ਬਾਦਲ ਪਰਿਵਾਰ ਬਨਾਮ ਢੀਂਡਸਾ ਪਰਿਵਾਰ ‘ਚ ਘਮਾਸਾਨ ਸਿਖ਼ਰ ‘ਤੇ

Badal family vs. Dhindsa family on cotroversy

ਬਾਦਲ ਢੀਂਡਸਾ ਪਰਿਵਾਰ ਨੂੰ ਘਰ ‘ਚ ਢਾਹੁਣ ਲਈ ਲਾਮਬੰਦ

ਢੀਂਡਸਾ ਪਰਿਵਾਰ ਦੂਜੇ ਹਲਕਿਆਂ ‘ਚ ਜੋੜ-ਤੋੜ ‘ਚ ਲੱਗਿਆ

ਸੰਗਰੂਰ, (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਧੜੇ ਨਾਲੋਂ ਬਾਗੀ ਹੋਇਆ ਢੀਂਡਸਾ ਪਰਿਵਾਰ ਦੂਜੇ ਹਲਕਿਆਂ ਵਿੱਚ ਜੋੜ ਤੋੜ ਵਿੱਚ ਲੱÎਗਿਆ ਹੋਇਆ ਹੈ ਜਦੋਂ ਕਿ ਬਾਦਲ ਪਰਿਵਾਰ ਨੇ ਢੀਂਡਸਾ ਨੂੰ ਘਰ ਵਿੱਚ ਚਿੱਤ ਕਰਨ ਲਈ ਵਿਉਂਤਬੰਦੀ ਆਰੰਭ ਦਿੱਤੀ ਹੈ ਜਿਸ ਤਹਿਤ ਫਰਵਰੀ ਮਹੀਨੇ ਵਿੱਚ ਬਾਦਲ ਧੜੇ ਵੱਲੋਂ ਇੱਕ ਵੱਡੀ ਰੈਲੀ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ

ਢੀਂਡਸਾ ਤੇ ਬਾਦਲ ਪਰਿਵਾਰ ‘ਚ ਛਿੜੀ ਸਿਆਸੀ ਜੰਗ ਨੇ ਖੁੱਲ੍ਹੇ ਤੌਰ ‘ਤੇ ਇੱਕ ਦੂਜੇ ਵਿਰੁੱਧ ਡਟਣ ਦਾ ਐਲਾਨ ਕਰ ਦਿੱਤਾ ਹੈ ਢੀਂਡਸਾ ਪਰਿਵਾਰ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿੱਚੋਂ ਨਿੱਕਲ ਕੇ ਦੂਜੇ ਹਲਕਿਆਂ ਵਿੱਚ ਬਾਦਲ ਦਲ ਤੋਂ ਨਾਰਾਜ਼ ਆਗੂਆਂ ਨਾਲ ਰਾਬਤਾ ਕਾਇਮ ਕਰਨ ਵਿੱਚ ਜੁਟ ਗਿਆ ਹੈ ਪਰਮਿੰਦਰ ਸਿੰਘ ਢੀਂਡਸਾ ਪਟਿਆਲਾ, ਲੁਧਿਆਣਾ ਤੋਂ ਇਲਾਵਾ ਕਈ ਹਲਕਿਆਂ ਵਿੱਚ ਦੌਰੇ ਕਰ ਰਹੇ ਹਨ ਜਦੋਂ ਕਿ ਸੁਖਦੇਵ ਸਿੰਘ ਢੀਂਡਸਾ ਚੰਡੀਗੜ੍ਹ ਰਹਿ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਹਾਈਕਮਾਂਡ ਦੀ ਭੂਮਿਕਾ ਅਦਾ ਕਰ ਰਹੇ ਹਨ

