ਬਗਾਵਤ ਨੂੰ ਠੱਲ੍ਹ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਸਖ਼ਤ ਤੇ ਵੱਡਾ ਫੈਸਲਾ
ਕੋਰ ਕਮੇਟੀ ਨੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਅਜਨਾਲਾ ਨੂੰ ਪੁੱਤਰਾਂ ਸਮੇਤ ਪਾਰਟੀ ‘ਚੋਂ ਕੱਢਿਆ
ਪਰਕਾਸ਼ ਸਿੰਘ ਬਾਦਲ ਦੀ ਸ਼ਰਾਫ਼ਤ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸਨ ਦੋਵੇਂ ਲੀਡਰ : ਬੈਂਸ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਤੇ ਸਖ਼ਤ ਕਾਰਵਾਈ ਕਰਦੇ ਹੋਏ ਆਪਣੇ-ਆਪ ਨੂੰ ਮਾਝੇ ਦੇ ਜਰਨੈਲ ਅਖਵਾਉਂਦੇ ਬਾਗੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਸਣੇ ਉਨ੍ਹਾਂ ਦੇ ਪੁੱਤਰਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਪੁਰਾਣੇ ਲੀਡਰਾਂ ਵਿੱਚੋਂ ਪਹਿਲੀ ਵਾਰ ਕਿਸੇ 2 ਲੀਡਰਾਂ ਨੂੰ ਪਰਿਵਾਰ ਸਣੇ ਬੇਇੱਜ਼ਤ ਕਰਕੇ ਪਾਰਟੀ ਤੋਂ ਬਾਹਰ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇਹ ਫੈਸਲਾ ਸੁਣਾਉਂਦੇ ਹੋਏ ਸਾਫ਼ ਕਿਹਾ ਕਿ ਪਾਰਟੀ ਨਾਲ ਬਗਾਵਤ ਕਰਨ ਵਾਲੇ ਲੀਡਰਾਂ ਨੇ ਪਰਕਾਸ਼ ਸਿੰਘ ਬਾਦਲ ਬਾਦਲ ਦੀ ਸ਼ਰਾਫ਼ਤ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਸ਼ੁਰੂਆਤ ਵਿੱਚ ਬਰਦਾਸ਼ਤ ਕੀਤਾ ਗਿਆ ਪਰ ਹੁਣ ਪਾਣੀ ਸਿਰ ਤੋਂ ਉੱਪਰ ਜਾ ਰਿਹਾ ਸੀ, ਜਿਸ ਕਾਰਨ ਇਨ੍ਹਾਂ ਨੂੰ ਪਾਰਟੀ ਤੋਂ ਹੀ ਕੱਢ ਦਿੱਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦੀ ਕੋਰ ਕਮੇਟੀ ਨੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ, ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ 6 ਸਾਲ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨੂੰ ਖ਼ਾਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਇੱਕ ਵੀ ਲੀਡਰ ਨੇ ਰਣਜੀਤ ਸਿੰਘ ਬ੍ਰਹਮਪੁਰਾ ਜਾਂ ਫਿਰ ਰਤਨ ਸਿੰਘ ਅਜਨਾਲਾ ਦੇ ਹੱਕ ਵਿੱਚ ਹਾਮੀ ਤੱਕ ਨਹੀਂ ਭਰੀ, ਸਗੋਂ ਲਗਭਗ ਸਾਰਿਆਂ ਨੇ ਇਨਾਂ ਦੋਵਂੇ ਲੀਡਰਾਂ ਖ਼ਿਲਾਫ਼ ਰੱਜ ਕੇ ਭੜਾਸ ਕੱਢਦੇ ਹੋਏ ਇਨਾਂ ਨੂੰ ਧੋਖੇਬਾਜ਼ ਅਤੇ ਮੌਕਾਪ੍ਰਸਤ ਲੀਡਰ ਤੱਕ ਕਰਾਰ ਦਿੱਤਾ ਗਿਆ। ਕੋਰ ਕਮੇਟੀ ਵਿੱਚ ਇੱਕ ਮੈਂਬਰ ਨੇ ਇੱਥੇ ਤੱਕ ਕਹਿ ਦਿੱਤਾ ਕਿ ਪਾਰਟੀ ਦੀ ਪਿਛਲੇ 10 ਸਾਲ ਸਰਕਾਰ ਦੌਰਾਨ ਇਨਾਂ ਲੀਡਰਾਂ ਨੇ ਨਾ ਸਿਰਫ਼ ਰੱਜ ਕੇ ਸਰਕਾਰ ਤੋਂ ਫਾਇਦਾ ਲਿਆ, ਸਗੋਂ ਆਪਣੇ ਪੁੱਤਰਾਂ ਨੂੰ ਵਿਧਾਇਕ ਵੀ ਬਣਾਇਆ। ਹੁਣ ਜਦੋਂ ਪਾਰਟੀ ਨੂੰ ਆਪਣੇ ਹੀ ਲੀਡਰਾਂ ਦੀ ਸਭ ਤੋਂ ਜਿਆਦਾ ਲੋੜ ਹੈ ਤਾਂ ਇਹ ਭੱਜਦੇ ਹੋਏ ਪਾਰਟੀ ਖ਼ਿਲਾਫ਼ ਹੀ ਬੋਲਣ ਲਗੇ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਹਰਚਰਨ ਬੈਂਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਵਜੋਂ ਸ੍ਰ ਬ੍ਰਹਮਪੁਰਾ ਅਤੇ ਡਾ. ਅਜਨਾਲਾ ਪਾਰਟੀ ਵੱਲੋਂ ਅਤੀਤ ਵਿੱਚ ਲਏ ਗਏ ਸਾਰੇ ਫੈਸਲਿਆਂ ਵਿੱਚ ਸ਼ਾਮਿਲ ਰਹੇ ਹਨ। ਇਨਾਂ ਵਿੱਚ ਪਾਰਟੀ ਦੀ ਸਰਕਾਰ ਸਮੇਂ ਲਏ ਗਏ ਫੈਸਲੇ ਵੀ ਸ਼ਾਮਿਲ ਹਨ। ਉਨਾਂ ਕਿਹਾ ਕਿ ਸਰਦਾਰ ਬ੍ਰਹਮਪੁਰਾ ਬੇਅਦਬੀ ਦੇ ਮੁੱਦੇ ਉੱਤੇ ਪਾਰਟੀ ਦੇ ਖ਼ਿਲਾਫ਼ ਬਿਆਨ ਦਾਗਦੇ ਆ ਰਹੇ ਹਨ, ਉਹ ਭੁੱਲ ਰਹੇ ਹਨ ਕਿ ਜਦੋਂ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਨੇ ਬੇਅਦਬੀ ਦੇ ਮੁੱਦੇ ਉੱਤੇ ਰੋਸ ਵਜੋਂ ਅਸਤੀਫ਼ਾ ਦੇ ਕੇ ਸੀਟ ਖਾਲੀ ਕੀਤੀ ਸੀ ਤਾਂ ਉਸ ਸੀਟ ਤੋਂ ਆਪਣੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਚੋਣ ਲੜਾਉਣ ਲਈ ਸਰਦਾਰ ਬ੍ਰਹਮਪੁਰਾ ਨੇ ਪਾਰਟੀ ਲੀਡਰਸ਼ਿਪ ਉੱਤੇ ਜ਼ੋਰ ਪਾਇਆ ਸੀ। ਇੱਥੋਂ ਤਕ ਕਿ ਅੱਜ ਵੀ ਸਰਦਾਰ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਦੇ ਮੈਂਬਰ ਹਨ। ਉਨਾਂ ਨੇ ਉਸੇ ਸਰਕਾਰ ਰਾਹੀਂ ਆਪਣੇ ਭਤੀਜੇ ਅਲਵਿੰਦਰ ਪਾਲ ਸਿੰਘ ਪੱਖੋਕੇ ਨੂੰ ਪੰਜਾਬ ਸੂਚਨਾ ਕਮਿਸ਼ਨ ਵਿਚ ਕਮਿਸ਼ਨਰ ਲਗਵਾਇਆ ਸੀ, ਜਿਸ ਦੀ ਉਹ ਆਲੋਚਨਾ ਕਰ ਰਹੇ ਹਨ।
