ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਦੇਸ਼ ਬਾਦਲ ਸਾਹਿਬ ਹਮ...

    ਬਾਦਲ ਸਾਹਿਬ ਹਮੇਸ਼ਾ ਸਾਡੇ ਦਿਲਾਂ ‘ਚ ਜਿਉਂਦੇ ਰਹਿਣਗੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

    Prakash Singh Badal

    Prakash Singh Badal ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ਰਧਾਂਜਲੀ

    25 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਮੈਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਜੀ (Prakash Singh Badal) ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਮੈਂ ਅਥਾਹ ਉਦਾਸੀ ਨਾਲ ਭਰ ਗਿਆ। ਉਨ੍ਹਾਂ ਦੇ ਦੇਹਾਂਤ ਨਾਲ, ਮੈਂ ਇੱਕ ਪਿਤਾ ਸਮਾਨ ਸ਼ਖਸੀਅਤ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਨੇ ਦਹਾਕਿਆਂ ਤੱਕ ਮੇਰਾ ਮਾਰਗਦਰਸ਼ਨ ਕੀਤਾ। ਇੱਕ ਤੋਂ ਵੱਧ ਢੰਗਾਂ ਨਾਲ, ਉਨ੍ਹਾਂ ਭਾਰਤ ਅਤੇ ਪੰਜਾਬ ਦੀ ਰਾਜਨੀਤੀ ਨੂੰ ਆਕਾਰ ਦਿੱਤਾ, ਜਿਸ ਨੂੰ ਬੇਮਿਸਾਲ ਆਖਿਆ ਜਾ ਸਕਦਾ ਹੈ।

    ਬਾਦਲ ਸਾਹਿਬ ਇੱਕ ਵੱਡੇ ਨੇਤਾ ਸਨ, ਇਸ ਗੱਲ ਨੂੰ ਆਮ ਤੌਰ ‘ਤੇ ਮੰਨਿਆ ਜਾਂਦਾ ਹੈ। ਪਰ, ਸਭ ਤੋਂ ਵੱਡੀ ਗੱਲ, ਉਹ ਇੱਕ ਵੱਡੇ ਦਿਲ ਵਾਲੇ ਇਨਸਾਨ ਸਨ। ਵੱਡਾ ਨੇਤਾ ਬਣਨਾ ਸੌਖਾ ਹੈ ਪਰ ਵੱਡੇ ਦਿਲ ਵਾਲੇ ਹੋਣ ਲਈ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ ਹੈ। ਪੰਜਾਬ ਭਰ ਦੇ ਲੋਕ ਕਹਿੰਦੇ ਹਨ – ਬਾਦਲ ਸਾਹਿਬ ਦੀ ਗੱਲ ਤਾਂ ਵੱਖਰੀ ਸੀ! (‘ਬਾਦਲ ਸਾਹਿਬ ਕੀ ਬਾਤ ਅਲਗ ਥੀ’)

    ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਸਾਹਿਬ ਸਾਡੇ ਸਮਿਆਂ ਦੇ ਸਭ ਤੋਂ ਕੱਦਾਵਰ ਕਿਸਾਨ ਨੇਤਾਵਾਂ ਵਿੱਚ ਸ਼ੁਮਾਰ ਹਨ। ਖੇਤੀਬਾੜੀ ਉਨ੍ਹਾਂ ਦਾ ਅਸਲ ਸ਼ੌਕ ਸੀ। ਜਦੋਂ ਵੀ ਉਹ ਕਿਸੇ ਵੀ ਮੌਕੇ ‘ਤੇ ਬੋਲਦੇ ਸਨ ਤਾਂ ਉਨ੍ਹਾਂ ਦੇ ਭਾਸ਼ਣ ਤੱਥਾਂ, ਤਾਜ਼ਾ ਜਾਣਕਾਰੀ ਅਤੇ ਬਹੁਤ ਸਾਰੀ ਨਿੱਜੀ ਸੂਝ-ਬੂਝ ਨਾਲ ਭਰਪੂਰ ਹੁੰਦੇ ਸਨ।

