਰ ਅਤੇ ਫ਼ਿਲਮ ਸਟਾਰ ਬਲਰਾਜ ਸਾਹਨੀ ਦਾ ਜਨਮ ਪਹਿਲੀ ਮਈ, 1913 ਈ. ਨੂੰ ਰਾਵਲਪਿੰਡੀ (ਪਾਕਿਸਤਾਨ) ਵਿਖੇ ਲਾਲਾ ਹਰਬੰਸ ਲਾਲ ਸਾਹਨੀ ਦੇ ਘਰ ਮਾਤਾ ਲੱਛਮੀ ਦੇਵੀ ਦੀ ਕੁੱਖੋਂ ਹੋਇਆ। ਸ਼ੁਰੂ ਵਿਚ ਉਸ ਨੇ ਰਾਵਲਪਿੰਡੀ ਦੇ ਗੁਰੂਕੁਲ ਤੋਂ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ।

    ਫਿਰ ਡੀ.ਏ.ਵੀ. ਹਾਈ ਸਕੂਲ ਰਾਵਲਪਿੰਡੀ ਤੋਂ ਮੈਟ੍ਰਿਕ ਪਾਸ ਕਰਕੇ ਗੌਰਮਿੰਟ ਕਾਲਜ ਲਾਹੌਰ ਤੋਂ 1934 ਈ. ਵਿਚ ਐੱਮ.ਏ. ਅੰਗਰੇਜ਼ੀ ਦੀ ਡਿਗਰੀ ਪ੍ਰਾਪਤ ਕੀਤੀ। ਭਾਵੇਂ ਉਹਨੇ ਜ਼ਿੰਦਗੀ ਦਾ ਲੰਮਾ ਸਮਾਂ ਮੁੰਬਈ ਵਿਖੇ ਬਤੀਤ ਕੀਤਾ, ਪਰ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਰਣਾਇਆ ਹੋਇਆ ਸੀ।

    1936 ਈ. ਵਿਚ ਬਲਰਾਜ ਦੀ ਸ਼ਾਦੀ ਦਮਿਅੰਤੀ ਨਾਲ ਹੋਈ, ਜੋ ਕਿ ਚੰਗੀ ਨਾਇਕਾ ਵੀ ਸੀ। ਸਾਹਨੀ ਨੇ ਸ਼ੁਰੂ-ਸ਼ੁਰੂ ਵਿਚ ਆਪਣੇ ਪਿਤਾ ਦੇ ਬਜਾਜੀ ਦੇ ਵਪਾਰ ਵਿਚ ਵੀ ਹੱਥ ਵਟਾਇਆ, ਪਰ ਇਹ ਕੰਮ ਉਹਨੂੰ ਬਹੁਤਾ ਪਸੰਦ ਨਾ ਆਇਆ ਅਤੇ ਘਰ-ਵਾਲਿਆਂ ਨੂੰ ਦੱਸੇ ਬਗ਼ੈਰ ਅਚਾਨਕ ਕਲਕੱਤੇ ਚਲਾ ਗਿਆ। ਇੱਥੇ ਰਹਿੰਦਿਆਂ ਹੀ ਹਿੰਦੀ ਦੇ ਪ੍ਰਸਿੱਧ ਆਲੋਚਕ ਡਾ. ਹਜ਼ਾਰੀ ਪ੍ਰਸਾਦ ਦਿਵੇਦੀ ਦੇ ਪ੍ਰਭਾਵ ਹੇਠ ਡਾ. ਟੈਗੋਰ ਦੇ ਸੰਪਰਕ ਵਿਚ ਆ ਗਿਆ।