ਕੋਰ ਕਮੇਟੀ ਨੇ ਕਿਹਾ ਕਿ ਇਸੇ ਤਰਾਂ ਡਾ. ਰਤਨ ਸਿੰਘ ਅਜਨਾਲਾ ਹਮੇਸ਼ਾ ਹੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਦੇ ਖਾਸ ਰਹੇ, ਜਿਨਾਂ ਨੂੰ ਨਾ ਸਿਰਫ਼ ਵਾਰ ਵਾਰ ਵਿਧਾਨ ਸਭਾ ਲਈ ਪਾਰਟੀ ਟਿਕਟ ਦਿੱਤੀ ਗਈ, ਸਗੋਂ ਉਨਾਂ ਸੰਸਦ ਮੈਂਬਰ ਵਰਗੇ ਵੱਕਾਰੀ ਅਹੁਦਿਆਂ ਉੱਤੇ ਵੀ ਬਿਠਾਇਆ। ਕੋਰ ਕਮੇਟੀ ਨੇ ਅਫਸੋਸ ਪ੍ਰਗਟ ਕੀਤਾ ਕਿ ਇਨਾਂ ਦੋਵੇਂ ਆਗੂਆਂ ਨੇ ਪਾਰਟੀ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਿਖਾਈ ਹਲੀਮੀ, ਸਬਰ ਅਤੇ ਦਰਿਆ-ਦਿਲੀ ਦਾ ਨਿਰਾਦਰ ਕੀਤਾ ਹੈ। ਕੋਰ ਕਮੇਟੀ ਨੇ ਕਿਹਾ ਕਿ ਪਾਰਟੀ ਵਿਰੁੱਧ ਅਨੁਸਾਸ਼ਣਹੀਣਤਾ ਨੂੰ ਕਿਸੇ ਵੀ ਕੀਮਤ ਉੱੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਇਨਾਂ ਆਗੂਆਂ ਪ੍ਰਤੀ ਬਹੁਤ ਜ਼ਿਆਦਾ ਸਬਰ ਅਤੇ ਸਹਿਣਸ਼ੀਲਤਾ ਦਾ ਮੁਜ਼ਾਹਰਾ ਕਰ ਚੁੱਕੇ ਹਨ।
ਮਾਝੇ ਦੇ ਜਰਨੈਲ ਰਹਿਣਗੇ ਬਿਕਰਮ ਮਜੀਠੀਆ
ਆਪਣੇ ਆਪ ਨੂੰ ਮਾਝੇ ਦਾ ਜਰਨੈਲ ਕਹਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਦੀ ਪਾਰਟੀ ‘ਚੋਂ ਕੀਤੀ ਛੁੱਟੀ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਹੀ ਮਾਝੇ ਦੇ ਇੱਕੋ-ਇੱਕ ਲੀਡਰ ਰਹਿ ਗਏ ਹਨ, ਜਿਹੜੇ ਕਿ ਜਰਨੈਲ ਬਣ ਗਏ ਹਨ। ਹਾਲਾਂਕਿ ਬਿਕਰਮ ਮਜੀਠੀਆ ਤੋਂ ਇਲਾਵਾ ਵੀ ਮਾਝੇ ਵਿੱਚੋਂ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਕਈ ਵੱਡੇ ਲੀਡਰ ਹਨ ਪਰ ਜਰਨੈਲ ਅਖਵਾਉਣ ਦਾ ਤਮਗਾ ਕੁਝ ਲੀਡਰਾਂ ਕੋਲ ਹੀ ਸੀ। ਜਿਸ ਕਾਰਨ ਇਨ੍ਹਾਂ ਲੀਡਰਾਂ ਨੂੰ ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਮਜੀਠੀਆ ਦੇ ਸਿਰ ‘ਤੇ ਮਾਝੇ ਦੇ ਜਰਨੈਲ ਦਾ ਤਾਜ ਆਪਣੇ ਆਪ ਆ ਕੇ ਸੱਜ ਗਿਆ ਹੈ।
ਵੱਡੇ ਬਾਦਲ ਅੱਗੇ ਨਹੀਂ ਟਿਕਿਆ ਕੋਈ ਵੀ ਬਾਗੀ
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਬਾਰੇ ਇਹ ਗੱਲ ਬੜੀ ਪ੍ਰਸਿੱਧ ਰਹੀ ਹੈ ਕਿ ਪਾਰਟੀ ਅੰਦਰ ਕੋਈ ਕਹਿੰਦਾ ਕਹਾਉਂਦਾ ਆਗੂ ਵੀ ਬਾਗੀ ਹੋ ਕੇ ਕਾਮਯਾਬ ਨਹੀਂ ਹੋ ਸਕਿਆ ਬਰਨਾਲਾ ਪਰਿਵਾਰ ਸਮੇਤ ਕਈ ਹੋਰ ਵੱਡੇ ਆਗੂਆਂ ਨੇ ਚੋਣਾਂ ਮੌਕੇ ਬਗਾਵਤ ਦਾ ਝੰਡਾ ਚੁੱਕਿਆ ਪਰ ਕੋਈ ਵੀ ਆਪਣੀ ਪਾਰਟੀ ਜਾਂ ਅਜ਼ਾਦ ਹਸਤੀ ਕਾਇਮ ਨਹੀਂ ਕਰ ਸਕਿਆ ਕਈ ਪਾਰਟੀ ‘ਚ ਵਾਪਸ ਆ ਗਏ ਤੇ ਕਈ ਨੇ ਆਪਣਾ ਸਿਆਸੀ ਕੈਰੀਅਰ ਗੁਆ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।