ਸਾਡੇ ਨਾਲ ਸ਼ਾਮਲ

Follow us

11.5 C
Chandigarh
Monday, February 2, 2026
More
    Home Breaking News ਬਾਦਲਾਂ ਨੇ ਪੰਜ...

    ਬਾਦਲਾਂ ਨੇ ਪੰਜਾਬ ’ਚ ਮਾਫੀਆ ਰਾਜ ਪੈਦਾ ਕੀਤਾ ਤੇ ਕੈਪਟਨ ਨਾਲ ਮਿਲੀਭਗਤ ਨਾਲ ਜਾਰੀ ਰੱਖਿਆ : ਮੁੱਖ ਮੰਤਰੀ ਚੰਨੀ

    CM Charanjit Channi Sachkahoon

    ਮੁੱਖ ਮੰਤਰੀ ਨੇ ਫਾਜ਼ਿਲਕਾ ਵਿਖੇ ਮੈਡੀਕਲ ਕਾਲਜ ਬਣਾਉਣ ਦਾ ਕੀਤਾ ਐਲਾਨ

    ਫਾਜ਼ਿਲਕਾ ਦੇ ਸਿਵਲ ਹਸਪਤਾਲ ਅਤੇ ਨਵੇਂ ਬੱਸ ਅੱਡੇ ਦਾ ਕੀਤਾ ਉਦਘਾਟਨ

    (ਰਜਨੀਸ਼ ਰਵੀ) ਫਾਜਿਲਕਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਕਿ ਬਾਦਲ ਪਰਿਵਾਰ ਨੇ ਰਾਜ ਵਿੱਚ ਮਾਫੀਆ ਰਾਜ ਪੈਦਾ ਕੀਤਾ ਸੀ ਜਿਸ ਨੇ ਹਰ ਹਰਬਾ ਵਰਤ ਕੇ ਲੋਕਾਂ ਤੇ ਸਰਕਾਰੀ ਸੋਮਿਆਂ ਨੂੰ ਲੁੱਟਿਆ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਵੀ ਬਾਦਲ ਪਰਿਵਾਰ ਦੀ ਇਹ ਮਿਲੀਭੁਗਤ ਜਾਰੀ ਰਹੀ, ਪਰ ਹੁਣ ਲੋਕਾਂ ਦੀ ਸਰਕਾਰ ਕਾਇਮ ਹੋਈ ਹੈ ਅਤੇ ਹਰ ਪ੍ਰਕਾਰ ਦੇ ਮਾਫੀਏ ਦਾ ਖਾਤਮਾ ਕੀਤਾ ਜਾ ਰਿਹਾ ਹੈ।

    ਇਸਦੇ ਨਾਲ ਹੀ ਕੇਜਰੀਵਾਲ ਅਤੇ ਬਾਹਰਲੇ ਸੂਬਿਆਂ ਤੋਂ ਆਈ ਉਨ੍ਹਾਂ ਦੀ ਟੋਲੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇੰਨ੍ਹਾਂ ਵੱਲੋਂ ਦਿੱਲੀ ਵਿੱਚ ਤਾਂ ਲੋਕਾਂ ਦੀ ਭਲਾਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਪਰ ਦਿਲ ਦੇ ਕਾਲੇ ਕੇਜਰੀਵਾਲ ਵੱਲੋਂ ਇੱਥੇ ਆ ਕੇ ਲੋਕਾਂ ਨੂੰ ਝੂਠੇ ਸਬਜਬਾਗ ਵਿਖਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਪੰਜਾਬ ਦੇ ਸੂਝਵਾਨ ਲੋਕਾਂ ਇੰਨ੍ਹਾਂ ਦੇ ਭਰਮਾਊ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਹੋਣਗੇ ਅਤੇ ਪੰਜਾਬ ਦੀ ਵਾਗਡੋਰ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੀ ਰੱਖਣਗੇ।