    1990 ਦੇ ਦਹਾਕੇ ਵਿੱਚ ਜਦੋਂ ਮੈਂ ਉੱਤਰੀ ਭਾਰਤ ਵਿੱਚ ਪਾਰਟੀ ਦੇ ਕੰਮ ਵਿੱਚ ਜੁਟਿਆ ਸੀ ਤਾਂ ਮੇਰੀ ਬਾਦਲ ਸਾਹਿਬ ਨਾਲ ਨੇੜਿਓਂ ਗੱਲਬਾਤ ਹੋਈ। ਬਾਦਲ ਸਾਹਿਬ ਦੀ ਸਾਖ ਉਨ੍ਹਾਂ ਤੋਂ ਪਹਿਲਾਂ ਸੀ – ਉਹ ਇੱਕ ਸਿਆਸੀ ਦਿੱਗਜ ਸਨ, ਜੋ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ, ਇੱਕ ਕੇਂਦਰੀ ਕੈਬਨਿਟ ਮੰਤਰੀ ਅਤੇ ਦੁਨੀਆ ਭਰ ਦੇ ਕਰੋੜਾਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਵਿਅਕਤੀ ਸਨ। ਦੂਜੇ ਪਾਸੇ, ਮੈਂ ਇੱਕ ਆਮ ਕਾਰਜਕਰਤਾ ਸੀ। ਫਿਰ ਵੀ, ਆਪਣੇ ਸੁਭਾਅ ਅਨੁਸਾਰ, ਉਨ੍ਹਾਂ ਕਦੇ ਵੀ ਇਸ ਨੂੰ ਸਾਡੇ ਦਰਮਿਆਨ ਪਾੜਾ ਨਹੀਂ ਬਣਨ ਦਿੱਤਾ। ਉਹ ਨਿੱਘ ਅਤੇ ਦਿਆਲਤਾ ਨਾਲ ਭਰਪੂਰ ਸਨ। ਇਹ ਉਹ ਗੁਣ ਸਨ, ਜੋ ਆਖਰੀ ਸਾਹ ਤੱਕ ਉਨ੍ਹਾਂ ਦੇ ਨਾਲ ਰਹੇ। ਹਰ ਕੋਈ ਜਿਸ ਨੇ ਬਾਦਲ ਸਾਹਿਬ ਨਾਲ ਨੇੜਿਓਂ ਗੱਲਬਾਤ ਕੀਤੀ ਸੀ, ਉਨ੍ਹਾਂ ਦੀ ਸਿਆਣਪ ਅਤੇ ਮਜ਼ਾਕੀਆ ਸੁਭਾਅ ਨੂੰ ਯਾਦ ਕਰੇਗਾ।

    1990 ਦੇ ਦਹਾਕੇ ਦੇ ਅੱਧ ਅਤੇ ਅੰਤ ਵਿੱਚ ਪੰਜਾਬ ਵਿੱਚ ਸਿਆਸੀ ਮਾਹੌਲ ਬਹੁਤ ਵੱਖਰਾ ਸੀ। 1997 ਵਿੱਚ ਸੂਬੇ ਵਿੱਚ ਬਹੁਤ ਗੜਬੜ ਹੋਈ ਅਤੇ ਚੋਣਾਂ ਹੋਣੀਆਂ ਸਨ। ਸਾਡੀਆਂ ਪਾਰਟੀਆਂ ਇਕੱਠੀਆਂ ਹੋ ਕੇ ਲੋਕਾਂ ਵਿੱਚ ਗਈਆਂ ਅਤੇ ਬਾਦਲ ਸਾਹਿਬ ਸਾਡੇ ਨੇਤਾ ਸਨ। ਉਨ੍ਹਾਂ ਭਰੋਸੇਯੋਗਤਾ ਇੱਕ ਮੁੱਖ ਕਾਰਨ ਸੀ ਕਿ ਲੋਕਾਂ ਨੇ ਸਾਨੂੰ ਸ਼ਾਨਦਾਰ ਜਿੱਤ ਨਾਲ ਨਿਵਾਜਿਆ । ਇੰਨਾ ਹੀ ਨਹੀਂ, ਸਾਡੇ ਗਠਜੋੜ ਨੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਅਤੇ ਸ਼ਹਿਰ ਦੀ ਲੋਕ ਸਭਾ ਸੀਟ ਵੀ ਸਫ਼ਲਤਾਪੂਰਵਕ ਜਿੱਤੀ। ਉਨ੍ਹਾਂ ਦੀ ਸ਼ਖ਼ਸੀਅਤ ਅਜਿਹੀ ਸੀ ਕਿ ਸਾਡਾ ਗਠਜੋੜ 1997 ਤੋਂ 2017 ਤੱਕ 15 ਸਾਲ ਸੂਬੇ ਦੀ ਸੇਵਾ ਕਰਦਾ ਰਿਹਾ!