    ਉਸ ਨੇ ਸ਼ਾਂਤੀ ਨਿਕੇਤਨ ਵਿਚ ਹਿੰਦੀ ਅਧਿਆਪਕ ਅਤੇ ਬੀ.ਬੀ.ਸੀ. ਲੰਡਨ ਵਿਚ ਹਿੰਦੀ ਅਨਾਊਂਸਰ ਦੇ ਤੌਰ ‘ਤੇ ਨੌਕਰੀ ਵੀ ਕੀਤੀ। 27 ਅਪਰੈਲ, 1947 ਨੂੰ ਬਲਰਾਜ ਦੀ ਪਤਨੀ ਦਮਿਅੰਤੀ ਦਾ ਦਿਹਾਂਤ ਹੋਇਆ। 19 ਵਰ੍ਹਿਆਂ ਦੀ ਭਰਪੂਰ ਜਵਾਨੀ ਵਿਚ ਹੀ ਦਮਿਅੰਤੀ ਇੱਕ ਬੱਚੀ ਸ਼ਬਨਮ ਨੂੰ ਜਨਮ ਦੇ ਕੇ ਸਦਾ ਦੀ ਨੀਂਦ ਸੌਂ ਗਈ। 1949 ਵਿਚ ਬਲਰਾਜ ਨੇ ਸੰਤੋਸ਼ ਨਾਂਅ ਦੀ ਲੜਕੀ ਨਾਲ ਦੂਜਾ ਵਿਆਹ ਕਰਵਾ ਲਿਆ, ਜਿਸ ਦੀ ਕੁੱਖੋਂ ਦੋ ਬੱਚੇ ਪ੍ਰੀਕਸ਼ਿਤ ਸਾਹਨੀ ਅਤੇ ਬੇਟੀ ਸਨੋਬਰ ਪੈਦਾ ਹੋਏ। ਪ੍ਰੀਕਸ਼ਿਤ ਸਾਹਨੀ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਚੱਲਦਾ ਹੋਇਆ ਫ਼ਿਲਮ ਅਭਿਨੇਤਾ ਵਜੋਂ ਕਾਰਜ ਕਰ ਰਿਹਾ ਹੈ।

    ਬਲਰਾਜ ਸਾਹਨੀ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਅਤੇ ਪ੍ਰਗਤੀਸ਼ੀਲ ਲੇਖਕ ਸੰਗਠਨ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਰਿਹਾ। ਉਹ ਪੱਕਾ ਮਾਰਕਸਵਾਦੀ ਲਿਖਾਰੀ ਸੀ। ਉਸ ਨੇ ਜੀਵਨ ਨੂੰ ਇਸੇ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਵੇਖਿਆ, ਘੋਖਿਆ ਅਤੇ ਆਪਣੀਆਂ ਕਿਰਤਾਂ ਵਿਚ ਉਲੀਕਿਆ ਹੈ।

    ਇਸ ਪੱਖੋਂ ਉਹ ਗੁਰਬਖ਼ਸ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ ਤੇ ਪ੍ਰੋ. ਕਿਸ਼ਨ ਸਿੰਘ ਦਾ ਹਮਖ਼ਿਆਲ ਹੈ। ਸਮਾਜਵਾਦ ਤੇ ਪੰਜਾਬੀਅਤ ਦਾ ਜ਼ਿਕਰ ਉਸ ਦੀਆਂ ਕਿਰਤਾਂ ਵਿਚ ਬਹੁਤ ਹੈ। ਵਿਹਲੜਾਂ ਤੋਂ ਨਫ਼ਰਤ ਅਤੇ ਕਾਮਿਆਂ ਦਾ ਸਤਿਕਾਰ ਅਤੇ ਸ਼ੋਸ਼ਿਤ ਤੇ ਬੇਬਸ ਲੋਕਾਈ ਨਾਲ ਹਮਦਰਦੀ ਦੇ ਸੁਰ ਵੀ ਉਸ ਦੀਆਂ ਰਚਨਾਵਾਂ ਵਿਚ ਪ੍ਰਧਾਨ ਹਨ। ਸਾਹਿਤਕ ਵਿਧਾ ਕੋਈ ਵੀ ਹੋਵੇ ਉਸ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਦੀ ਛਾਪ ਉਸ ਉੱਤੇ ਪ੍ਰਤੱਖ ਦਿਖਾਈ ਦਿੰਦੀ ਹੈ।

