ਬੈਡਮਿੰਟਨ: ਕਿਦਾਂਬੀ ਬਣੇ ਸੁਪਰ ਚੈਂਪੀਅਨ

badminton, Superstar, Chapianship, Sports

ਓਲੰਪਿਕ ਜੇਤੂ ਨੂੰ ਹਰਾ ਕੇ ਅਸਟਰੇਲੀਅਨ ਓਪਨ ਚੈਂਪੀਅਨ ਬਣੇ ਸ੍ਰੀਕਾਂਤ

ਸਿਡਨੀ:ਭਾਰਤ ਦੇ ਸਟਾਰ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਐਤਵਾਰ ਲਗਾਤਾਰ ਸੈੱਟਾਂ ‘ਚ 22-20, 21-16 ਨਾਲ ਹਰਾ ਕੇ ਅਸਟਰੇਲੀਅਨ ਓਪਨ ਸੁਪਰ ਸੀਰੀਜ਼ ਦਾ ਪੁਰਸ਼ ਸਿੰਗਲ ਵਰਗ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ।

ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਦਾ ਇੰਡੋਨੇਸ਼ੀਆ ਓਪਨ ਤੋਂ ਬਾਅਦ ਇਹ ਲਗਾਤਾਰ ਦੂਜਾ ਸੁਪਰ ਸੀਰੀਜ਼ ਖਿਤਾਬ ਅਤੇ ਓਵਰਆਲ ਚੌਥਾ ਸੁਪਰ ਸੀਰੀਜ਼ ਖਿਤਾਬ ਹੈ। ਉਨ੍ਹਾਂ ਨੂੰ ਇਸੇ ਸਾਲ ਅਪਰੈਲ ‘ਚ ਖੇਡੇ ਸਿੰਗਾਪੁਰ ਓਪਨ ਫਾਈਨਲ ‘ਚ ਹਮਵਤਨ ਬੀ ਸਾਈ ਪ੍ਰਨੀਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡੋਨੇਸ਼ੀਆ ਓਪਨ ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ ਅਤੇ ਖਿਤਾਬ ਜਿੱਤਿਆ। ਸ੍ਰੀਕਾਂਤ ਇਸ ਤਰ੍ਹਾਂ ਲਗਾਤਾਰ ਤੀਜਾ ਸੁਪਰ ਸੀਰੀਜ਼ ਫਾਈਨਲ ‘ਚ ਜਗ੍ਹਾ ਬਣਾਉਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ। ਸ੍ਰੀਕਾਂਤ ਅਸਟਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ।

ਸਾਇਨਾ ਵੀ ਜਿੱਤ ਚੁੱਕੀ ਐ ਦੋ ਵਾਰ ਖਿਤਾਬ਼

ਇਸ ਤੋਂ ਪਹਿਲਾਂ ਇਹ ਉਪਲੱਬਧੀ ਸਾਇਨਾ ਨੇਹਵਾਲ ਨੂੰ ਹਾਸਲ ਸੀ ਜਿਨ੍ਹਾਂ ਨੇ ਦੋ ਵਾਰ ਇਹ ਖਿਤਾਬ ਜਿੱਤਿਆ ਸੀ ਸਾਇਨਾ ਨੇ 2014 ਅਤੇ 2016 ‘ਚ ਇਹ ਖਿਤਾਬ ਜਿੱਤਿਆ ਸੀ। ਸ੍ਰੀਕਾਂਤ ਲਗਾਤਾਰ ਤਿੰਨ ਸੁਪਰ ਸੀਰੀਜ਼ ਫਾਈਨਲ ‘ਚ ਖੇਡਣ ਵਾਲੇ ਪਹਿਲੇ ਭਾਰਤੀ ਅਤੇ ਦੁਨੀਆ ਦੇ ਛੇਵੇਂ ਖਿਡਾਰੀ ਬਣੇ ਹਨ। ਸ੍ਰੀਕਾਂਤ ਆਪਣੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ 22 ਜੂਨ ਨੂੰ ਜਾਰੀ ਵਿਸ਼ਵ ਰੈਂਕਿੰਗ ‘ਚ 11 ਸਥਾਨਾਂ ਦੀ ਛਾਲ ਲਾ ਕੇ 11ਵੇਂ ਸਥਾਨ ‘ਤੇ ਪਹੁੰਚ ਗਏ ਸਨ ਅਤੇ ਹੁਣ ਅਗਲੇ ਵੀਰਵਾਰ ਨੂੰ ਜਦੋਂ ਨਵੀਂ ਰੈਂਕਿੰਗ ਜਾਰੀ ਹੋਵੇਗੀ ਤਾਂ ਉਹ  ਟਾਪ 10 ‘ਚ ਪਹੁੰਚ ਜਾਣਗੇ।