    ਇੱਕ ਕਿੱਸਾ ਹੈ, ਜੋ ਮੈਂ ਕਦੇ ਨਹੀਂ ਭੁੱਲ ਸਕਦਾ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਬਾਦਲ ਸਾਹਿਬ ਨੇ ਮੈਨੂੰ ਕਿਹਾ ਕਿ ਅਸੀਂ ਇਕੱਠੇ ਅੰਮ੍ਰਿਤਸਰ ਜਾਵਾਂਗੇ, ਜਿੱਥੇ ਅਸੀਂ ਰਾਤ ਰੁਕਾਂਗੇ ਅਤੇ ਅਗਲੇ ਦਿਨ ਅਰਦਾਸ ਕਰਾਂਗੇ ਅਤੇ ਲੰਗਰ ਛਕਾਂਗੇ। ਮੈਂ ਇੱਕ ਗੈਸਟ ਹਾਊਸ ਵਿੱਚ ਆਪਣੇ ਕਮਰੇ ਵਿੱਚ ਸੀ, ਪਰ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਮੇਰੇ ਕਮਰੇ ਵਿੱਚ ਆਏ ਅਤੇ ਮੇਰਾ ਸਾਮਾਨ ਚੁੱਕਣ ਲਗੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ, ਤਦ ਉਨ੍ਹਾਂ ਮੈਨੂੰ ਕਿਹਾ ਕਿ ਮੈਨੂੰ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਕਮਰੇ ਵਿੱਚ ਆਉਣਾ ਪਵੇਗਾ ਅਤੇ ਉੱਥੇ ਹੀ ਰਹਿਣਾ ਪਵੇਗਾ। ਮੈਂ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ, ਪਰ ਉਨ੍ਹਾਂ ਨੇ ਜ਼ੋਰ ਪਾਇਆ। ਆਖ਼ਰਕਾਰ ਅਜਿਹਾ ਹੀ ਹੋਇਆ ਅਤੇ ਬਾਦਲ ਸਾਹਿਬ ਦੂਜੇ ਕਮਰੇ ਵਿੱਚ ਠਹਿਰੇ। ਮੇਰੇ ਵਰਗੇ ਇੱਕ ਬਹੁਤ ਹੀ ਸਾਧਾਰਣ ਕਾਰਯਕਰਤਾ ਪ੍ਰਤੀ ਉਨ੍ਹਾਂ ਇਸ ਰਵੱਈਏ ਦੀ ਮੈਂ ਹਮੇਸ਼ਾ ਕਦਰ ਕਰਾਂਗਾ।