ਪਿਛਲੇ ਦਿਨੀਂ ਪਰਮਿੰਦਰ ਢੀਂਡਸਾ ਵੱਲੋਂ ਪਟਿਆਲਾ ਹਲਕੇ ਵਿੱਚ ਇੱਕ ਨਾਰਾਜ਼ ਅਕਾਲੀ ਆਗੂ ਨਾਲ ਗੱਲਬਾਤ ਕੀਤੀ ਭਾਵੇਂ ਇਨ੍ਹਾਂ ਗੱਲਾਂ ਨੂੰ ਫਿਲਹਾਲ ਮੀਡੀਆ ਤੋਂ ਪਾਸੇ ਰੱਖਿਆ ਜਾ ਰਿਹਾ ਹੈ ਪਰ ਢੀਂਡਸਾ ਪਰਿਵਾਰ ਹੁਣ ਪੂਰੇ ਜ਼ੋਰਦਾਰ ਤਰੀਕੇ ਨਾਲ ਆਪਣੀ ਕਹੀ ਨੂੰ ਸਹੀ ਕਰਵਾਉਣ ਵਿੱਚ ਲੱਗਿਆ ਹੋਇਆ ਹੈ ਛੋਟੇ ਢੀਂਡਸਾ ਵੱਲੋਂ ਲਗਾਤਾਰ ਵੱਖ-ਵੱਖ ਹਲਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ ਢੀਂਡਸਾ ਪਰਿਵਾਰ ਦੀ ਇਸ ਵਿੱਢੀ ਮੁਹਿੰਮ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਸਮਰਥਨ ਵਿੱਚ ਉੱਤਰ ਆਇਆ ਹੈ ਅਗਲੇ ਕੁਝ ਦਿਨਾਂ ਵਿੱਚ ਅਕਾਲੀ ਦਲ ਵਿੱਚ ਅਸਤੀਫ਼ਿਆਂ ਦਾ ਦੌਰ ਆਰੰਭ ਹੋਣ ਵਾਲਾ ਹੈ

ਢੀਂਡਸਾ ਪਰਿਵਾਰ ਦੀ ਇਸ ਚੁਣੌਤੀ ਨੂੰ ਸਵੀਕਾਰ ਕੀਤਾ

ਦੂਜੇ ਪਾਸੇ ਬਾਦਲ ਧੜੇ ਵੱਲੋਂ ਵੀ ਢੀਂਡਸਾ ਪਰਿਵਾਰ ਦੀ ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਹੋਰਨਾਂ ਇਲਾਕਿਆਂ ਵਿੱਚੋਂ ਆਪਣਾ ਧਿਆਨ ਹਟਾ ਕੇ ਢੀਂਡਸਾ ਪਰਿਵਾਰ ਨੂੰ ਉਸ ਦੇ ਜ਼ਿਲ੍ਹੇ ਵਿੱਚ ਚਿੱਤ ਕਰਨ ਲਈ ਪੱਬਾਂ ਭਾਰ ਹੋ ਗਿਆ ਹੈ ਬਾਦਲ ਪਰਿਵਾਰ ਦਾ ਢੀਂਡਸਾ ਪਰਿਵਾਰ ‘ਤੇ ਪਹਿਲਾ ਵੱਡਾ ਸਿਆਸੀ ਹਮਲਾ ਕਰਨ ਲਈ ਸੰਗਰੂਰ ਵਿੱਚ ਵੱਡੀ ਰੈਲੀ ਕਰਨ ਦੀ ਯੋਜਨਾ ਬਣਾ ਲਈ ਹੈ ਸੂਤਰਾਂ ਮੁਤਾਬਕ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਇਹ ਰੈਲੀ ਹੋਵੇਗੀ ਜਿਸ ਵਿੱਚ ਵੱਧੋ ਵੱਧ ਇਕੱਠ ਕਰਨ ਲਈ ਅਕਾਲੀ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਇਸ ਲਈ ਮੁਢਲੀ ਯੋਜਨਾ ਤਿਆਰ ਕਰ ਲਈ ਗਈ ਹੈ ਕਿ ਜ਼ਿਲ੍ਹੇ ਵਿੱਚ ਅਕਾਲੀ ਆਗੂਆਂ ਜਿਨ੍ਹਾਂ ਵਿੱਚ ਖ਼ਾਸ ਕਰ ਸੁਖਬੀਰ ਬਾਦਲ ਦੇ ਖ਼ਾਸਮਖ਼ਾਸ ਵਿਨਰਜੀਤ ਸਿੰਘ ਗੋਲਡੀ ਨੂੰ ਥਾਪੜਾ ਦਿੱਤਾ ਗਿਆ ਹੈ

ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਮੀਟਿੰਗਾਂ ਦਾ ਸਿਲਸਲਾ ਤੇਜ਼ ਕੀਤਾ ਜਾ ਰਿਹਾ ਹੈਪਰਮਿੰਦਰ ਸਿੰਘ ਢੀਂਡਸਾ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਮੁੱਚਾ ਪਰਿਵਾਰ ਜੁੜਿਆ ਹੋਇਆ ਹੈ ਅਤੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਤੋਂ ਨਾਰਾਜ਼ ਹੋ ਕੇ ਘਰੇ ਬੈਠੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ

ਪਾਰਟੀ ਪ੍ਰਧਾਨ ਵੱਲੋਂ ਪ੍ਰੋਗਰਾਮ ਉਲੀਕਿਆ ਜਾਵੇਗਾ : ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਦਾ ਕਹਿਣਾ ਹੈ ਕਿ ਜੋ ਵੀ ਪਾਰਟੀ ਪ੍ਰਧਾਨ ਵੱਲੋਂ ਪ੍ਰੋਗਰਾਮ ਉਲੀਕਿਆ ਜਾਵੇਗਾ, ਉਸ ‘ਤੇ ਪਹਿਰਾ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਪਾਰਟੀ ਤੋਂ ਪਾਸੇ ਹਟ ਕੇ ਕਾਰਵਾਈ ਕਰਨ ਵਾਲਿਆਂ ਨਾਲ ਕੋਈ ਰਾਬਤਾ ਨਹੀਂ ਰੱਖਿਆ ਜਾਵੇਗਾ, ਪਾਰਟੀ ਵਿੱਚ ਅਨੁਸ਼ਾਸ਼ਨ ਨੂੰ ਹੀ ਪਹਿਲ ਹੈ

ਪਾਰਟੀ ਦੇ ਸੀਨੀਅਰ ਆਗੂ ਤੇ ਸੁਖਬੀਰ ਦੇ ਖ਼ਾਸਮਖ਼ਾਸ ਪੀਆਰਟੀਸੀ ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਜੋ ਵੀ ਫੈਸਲਾ ਕੀਤਾ ਜਾਵੇਗਾ, ਉਸ ਦੇ ਫੁੱਲ ਚੜ੍ਹਾਏ ਜਾਣਗੇ ਉਨ੍ਹਾਂ ਕਿਹਾ ਕਿ ਸਮੁੱਚੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੀ ਅਕਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਪਾਰਟੀ ਦੇ ਹਰ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਵਾਈ ਜਾਵੇਗੀ

ਦੂਜੇ ਪਾਸੇ ਅਕਾਲੀ ਆਗੂ ਮਹੀਂਪਾਲ ਸਿੰਘ ਭੂਲਣ ਨੇ ਸਪੱਸ਼ਟ ਕਿਹਾ ਹੈ ਕਿ ਉਹ ਸਿਆਸਤ ਵਿੱਚ ਢੀਂਡਸਾ ਪਰਿਵਾਰ ਦੀ ਹੱਲਾਸ਼ੇਰੀ ਕਰਕੇ ਹੀ ਆਏ ਹਨ ਉਹ ਪੂਰੀ ਤਰ੍ਹਾਂ ਢੀਂਡਸਾ ਪਰਿਵਾਰ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਜਿਸ ਤਰ੍ਹਾਂ ਦਾ ਹੁਕਮ ਦਿੱਤਾ ਜਾਵੇਗਾ, ਉਹ ਉਸ ਅਨੁਸਾਰ ਹੀ ਕੰਮ ਕਰਨਗੇ ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੂੰ ਮੁਅੱਤਲ ਕਰਨ ਵਾਲੇ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਨੇ ਪਾਰਟੀ ਲਈ ਕੀ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here