ਫਾਈਨਲ ਤੋਂ ਪਹਿਲਾਂ ਤੱਕ ਸ੍ਰੀਕਾਂਤ ਚੀਨੀ ਸੁਪਰਸਟਾਰ ਚੇਨ ਲਾਂਗ ਨਾਲ ਪੰਜ ਵਾਰ ਭਿੜੇ ਸਨ ਅਤੇ ਹਰ ਵਾਰ ਉਨ੍ਹਾਂ ਨੂੰ ਹਾਰ ਮਿਲੀ ਸੀ, ਪਰ ਇਸ ਵਾਰ ਸ੍ਰੀਕਾਂਤ ਦੀ ਮੌਜ਼ੂਦਾ ਫਾਰਮ ਦੇ ਅੱਗੇ ‘ਚੀਨ ਦੀ ਦੀਵਾਰ’ ਟੁੱਟ ਗਈ। ਸ੍ਰੀਕਾਂਤ ਹੁਣ ਤੱਕ ਲਗਾਤਾਰ 10 ਮੁਕਾਬਲੇ ਜਿੱਤ ਚੁੱਕੇ ਹਨ। ਸ੍ਰੀਕਾਂਤ ਦੀ ਵਾਪਸੀ ‘ਚ ਉਨ੍ਹਾਂ ਦੇ ਨਵੇਂ ਕੋਚ ਇੰਡੋਨੇਸ਼ੀਆ ਦੇ ਹੋਂਡੋਯੋ ਦਾ ਵੱਡਾ ਹੱਥ ਹੈ ।

ਪ੍ਰਧਾਨ ਮੰਤਰੀ ਵੱਲੋਂ ਪੰਜ ਲੱਖ ਦੇਣ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਦੀ ਬਾਤ ‘ਚ ਸ੍ਰੀਕਾਂਤ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ  ਦਿੱਤੀ ਇੰਡੋਨੇਸ਼ੀਆ ਓਪਨ ਜਿੱਤਣ ‘ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਨਗਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ

ਦੋ ਹਫਤਿਆਂ ‘ਚ ਸ੍ਰੀਕਾਂਤ ਨੂੰ 10 ਲੱਖ ਦਾ ਪੁਰਸਕਾਰ

ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਅਸਟਰੇਲੀਅਨ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣੇ ਕਿਦਾਂਬੀ ਸ੍ਰੀਕਾਂਤ ਨੂੰ ਪੰਜ ਲੱਖ ਰੁਪਏ ਦਾ ਨਗਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਬਾਈ ਦੇ ਪ੍ਰਧਾਨ ਹਿਮਾਂਤਾ ਬਿਸਵਾ ਸ਼ਰਮਾ ਨੇ ਖਿਤਾਬ ਜਿੱਤਣ ਵਾਲੇ ਸ੍ਰੀਕਾਂਤ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀ ‘ਤੇ ਵਧਾਈ ਦਿੰਦਿਆਂ ਇਹ ਐਲਾਨ ਕੀਤਾ। ਸ਼ਰਮਾ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸ੍ਰੀਕਾਂਤ ਨੇ ਇੰਡੋਨੇਸ਼ੀਆ ਓਪਨ ਤੋਂ ਬਾਅਦ ਅਸਟਰੇਲੀਅਨ ਓਪਨ ‘ਚ ਵੀ ਖਿਤਾਬੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਹ ਭਾਰਤੀ ਬੈਡਮਿੰਟਨ ਅਤੇ ਸੀ੍ਰਕਾਂਤ ਲਈ ਵੱਡੀ ਉਪਲੱਬਧੀ ਹੈ। ਬਾਈ ਦੇ ਜਨਰਲ ਸਕੱਤਰ ਅਤੇ ਬੁਲਾਰੇ ਅਨੂਪ ਨਾਰੰਗ ਨੇ ਵੀ ਸੀ੍ਰਕਾਂਤ ਨੂੰ ਹਾਰਦਿਕ ਵਧਾਈ ਦਿੱਤੀ।