    ਸ਼ਾਂਤੀ ਨਿਕੇਤਨ ਵਿਚ ਅਧਿਆਪਕ ਵਜੋਂ ਨੌਕਰੀ ਕਰਦਿਆਂ ਮਾਂ-ਬੋਲੀ ਦੀ ਮਹੱਤਤਾ ਬਾਰੇ ਉਸ ਨੂੰ ਰਬਿੰਦਰ ਨਾਥ ਟੈਗੋਰ ਤੋਂ ਸੋਝੀ ਹੋਈ ਸੀ। ਇੱਕ ਦਿਨ ਸਾਲਾਨਾ ਹਿੰਦੀ ਸੰਮੇਲਨ ਲਈ ਉਹ ਟੈਗੋਰ ਨੂੰ ਸੱਦਾ ਦੇਣ ਗਿਆ ਤਾਂ ਟੈਗੋਰ ਨੇ ਉਹਨੂੰ ਪੁੱਛਿਆ ਸੀ ਕਿ ਪੜ੍ਹਾਉਣ ਤੋਂ ਇਲਾਵਾ ਉਹ ਹੋਰ ਕੀ ਕਰਦਾ ਹੈ? ਸਾਹਨੀ ਨੇ ਜਵਾਬ ਦਿੱਤਾ ਸੀ ਕਿ ਉਹ ਹਿੰਦੀ ਵਿਚ ਕਹਾਣੀਆਂ ਲਿਖਦਾ ਹੈ ਜੋ ਪ੍ਰਸਿੱਧ ਮੈਗਜ਼ੀਨ ਵਿਚ ਛਪਦੀਆਂ ਹਨ। ”ਪਰ ਤੁਸੀਂ ਤਾਂ ਪੰਜਾਬੀ ਹੋ ਤੇ ਤੁਹਾਡੀ ਬੋਲੀ ਹਿੰਦੀ ਨਹੀਂ ਹੈ?” ਟੈਗੋਰ ਵੱਲੋਂ ਪੁੱਛੇ ਪ੍ਰਸ਼ਨ ਦੇ ਜਵਾਬ ਵਿਚ ਬਲਰਾਜ ਨੇ ਕਿਹਾ ਸੀ, ”ਹਿੰਦੀ ਕੌਮੀ ਭਾਸ਼ਾ ਹੈ। ਮੈਂ ਕਿਸੇ ਖੇਤਰੀ ਭਾਸ਼ਾ ਵਿਚ ਕਿਉਂ ਲਿਖਾਂ?”

    ਟੈਗੋਰ ਨੇ ਕਿਹਾ ਸੀ ਕਿ ਮੈਂ ਬੰਗਾਲੀ ਵਿਚ ਲਿਖਦਾ ਹਾਂ, ਇਹ ਵੀ ਇੱਕ ਖੇਤਰੀ ਭਾਸ਼ਾ ਹੈ। ਬਲਰਾਜ ਨੇ ਕੁਝ ਘਬਰਾਹਟ ਵਿਚ ਕਿਹਾ ਸੀ ਕਿ ਪੰਜਾਬੀ ਤਾਂ ਭਾਸ਼ਾ ਹੀ ਨਹੀਂ ਹੈ, ਇਹ ਇੱਕ ਉਪ ਬੋਲੀ ਹੈ, ਹਿੰਦੀ ਭਾਸ਼ਾ ਦੀ ਉਪਭਾਸ਼ਾ। ਟੈਗੋਰ ਨੇ ਇਸ ਨਾਲ ਅਸਹਿਮਤ ਹੁੰਦਿਆਂ ਉਸ ਨੂੰ ਪੰਜਾਬੀ ਸਾਹਿਤ ਦੀ ਵਿਸ਼ਾਲਤਾ ਅਤੇ ਅਮੀਰੀ ਬਾਰੇ ਦੱਸਿਆ।

