ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਮੀਤ ਹੇਅਰ ਤੋਂ ਕੀਤੀ ਮੰਗ
ਫਰੀਦਕੋਟ, (ਸੁਭਾਸ਼ ਸ਼ਰਮਾ)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾਈ ਜਨਰਲ ਸਕੱਤਰ ਬਲਕਾਰ ਵਲਟੋਹਾ ਲੈਕਚਰਾਰ ਅੰਗਰੇਜ਼ੀ (ਹੁਣ ਸੇਵਾ ਨਵਿਰਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਦੀ ਪੈਨਸ਼ਨ ’ਚੋਂ 2 ਸਾਲ ਲਈ 20 ਫੀਸਦੀ ਕਟੌਤੀ ਕਰਨ ਦੇ ਹੁਕਮ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ। ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਸੂਬਾਈ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ ਤੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਸਾਲ 2018 ਦੌਰਾਨ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਸੰਘਰਸ਼ ਲੜਿਆ ਗਿਆ ਸੀ ਤੇ ਸਾਥੀ ਬਲਕਾਰ ਵਲਟੋਹਾ ਨੇ ਇਸ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਈ ਸੀ ।
ਉਸ ਸਮੇਂ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਪੰਜਾਬ ਸਰਕਾਰ ਨੇ ਸਾਥੀ ਬਲਕਾਰ ਵਲਟੋਹਾ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਉਨ੍ਹਾਂ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਤੋਂ 250 ਕਿਲੋਮੀਟਰ ਦੂਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਜ਼ਿਲ੍ਹਾ ਮਾਨਸਾ ਵਿੱਚ ਕਰ ਦਿੱਤੀ ਸੀ । ਸੰਘਰਸ਼ ਦੀ ਸਮਾਪਤੀ ਹੋਣ ’ਤੇ ਸਿੱਖਿਆ ਮੰਤਰੀ ਪੰਜਾਬ ਨਾਲ ਮਿਤੀ 22 ਜਨਵਰੀ 2019 ਨੂੰ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਇਸ ਸੰਘਰਸ਼ ਦੌਰਾਨ ਹੋਈਆਂ ਸਾਰੀਆਂ ਬਦਲੀਆਂ ਦੇ ਹੁਕਮ ਮਿਤੀ 22 ਜਨਵਰੀ 2019 ਰਾਹੀਂ ਰੱਦ ਕਰ ਦਿੱਤੇ ਗਏ ਸਨ ਤੇ ਇਹ ਸਪੱਸ਼ਟ ਲਿਖਿਆ ਗਿਆ ਸੀ ਕਿ ਜੇਕਰ ਕੋਈ ਅਧਿਆਪਕ ਬਦਲੀ ਵਾਲੀ ਥਾਂ ਹਾਜ਼ਰ ਨਹੀਂ ਹੋਇਆ ਤਾਂ ਉਸਦੀ ਉਸ ਸਮੇਂ ਦੀ ਬਣਦੀ ਛੁੱਟੀ ਮਨਜ਼ੂਰ ਕੀਤੀ ਜਾਵੇ।