    ਬਾਦਲ ਸਾਹਬ ਦੀਆਂ ਗਊਸ਼ਾਲਾਵਾਂ ਵਿੱਚ ਵਿਸ਼ੇਸ਼ ਰੁਚੀ ਸੀ ਅਤੇ ਉਨ੍ਹਾਂ ਨੇ ਵਿਭਿੰਨ ਕਿਸਮਾਂ ਦੀਆਂ ਗਊਆਂ ਰੱਖੀਆਂ। ਸਾਡੀ ਇੱਕ ਮੁਲਾਕਾਤ ਦੌਰਾਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਗਿਰ ਦੀਆਂ ਗਊਆਂ ਪਾਲਣ ਦੀ ਇੱਛਾ ਸੀ। ਮੈਂ ਉਨ੍ਹਾਂ ਲਈ 5 ਗਊਆਂ ਦਾ ਪ੍ਰਬੰਧ ਕੀਤਾ ਅਤੇ ਉਸ ਤੋਂ ਬਾਅਦ, ਜਦੋਂ ਅਸੀਂ ਮਿਲਦੇ, ਤਾਂ ਉਹ ਮੇਰੇ ਨਾਲ ਗਊਆਂ ਬਾਰੇ ਗੱਲ ਕਰਦੇ ਅਤੇ ਮਜ਼ਾਕ ਵੀ ਕਰਦੇ ਕਿ ਇਹ ਗਊਆਂ ਹਰ ਤਰ੍ਹਾਂ ਨਾਲ ਗੁਜਰਾਤੀ ਹਨ- ਜਦੋਂ ਕਦੇ ਬੱਚੇ ਆਸ-ਪਾਸ ਖੇਡ ਰਹੇ ਹੁੰਦੇ ਹਨ ਉਹ ਕਦੇ ਵੀ ਗੁੱਸੇ, ਉਤੇਜਿਤ ਨਹੀਂ ਹੁੰਦੀਆਂ ਜਾਂ ਕਿਸੇ ‘ਤੇ ਹਮਲਾ ਨਹੀਂ ਕਰਦੀਆਂ। ਉਹ ਇਹ ਵੀ ਟਿੱਪਣੀ ਕਰਦੇ ਸਨ ਕਿ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੁਜਰਾਤੀ ਇੰਨੇ ਕੋਮਲ ਹਨ … ਆਖਰਕਾਰ ਉਹ ਗਿਰ ਦੀਆਂ ਗਊਆਂ ਦਾ ਦੁੱਧ ਪੀਂਦੇ ਹਨ।

    2001 ਤੋਂ ਬਾਅਦ, ਮੈਂ ਬਾਦਲ ਸਾਹਬ ਨਾਲ ਇੱਕ ਵੱਖਰੀ ਹੈਸੀਅਤ ਵਿੱਚ ਗੱਲਬਾਤ ਕਰਨ ਲਈ ਮਿਲਿਆ – ਅਸੀਂ ਹੁਣ ਆਪਣੇ-ਆਪਣੇ ਰਾਜਾਂ ਦੇ ਮੁੱਖ ਮੰਤਰੀ ਸਾਂ।

    ਮੈਨੂੰ ਅਨੇਕ ਮੁੱਦਿਆਂ, ਖਾਸ ਤੌਰ ‘ਤੇ ਪਾਣੀ ਦੀ ਸੰਭਾਲ਼, ਪਸ਼ੂ ਪਾਲਣ ਅਤੇ ਡੇਅਰੀ ਸਮੇਤ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ ‘ਤੇ ਬਾਦਲ ਸਾਹਬ ਦਾ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ। ਉਹ ਅਜਿਹੇ ਵਿਅਕਤੀ ਵੀ ਸਨ ਜੋ ਭਾਰਤੀ ਡਾਇਸਪੋਰਾ ਦੀ ਸਮਰੱਥਾ ਨੂੰ ਵਰਤਣ ਵਿੱਚ ਵਿਸ਼ਵਾਸ ਰੱਖਦੇ ਸੀ, ਇਹ ਸਮਝਦੇ ਹੋਏ ਕਿ ਵਿਦੇਸ਼ਾਂ ਵਿੱਚ ਬਹੁਤ ਸਾਰੇ ਮਿਹਨਤੀ ਪੰਜਾਬੀ ਵਸੇ ਹੋਏ ਹਨ।

    ਇੱਕ ਵਾਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਸਮਝਣਾ ਚਾਹੁੰਦੇ ਹਨ ਕਿ ਅਲੰਗ ਸ਼ਿਪਯਾਰਡ ਕੀ ਹੈ। ਫਿਰ ਉਹ ਉੱਥੇ ਆਏ ਅਤੇ ਸਾਰਾ ਦਿਨ ਅਲੰਗ ਸ਼ਿਪਯਾਰਡ ਵਿੱਚ ਬਿਤਾਇਆ ਅਤੇ ਸਮਝਿਆ ਕਿ ਰੀਸਾਈਕਲਿੰਗ ਕਿਵੇਂ ਕੀਤੀ ਜਾਂਦੀ ਹੈ। ਪੰਜਾਬ ਕੋਈ ਤਟਵਰਤੀ ਸੂਬਾ ਨਹੀਂ ਹੈ, ਇਸ ਲਈ ਇੱਕ ਤਰ੍ਹਾਂ ਨਾਲ ਸ਼ਿਪਯਾਰਡ ਦੀ ਉਨ੍ਹਾਂ ਲਈ ਕੋਈ ਪ੍ਰਤੱਖ ਪ੍ਰਾਸੰਗਿਕਤਾ ਨਹੀਂ ਸੀ ਪਰ ਇਹ ਉਨ੍ਹਾਂ ਦੀ ਨਵੀਂਆਂ ਚੀਜ਼ਾਂ ਸਿੱਖਣ ਦੀ ਇੱਛਾ ਸੀ ਕਿ ਉਨ੍ਹਾਂ ਨੇ ਉੱਥੇ ਦਿਨ ਬਿਤਾਇਆ ਅਤੇ ਸੈਕਟਰ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਸਮਝਿਆ।