    ਨਾਲੇ ਇਹ ਵੀ ਕਿਹਾ ਕਿ ਜਿਸ ਭਾਸ਼ਾ ਵਿਚ ਗੁਰੂ ਨਾਨਕ ਜਿਹੇ ਮਹਾਨ ਕਵੀ ਨੇ ਰਚਨਾ ਕੀਤੀ ਹੋਵੇ, ਉਹ ਨਿਗੂਣੀ ਕਿਵੇਂ ਹੋ ਸਕਦੀ ਹੈ, ਫਿਰ ਟੈਗੋਰ ਨੇ ਗੁਰੂ ਨਾਨਕ ਦੀ ਬ੍ਰਹਿਮੰਡਕ ਆਰਤੀ ‘ਗਗਨ ਮੈਂ ਥਾਲੁ…’। ਵਿਚੋਂ ਕੁਝ ਪੰਕਤੀਆਂ ਵੀ ਸੁਣਾਈਆਂ। ਜਦੋਂ ਟੈਗੋਰ ਦੀਆਂ ਗੱਲਾਂ ਨਾਲ ਅਸਹਿਮਤ ਹੁੰਦਿਆਂ ਬਲਰਾਜ ਉੱਠ ਕੇ ਜਾਣ ਲੱਗਿਆ ਤਾਂ ਉਸ ਨੂੰ ਟੈਗੋਰ ਦੇ ਇਹ ਸ਼ਬਦ ਸੁਣਾਈ ਦਿੱਤੇ, ”ਜਿਵੇਂ ਇੱਕ ਵੇਸਵਾ ਦੁਨੀਆ ਦੀ ਸਾਰੀ ਦੌਲਤ ਕਮਾਉਣ ਪਿੱਛੋਂ ਵੀ ਇੱਜ਼ਤ ਪ੍ਰਾਪਤ ਨਹੀਂ ਕਰ ਸਕਦੀ ਉਸੇ ਤਰ੍ਹਾਂ ਜਦੋਂ ਤੁਸੀਂ ਸਾਰੀ ਜ਼ਿੰਦਗੀ ਕਿਸੇ ਹੋਰ ਭਾਸ਼ਾ ਵਿਚ ਲਿਖਦੇ ਰਹੋ, ਨਾ ਤਾਂ ਤੁਹਾਡੇ ਆਪਣੇ ਲੋਕ ਤੁਹਾਨੂੰ ਆਪਣਾ ਸਮਝਣਗੇ ਅਤੇ ਨਾ ਹੀ ਉਹ ਲੋਕ ਜਿਨ੍ਹਾਂ ਦੀ ਭਾਸ਼ਾ ਵਿਚ ਤੁਸੀਂ ਲਿਖਦੇ ਹੋ।

    ਬਾਹਰਲੇ ਲੋਕਾਂ ਨੂੰ ਜਿੱਤਣ ਲਈ ਪਹਿਲਾਂ ਤੁਹਾਨੂੰ ਆਪਣੇ ਲੋਕਾਂ ਦਾ ਦਿਲ ਜਿੱਤਣਾ ਪਵੇਗਾ…।” ਇਉਂ ਗੁਰਦੇਵ ਟੈਗੋਰ ਅਤੇ ਹੋਰ ਸੁਹਿਰਦ ਬਜ਼ੁਰਗਾਂ ਦੇ ਮਸ਼ਵਰੇ ਨੂੰ ਮੰਨ ਕੇ ਉਸ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਲਿਖਣਾ ਆਰੰਭ ਕੀਤਾ। ਪੰਜਾਬੀ ਵਿਚ ਉਸ ਨੇ ਐਨਾ ਭਰਪੂਰ ਤੇ ਲਗਾਤਾਰ ਲਿਖਿਆ ਕਿ ਕੁਝ ਵਰ੍ਹਿਆਂ ਵਿਚ ਹੀ ਉਸ ਦੀ ਗਿਣਤੀ ਪੰਜਾਬੀ ਦੇ ਚੋਟੀ ਦੇ ਸਾਹਿਤਕਾਰਾਂ ਵਿਚ ਹੋਣ ਲੱਗ ਪਈ। ਉਹ ਬਰਨਾਰਡ ਸ਼ਾਹ ਵਾਂਗ ਕਲਮ ਨਾਲ ਲਿਖਣ ਦੀ ਥਾਂ ‘ਤੇ ਆਪਣਿਆਂ ਵਿਚਾਰਾਂ ਨੂੰ ਸਿੱਧਾ ਹੀ ਪੰਜਾਬੀ ਟਾਈਪ-ਰਾਈਟਰ ‘ਤੇ ਆਪਣੇ ਹੱਥੀਂ ਟਾਈਪ ਕਰ ਲੈਂਦਾ ਸੀ।