ਇਸ ਫ਼ੈਸਲੇ ਦੀ ਪਾਲਣਾ ਕਰਦੇ ਹੋਏ ਸਾਥੀ ਬਲਕਾਰ ਵਲਟੋਹਾ ਦੀ ਮਿਤੀ 13 ਅਕਤੂਬਰ 2018 ਤੋਂ 22 ਜਨਵਰੀ 2019 ਤੱਕ ਦੀ ਬਣਦੀ ਛੁੱਟੀ ਸਮਰੱਥ ਅਧਿਕਾਰੀ ਵੱਲੋਂ ਪ੍ਰਵਾਨ ਕਰ ਲਈ ਗਈ ਸੀ ਤੇ ਇਸ ਪੀਰੀਅਡ ਦਾ ਬਕਾਇਦਾ ਤੌਰ ’ਤੇ ਨਿਪਟਾਰਾ ਹੋਣ ਤੋਂ ਬਾਅਦ ਬਲਕਾਰ ਵਲਟੋਹਾ 58 ਸਾਲ ਦੀ ਉਮਰ ਪੂਰੀ ਹੋਣ ਕਰਕੇ ਮਿਤੀ 30 ਜੂਨ 2021 ਨੂੰ ਸੇਵਾ ਨਵਿਰਤ ਵੀ ਹੋ ਗਏ ਤੇ ਉਨ੍ਹਾਂ ਦੇ ਪੈਨਸ਼ਨ ਕੇਸ ਦਾ ਨਿਪਟਾਰਾ ਹੋ ਗਿਆ ।
ਅਧਿਆਪਕ ਆਗੂਆਂ ਨੇ ਅੱਗੇ ਦੱਸਿਆ ਕਿ ਸੇਵਾ ਮੁਕਤ ਹੋਣ ਦੇ ਤਿੰਨ ਮਹੀਨਿਅ ਬਾਅਦ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ ) ਪੰਜਾਬ ਨੇ ਮਿਤੀ ਸਤੰਬਰ 2021 ਨੂੰ ਬਲਕਾਰ ਵਲਟੋਹਾ ਦੀ ਪੈਨਸ਼ਨ ਵਿੱਚੋਂ 2 ਸਾਲ ਦੇ ਸਮੇਂ ਲਈ 20 ਫੀਸ ਦੀ ਕਟੌਤੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਆਗੂਆਂ ਨੇ ਅੱਗੇ ਦੱਸਿਆ ਕਿ ਬਲਕਾਰ ਵਲਟੋਹਾ ਵੱਲੋਂ ਮਿਤੀ 18 ਅਕਤੂਬਰ 2021 ਨੂੰ ਅਪੀਲ ਕੀਤੀ ਗਈ। ਸਿੱਖਿਆ ਵਿਭਾਗ ਦੇ ਸਮਰੱਥ ਅਧਿਕਾਰੀਆਂ ਵੱਲੋਂ ਕੋਈ ਫੈਸਲਾ ਨਾ ਲੈਣ ਕਰਕੇ ਮੁੜ ਮਿਤੀ 15 ਅਪ੍ਰੈਲ 2022 ਨੂੰ ਰਜਿਸਟਰਡ ਪੱਤਰ ਰਾਹੀਂ ਇਸ ਫ਼ੈਸਲੇ ਸਬੰਧੀ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਗਈ। ਇਹ ਅਪੀਲ ਵ ਹੁਣ ਮਿਤੀ 10 ਮਈ 2022 ਨੂ ਸਰਕਾਰ ਦੇ ਪੱਧਰ ਤੇ ਫ਼ੈਸਲਾ ਲੈਣ ਉਪਰੰਤ ਦਾਖਲ ਦਫਤਰ ਕਰਨ ਦਾ ਪੱਤਰ ਪ੍ਰਾਪਤ ਹੋਇਆ ਹੈ।
ਅਧਿਆਪਕ ਆਗੂਆਂ ਨੇ ਸਿੱਖਿਆ ਵਿਭਾਗ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਇਸ ਪੁਨਰ ਵਿਚਾਰ ਦੀ ਅਪੀਲ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਸਰਕਾਰ ਦੇ ਪੱਧਰ ਤੇ ਕਰਮਚਾਰੀ ਨੂੰ ਨਿੱਜੀ ਸੁਣਵਾਈ ਦਾ ਮੌਕਾ ਦੇਣਾ ਵੀ ਯੋਗ ਨਹੀਂ ਸਮਝਿਆ ਗਿਆ । ਆਗੂਆਂ ਨੇ ਕਿਹਾ ਕਿ ਇਹ ਫ਼ੈਸਲਾ ਗ਼ੈਰ ਤਰਕਸੰਗਤ ਹੈ ਅਤੇ ਕੁਦਰਤੀ ਨਿਆਂ ਦੇ ਖ਼ਿਲਾਫ਼ ਹੈ ।
ਅਧਿਆਪਕ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮੰਗ ਕੀਤੀ ਹੈ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਨਾਲ ਮਿਤੀ 20 ਅਪ੍ਰੈਲ 2022 ਨੂੰ ਹੋਈ ਮੀਟਿੰਗ ਦੇ ਫੈਸਲੇ ਮੁਤਾਬਿਕ ਬਲਕਾਰ ਵਲਟੋਹਾ ਦੀ ਪੈਨਸ਼ਨ ਵਿੱਚੋਂ 2 ਸਾਲ ਲਈ 20 ਫੀਸ ਦੀ ਕਟੌਤੀ ਕਰਨ ਦੇ ਹੁਕਮ ਤੁਰੰਤ ਵਾਪਸ ਲਏ ਜਾਣ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