    2001 ਦੇ ਭੁਚਾਲ ਦੌਰਾਨ ਨੁਕਸਾਨੇ ਗਏ ਕੱਛ ਦੇ ਪਵਿੱਤਰ ਲਖਪਤ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਮੁਰੰਮਤ ਕਰਨ ਅਤੇ ਉਸ ਨੂੰ ਬਹਾਲ ਕਰਨ ਦੇ ਪ੍ਰਯਤਨਾਂ ਲਈ ਮੈਂ ਗੁਜਰਾਤ ਸਰਕਾਰ ਦੀ ਸ਼ਲਾਘਾ ਦੇ ਉਨ੍ਹਾਂ ਦੇ ਸ਼ਬਦਾਂ ਨੂੰ ਹਮੇਸ਼ਾ ਯਾਦ ਰੱਖਾਂਗਾ। 2014 ਵਿੱਚ ਕੇਂਦਰ ਵਿੱਚ ਐੱਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਇੱਕ ਵਾਰ ਫਿਰ ਆਪਣੇ ਸਮ੍ਰਿੱਧ ਸਰਕਾਰੀ ਤਜ਼ਰਬੇ ਦੇ ਅਧਾਰ ‘ਤੇ ਕੀਮਤੀ ਸਮਝ ਪ੍ਰਦਾਨ ਕੀਤੀ। ਉਨ੍ਹਾਂ ਨੇ ਇਤਿਹਾਸਿਕ ਜੀਐੱਸਟੀ ਸਮੇਤ ਕਈ ਸੁਧਾਰਾਂ ਦਾ ਜ਼ੋਰਦਾਰ ਸਮਰਥਨ ਕੀਤਾ।

    ਮੈਂ ਸਾਡੀ ਗੱਲਬਾਤ ਦੇ ਕੁਝ ਪਹਿਲੂਆਂ ਨੂੰ ਹੀ ਉਜਾਗਰ ਕੀਤਾ ਹੈ। ਆਮ ਤੌਰ ‘ਤੇ, ਆਪਣੇ ਦੇਸ਼ ਲਈ ਉਨ੍ਹਾਂ ਦਾ ਯੋਗਦਾਨ ਅਟੱਲ ਹੈ। ਉਹ ਐਮਰਜੈਂਸੀ ਦੇ ਕਾਲੇ ਦਿਨਾਂ ਵਿੱਚ ਲੋਕਤੰਤਰ ਦੀ ਬਹਾਲੀ ਲਈ ਸਭ ਤੋਂ ਬਹਾਦਰ ਸੈਨਿਕਾਂ ਵਿੱਚੋਂ ਇੱਕ ਸਨ। ਜਦੋਂ ਉਨ੍ਹਾਂ ਦੀਆਂ ਸਰਕਾਰਾਂ ਬਰਖ਼ਾਸਤ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਖ਼ੁਦ ਕਾਂਗਰਸ ਦੇ ਹੰਕਾਰੀ ਸੱਭਿਆਚਾਰ ਦਾ ਸਾਹਮਣਾ ਕੀਤਾ। ਅਤੇ, ਇਨ੍ਹਾਂ ਤਜ਼ਰਬਿਆਂ ਨੇ ਹੀ ਲੋਕਤੰਤਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ।