    ਪ੍ਰੋ. ਨਵਸੰਗੀਤ ਸਿੰਘ ਆਪਣੇ ਇੱਕ ਲੇਖ ਵਿਚ ਲਿਖਦੇ ਹਨ, ”ਕਿ ਬਲਰਾਜ ਸਾਹਨੀ ਨੂੰ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਉੱਤੇ ਇੱਕੋ ਜਿਹਾ ਅਬੂਰ ਹਾਸਲ ਸੀ, ਪਰ ਉਸ ਨੇ ਟੈਗੋਰ ਦੀ ਪ੍ਰੇਰਨਾ ਕਾਰਨ ਜ਼ਿਆਦਾਤਰ ਪੰਜਾਬੀ ਵਿਚ ਲਿਖਣ ਨੂੰ ਹੀ ਤਰਜੀਹ ਦਿੱਤੀ। ਉਸ ਨੇ ਖ਼ੁਦ ਪੰਜਾਬੀ ਵਿਚ ਲਿਖ ਕੇ ਉਸ ਦਾ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ ਵੀ ਕੀਤਾ।”

    ਉਸ ਦਾ ਭਾਰਤੀ ਫ਼ਿਲਮ ਜਗਤ ਵਿਚ ਇਕ ਵਿਸ਼ੇਸ਼ ਸਥਾਨ ਸੀ। ਉਸ ਦੀਆਂ ਜ਼ਿਕਰਯੋਗ ਫ਼ਿਲਮਾਂ ਵਿਚ ‘ਦੋ ਬੀਘਾ ਜ਼ਮੀਨ’, ‘ਹਮਲੋਗ’, ‘ਭਾਬੀ’, ‘ਹਕੀਕਤ’, ‘ਪਰਦੇਸੀ’, ‘ਵਕਤ’, ‘ਏਕ ਫੂਲ ਦੋ ਮਾਲੀ’, ‘ਤਲਾਸ਼’, ‘ਸਤਲੁਜ ਦੇ ਕੰਢੇ’ ਆਦਿ ਸ਼ਾਮਲ ਹਨ। ਪੰਜਾਬੀ ਨਾਵਲਕਾਰ ਸ. ਨਾਨਕ ਸਿੰਘ ਦੇ ਨਾਵਲ ‘ਪਵਿੱਤਰ ਪਾਪੀ’ ਉੱਤੇ ਇਸੇ ਨਾਂਅ ਹੇਠ ਬਣੀ ਹਿੰਦੀ ਫ਼ਿਲਮ ਵਿਚ ਵੀ ਉਸ ਨੇ ਯਾਦਗਾਰੀ ਭੂਮਿਕਾ ਨਿਭਾਈ ਸੀ। ‘ਵਕਤ’ ਫ਼ਿਲਮ ਵਿਚ ਬਲਰਜਾਜ ਸਾਹਨੀ ਉੱਤੇ ਫ਼ਿਲਮਾਇਆ ਗਿਆ ਇਹ ਗੀਤ ਅਜੇ ਤੱਕ ਵੀ ਬਹੁਤ ਮਕਬੂਲ ਹੈ:

    ”ਐ ਮੇਰੀ ਜ਼ੋਹਰਾ ਜ਼ਬੀਂ, ਤੁਝੇ ਮਾਲੂਮ ਨਹੀਂ,
    ਤੂ ਅਭੀ ਤਕ ਹੈ ਹਸੀਂ, ਔਰ ਮੈਂ ਜਵਾਂ,
    ਤੁਝ ਪੇ ਕੁਰਬਾਨ ਮੇਰੀ ਜਾਨ, ਮੇਰੀ ਜਾਨ…।”

    ਬਲਰਾਜ ਸਾਹਨੀ ਨੇ ਕਵਿਤਾ, ਨਾਟਕ, ਵਾਰਤਕ, ਸਫ਼ਰਨਾਮਾ, ਆਪ ਬੀਤੀ ਅਤੇ ਫ਼ਿਲਮਾਂ ਸਬੰਧੀ ਕੁਝ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ। ਇਸ ਸੁਹਿਰਦ, ਨਿਸ਼ਕਪਟਾ ਵਿਸ਼ਾਲ ਹਿਰਦੇ ਵਾਲੇ, ਅਣਖੀ, ਦ੍ਰਿੜ ਵਿਸ਼ਵਾਸੀ, ਮਿੱਠ ਬੋਲੜੇ ਅਤੇ ਸੱਚ ਦੇ ਮਾਰਗ ਉੱਤੇ ਤੁਰਨ ਵਾਲੇ ਮਾਨਵ ਹਿਤੈਸ਼ੀ ਪੰਜਾਬੀ ਨੇ ਪੰਜਾਬੀ ਸਾਹਿਤ ਨੂੰ ਹੇਠ ਲਿਖੀਆਂ ਰਚਨਾਵਾਂ ਨਾਲ ਭਰਪੂਰ ਕੀਤਾ:

    ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਇਨਕਲਾਬ ਦਾ ਚਿਹਰਾ, ਯਾਦਾਂ ਦਾ ਝਰੋਖਾ, ਇਤਿਹਾਸ ਦੀ ਪੈੜ, ਸਿਨੇਮਾ ਤੇ ਸਟੇਜ, ਪੂਰਬ ਦੇ ਨਾਈ (ਲੇਖ ਸੰਗ੍ਰਹਿ), ਕਾਮੇ, ਵੇਟਰ ਦੀ ਵਾਰ (ਕਾਵਿ-ਸੰਗ੍ਰਹਿ), ਕੀ ਇਹ ਸੱਚ ਹੈ ਬਾਪੂ (ਨਾਟਕ), ਅਰਸ਼ ਫਰਸ਼, ਬਸੰਤ ਕੀ ਕਰੇਗਾ (ਕਹਾਣੀ ਸੰਗ੍ਰਹਿ), ਕਲਮ ਤੇ ਕਿਤਾਬ (ਆਲੋਚਨਾ), ਇੱਕ ਸਫ਼ਰ ਇੱਕ ਦਾਸਤਾਨ (ਨਾਵਲ)।