    ਅੱਜ ਇੱਥੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਸਰਹੱਦੀ ਜਿਲ੍ਹੇ ਫਾਜ਼ਿਲਕਾ ਵਿੱਚ ਸਿਹਤ ਸਹੂਲਤਾਂ ਅਤੇ ਮੈਡੀਕਲ ਪੜ੍ਹਾਈ ਦੀ ਸੁਵਿਧਾ ਰਾਜ ਦੇ ਦੂਰ ਦਰਾਜ ਦੇ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਹੈ ਕਿ ਗਰੀਬ ਤੇ ਮੱਧਵਰਗੀ ਲੋਕਾਂ ਨੂੰ ਵੀ ਸਿਹਤ ਅਤੇ ਸਿੱਖਿਆ ਵਰਗੀਆਂ ਬਰਾਬਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਲਈ ਉਨ੍ਹਾਂ ਨੇ ਫਾਜ਼ਿਲਕਾ ਵਿੱਚ ਮੈਡੀਕਲ ਕਾਲਜ ਬਣਾਉਣ ਦੇ ਨਾਲ-ਨਾਲ ਇੱਥੋਂ ਦੇ ਸਰਕਾਰੀ ਕਾਲਜ ਵਿਚ ਪੋਸਟ ਗ੍ਰੈਜੂਏਟ ਪੱਧਰ ਦੇ ਨਵੇਂ ਕਿੱਤਾਮੁੱਖੀ ਕੋਰਸ ਸ਼ੁਰੂ ਕਰਨ ਦਾ ਐਲਾਣ ਵੀ ਕੀਤਾ।

    ਇਸ ਮੌਕੇ ਮੁੱਖ ਮੰਤਰੀ ਨੇ ਫਾਜ਼ਿਲਕਾ ਦੀਆਂ ਤਿੰਨ ਇਤਿਹਾਸਕ ਥਾਂਵਾਂ ਦੀ ਪੂਰਾਤੱਤਵ ਵਿਭਾਗ ਰਾਹੀਂ ਸੰਭਾਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੰਬੰੰਧਤ ਵਿਭਾਗ ਦੀ ਕਮੇਟੀ ਇੰਨ੍ਹਾਂ ਇਤਿਹਾਸਕ ਥਾਂਵਾਂ ਦਾ ਦੌਰਾ ਕਰਕੇ ਇੰਨ੍ਹਾਂ ਨੂੰ ਸੰਭਾਲ ਲਈ ਨੀਤੀ ਤਿਆਰ ਕਰੇਗੀ। ਮੁੱਖ ਮੰਤਰੀ ਨੇ ਸਰਹੱਦੀ ਕਿਸਾਨਾਂ ਦੇ ਜਮੀਨਾਂ ਦੇ ਮਾਲਕੀ ਹੱਕ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇੰਨ੍ਹਾਂ ਕਿਸਾਨਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਜਮੀਨ ਦੇ ਮਾਲਕੀ ਹੱਕ ਦੇਵੇਗੀ ਜਿੰਨ੍ਹਾਂ ਨੇ ਜਮੀਨ ਦੀ ਕੀਮਤ ਅਦਾ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਤਾਰ ਪਾਰਲੇ ਕਿਸਾਨਾਂ ਨੂੰ ਮੁਆਵਜੇ ਦਾ ਮੁੱਦਾ ਵੀ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ ਅਤੇ ਕੁਦਰਤੀ ਆਫਤਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਵੀ ਜਲਦ ਅਦਾ ਕਰ ਦਿੱਤਾ ਜਾਵੇਗਾ।

    ਇਸ ਤੋਂ ਪਹਿਲਾਂ ਉਨ੍ਹਾਂ ਫਾਜਿਲਕਾ ਵਿਖੇ 20.72 ਕਰੋੜ ਰੁਪਏ ਦੀ ਲਾਗਤ ਨਾਲ ਬਣੇ 100 ਬੈੱਡ ਦੇ ਜਿਲ੍ਹਾ ਹਸਪਤਾਲ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਹੀਦ ਊਧਮ ਸਿੰਘ ਬੱਸ ਟਰਮੀਨਲ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਇਲਾਕੇ ਦੀਆਂ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here