    ਪੰਜਾਬ ਵਿੱਚ 1970 ਅਤੇ 1980 ਦੇ ਦਹਾਕੇ ਦੇ ਅਸ਼ਾਂਤ ਕਾਲ ਦੌਰਾਨ ਬਾਦਲ ਸਾਹਬ ਨੇ ਪੰਜਾਬ ਫਸਟ ਅਤੇ ਇੰਡੀਆ ਫਸਟ ਰੱਖਿਆ। ਉਨ੍ਹਾਂ ਕਿਸੇ ਵੀ ਅਜਿਹੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਜੋ ਭਾਰਤ ਨੂੰ ਕਮਜ਼ੋਰ ਕਰੇ ਜਾਂ ਪੰਜਾਬ ਦੇ ਲੋਕਾਂ ਦੇ ਹਿਤਾਂ ਨਾਲ ਸਮਝੌਤਾ ਕਰੇ, ਭਾਵੇਂ ਇਸ ਦਾ ਮਤਲਬ ਸੱਤਾ ਦਾ ਨੁਕਸਾਨ ਹੀ ਕਿਉਂ ਨਾ ਹੋਵੇ।

    ਉਹ ਮਹਾਨ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਪੂਰਾ ਕਰਨ ਲਈ ਗਹਿਰੇ ਪ੍ਰਤੀਬੱਧ ਵਿਅਕਤੀ ਸਨ। ਉਨ੍ਹਾਂ ਨੇ ਸਿੱਖ ਵਿਰਸੇ ਦੀ ਸੰਭਾਲ਼ ਕਰਨ ਅਤੇ ਮਨਾਉਣ ਲਈ ਵੀ ਜ਼ਿਕਰਯੋਗ ਉਪਰਾਲੇ ਕੀਤੇ। 1984 ਦੇ ਦੰਗਾ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਕੌਣ ਭੁੱਲ ਸਕਦਾ ਹੈ? ਬਾਦਲ ਸਾਹਬ ਲੋਕਾਂ ਨੂੰ ਇਕੱਠੇ ਕਰਨ ਵਾਲੇ ਵਿਅਕਤੀ ਸਨ। ਉਹ ਹਰ ਵਿਚਾਰਧਾਰਾ ਦੇ ਆਗੂਆਂ ਨਾਲ ਕੰਮ ਕਰ ਸਕਦੇ ਸੀ। ਬਾਦਲ ਸਾਹਬ ਨੇ ਕਦੇ ਵੀ ਸਿਆਸੀ ਫਾਇਦਿਆਂ ਅਤੇ ਨੁਕਸਾਨਾਂ ਨਾਲ ਕੋਈ ਸਬੰਧ ਨਹੀਂ ਜੋੜਿਆ। ਇਹ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਸੀ।

    ਬਾਦਲ ਸਾਹਬ ਦੇ ਦੇਹਾਂਤ ਨਾਲ ਪਏ ਖਲਾਅ ਨੂੰ ਭਰਨਾ ਔਖਾ ਹੋ ਜਾਵੇਗਾ। ਇੱਥੇ ਇੱਕ ਰਾਜਨੇਤਾ ਸਨ ਜਿਨ੍ਹਾਂ ਦੀ ਜ਼ਿੰਦਗੀ ਨੇ ਬਹੁਤ ਸਾਰੀਆਂ ਚੁਣੌਤੀਆਂ ਦੇਖੀਆਂ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਪਾਰ ਕੀਤਾ ਅਤੇ ਫੀਨਿਕਸ ਵਾਂਗ ਉੱਠੇ। ਉਨ੍ਹਾਂ ਦੀ ਕਮੀ ਜ਼ਰੂਰ ਰਹੇਗੀ ਪਰ ਉਹ ਸਾਡੇ ਦਿਲਾਂ ਵਿਚ ਜਿਉਂਦੇ ਰਹਿਣਗੇ ਅਤੇ ਉਹ ਦਹਾਕਿਆਂ ਦੌਰਾਨ ਕੀਤੇ ਗਏ ਸ਼ਾਨਦਾਰ ਕੰਮ ਦੁਆਰਾ ਵੀ ਜਿਉਂਦੇ ਰਹਿਣਗੇ।

    ਸ੍ਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ (ਭਾਰਤ ਸਰਕਾਰ)।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here