    ਬਲਰਾਜ ਸਾਹਨੀ ਨੂੰ ਆਪਣੀ ਜਨਮ ਭੂਮੀ ਰਾਵਲਪਿੰਡੀ ਦੀ ਹਮੇਸ਼ਾ ਯਾਦ ਆਉਂਦੀ ਰਹੀ। ਵੰਡ ਪਿੱਛੋਂ ਭਾਰਤ ਵਿਚ ਆਉਣ ਤੋਂ ਬਾਅਦ ਵੀ ਉਹ ਰਾਵਲਪਿੰਡੀ ਦੀ ਮਿੱਠੀ ਤੇ ਪਿਆਰੀ ਪੰਜਾਬੀ ਭਾਸ਼ਾ ਨੂੰ ਭੁਲਾ ਨਹੀਂ ਸਕਿਆ। ‘ਕਾਮੇ’ ਪੁਸਤਕ ਦੇ ਇੱਕ ਲੇਖ ‘ਅੱਥਰੂ’ ਵਿਚ ਉਹ ਇਨ੍ਹਾਂ ਭਾਵਨਾਵਾਂ ਨੂੰ ਪੇਸ਼ ਕਰਦਾ ਹੋਇਆ ਇਕ ਥਾਂ ਲਿਖਦਾ ਹੈ, ”ਉਹੋ ਪਿਆਰੀ ਮਿੱਠੀ ਬੋਲੀ ਪਿੰਡੀ ਦੀ। ਪਿੰਡੀ ਦਾ ਆਦਮੀ ਇੰਝ ਬੋਲਦਾ ਹੋ ਜਿਵੇਂ ਪੰਜਾਬੀ ਜ਼ਬਾਨ ਦਾ ਇੱਕ-ਇੱਕ ਲਫ਼ਜ਼ ਉਹਨੇ ਧੋ-ਧਾ ਕੇ, ਤਹਿ ਕਰਕੇ ਆਪਣੇ ਹਿਰਦੇ ਵਿਚ ਬਿਠਾ ਰੱਖਿਆ ਹੋਵੇ।”

    ਹਿੰਦੂ ਪਰਿਵਾਰ ਵਿਚ ਜਨਮ ਲੈਣ ਦੇ ਬਾਵਜੂਦ ਬਲਰਾਜ ਸਾਹਨੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸ਼ੁਦਾਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਵੁਕ ਅੰਦਾਜ਼ ਵਿਚ ਉਹਨੇ ਇੱਕ ਥਾਂ ਲਿਖਿਆ ਹੈ, ”ਤੁਸੀਂ ਕੀ ਸਮਝਦੇ ਹੋ, ਇਹ ਗੁਰੂ ਸਾਹਿਬਾਨ ਕੋਈ ਇਕੱਲੇ ਸਿੱਖਾਂ ਦੇ ਹੀ ਸਨ? ਇਹ ਸਾਡੇ ਵੀ ਸਨ। ਇਨ੍ਹਾਂ ਦਾ ਪੈਗਾਮ ਤਾਂ ਸਾਰੇ ਪੰਜਾਬੀਆਂ ਅਤੇ ਸਾਰੀ ਮਾਨਵ ਜਾਤੀ ਲਈ ਹੈ।”

    ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਬਦਲੇ ਬਲਰਾਜ ਸਾਹਨੀ ਨੂੰ 1971 ਈ. ਵਿਚ ਭਾਸ਼ਾ ਵਿਭਾਗ ਵੱਲੋਂ ‘ਸ਼੍ਰੋਮਣੀ ਸਾਹਿਤਕਾਰ’ ਵਜੋਂ ਸਨਮਾਨਿਤ ਕੀਤਾ ਗਿਆ। ਉਸ ਦੀ ਸਮਾਜਵਾਦੀ ਸੋਚ, ਦੇਸ਼ ਪਿਆਰ, ਸਾਹਿਤਕ ਤੇ ਫ਼ਿਲਮ ਜਗਤ ਵਿਚ ਦਿੱਤੇ ਯੋਗਦਾਨ ਬਦਲੇ ਭਾਰਤ ਸਰਕਾਰ ਵੱਲੋਂ 1969 ਈ. ਵਿਚ ‘ਪਦਮਸ਼੍ਰੀ’ ਦੀ ਉਪਾਧੀ ਦੇ ਕੇ ਵਿਭੂਸ਼ਿਤ ਕੀਤਾ ਗਿਆ।

    ਬਲਰਾਜ ਸਾਹਨੀ ਦੇ ਜੀਵਨ ਵਿਚ ਸਭ ਤੋਂ ਵੱਡਾ ਦੁਖਾਂਤ ਉਸ ਦੀ ਜਵਾਨ ਬੇਟੀ ਸ਼ਬਨਮ ਦੀ ਮੌਤ ਸੀ, ਜਿਸ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ 5 ਮਾਰਚ, 1972 ਨੂੰ ਆਤਮ ਹੱਤਿਆ ਕਰ ਲਈ ਸੀ। ਇਹ ਸਦਮਾ ਬਲਰਾਜ ਜਿਹੇ ਭਾਵੁਕ ਅਤੇ ਸੰਜੀਦਾ ਇਨਸਾਨ ਲਈ ਬੇਹੱਦ ਅਕਹਿ ਅਤੇ ਅਸਹਿ ਸੀ, ਜੋ ਬਾਅਦ ਵਿਚ ਉਸ ਲਈ ਜਾਨਲੇਵਾ ਸਿੱਧ ਹੋਇਆ।

    ਬੇਟੀ ਦੀ ਮੌਤ ਦੇ ਸਦਮੇ ਨੇ ਇਸ ਸੰਵੇਦਨਸ਼ੀਲ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਇੱਕ ਸਾਲ ਪਿੱਛੋਂ 13 ਅਪਰੈਲ, 1973 ਨੂੰ ਵਿਸਾਖੀ ਵਾਲੇ ਦਿਨ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਮੌਤ ਪਿੱਛੋਂ ਉਸ ਦੀ ਇੱਛਾ ਮੁਤਾਬਕ ਉਸ ਦੀ ਲਾਸ਼ ਨੂੰ ਤਿਰੰਗੇ ਵਿਚ ਲਪੇਟਿਆ ਗਿਆ ਅਤੇ ਉਸ ਦੇ ਸਿਰ੍ਹਾਣੇ ਮਾਰਕਸ ਅਤੇ ਲੈਨਿਨ ਦੀਆਂ ਪੁਸਤਕਾਂ ਰੱਖੀਆਂ ਗਈਆਂ।

    ਉਸ ਦੀ ਵਸੀਅਤ ਅਨੁਸਾਰ ਉਸ ਦੀ ਮੌਤ ਪਿੱਛੋਂ ਕਿਸੇ ਪ੍ਰਕਾਰ ਦਾ ਕੋਈ ਧਾਰਮਿਕ ਸਮਾਗਮ ਨਹੀਂ ਕੀਤਾ ਗਿਆ। ਜਿਉਂ-ਜਿਉਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਪ੍ਰਫੁੱਲਤ ਹੋਣਗੇ, ਬਲਰਾਜ ਸਾਹਨੀ ਦੀਆਂ ਰਚਨਾਵਾਂ ਦੀ ਮਹੱਤਤਾ ਹੋਰ ਵੀ ਵਧਦੀ ਜਾਵੇਗੀ। ਇਹ ਉਹ ਮਹਾਨ ਪੰਜਾਬੀ ਸੀ ਜੋ ਆਪਣੇ ਆਖ਼ਰੀ ਸਵਾਸ ਤੱਕ ਪੰਜਾਬੀ ਤਹਿਜ਼ੀਬ ਨੂੰ ਰੌਸ਼ਨ ਕਰਨ ਲਈ ਜੂਝਿਆ। ਪੰਜਾਬੀਅਤ ਦੀ ਭਾਵਨਾ ਨਾਲ ਨੱਕੋ-ਨੱਕ ਭਰੇ ਇਸ ਸਾਹਿਤਕਾਰ ਨੂੰ ਪੰਜਾਬੀ ਪਾਠਕ ਅਤੇ ਦਰਸ਼ਕ ਹਮੇਸ਼ਾ ਯਾਦ ਰੱਖਣਗੇ।
    ਡਾ. ਚਰਨਜੀਤ ਕੌਰ,
    ਪੰਜਾਬੀ ਵਿਭਾਗ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਰਸਾ (ਹਰਿਆਣਾ)
    ਮੋ. 98784-47758

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here