ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਅੰਤਰ ਕਾਲਜ ਕ੍ਰਿਕਟ ਟੂਰਨਾਮੈਂਟ ਜਿੱਤਿਆ
ਬਠਿੰਡਾ, (ਸੁਖਨਾਮ) ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਖੇਡ ਵਿਭਾਗ ਵੱਲੋਂ ਸਾਲਾਨਾ ਅੰਤਰ ਕਾਲਜ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਕੁੱਲ ਚਾਰ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਪਹਿਲਾ ਸੈਮੀਫਾਈਨਲ ਮੈਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਅਤੇ ਪੀ.ਆਈ.ਟੀ. ਰਾਜਪੁਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਇਸ ਮੈਚ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਕ੍ਰਿਕਟ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਅੰਤਰ ਕਾਲਜ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਬੀ.ਐਫ.ਸੀ.ਈ.ਟੀ.) ਅਤੇ ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ ਮੁੱਖ ਕੈਂਪਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ।
ਇਸ ਟੀਮ ਦੇ ਹੋਣਹਾਰ ਖਿਡਾਰੀ ਲਵਪ੍ਰੀਤ ਸਿੰਘ ਨੇ ਆਖ਼ਰੀ ਓਵਰਾਂ ਵਿੱਚ 21 ਗੇਂਦਾਂ ‘ਤੇ 44 ਦੌੜਾਂ ਬਣਾਈਆਂ ਜਿਸ ਵਿੱਚ 6 ਛਿੱਕੇ ਅਤੇ 1 ਚੌਕਾ ਸ਼ਾਮਲ ਹੈ। ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 30 ਓਵਰਾਂ ਵਿੱਚ 159 ਦੌੜਾਂ ਬਣਾਈਆਂ ਜਦੋਂ ਕਿ ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ ਮੁੱਖ ਕੈਂਪਸ ਦੀ ਟੀਮ 87 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਗੇਂਦਬਾਜ਼ੀ ਦੌਰਾਨ ਬੀ.ਐਫ.ਸੀ.ਈ.ਟੀ. ਦੇ ਅਨਮੋਲਦੀਪ ਸਿੰਘ ਨੇ 5 ਵਿਕਟਾਂ, ਈਸ਼ਵਰ ਜੋਤ ਨੇ 2 ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਲਵਦੀਪ, ਗੌਰਵ ਅਤੇ ਸ਼ੁਭਮ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਜਿਸ ਸਦਕਾ ਬੀ.ਐਫ.ਸੀ.ਈ.ਟੀ. ਦੀ ਟੀਮ ਨੇ 72 ਦੌੜਾਂ ਨਾਲ ਇਹ ਮੈਚ ਜਿੱਤ ਕੇ ਅੰਤਰ ਕਾਲਜ ਕ੍ਰਿਕਟ ਟੂਰਨਾਮੈਂਟ ਦੀ ਟਰਾਫ਼ੀ ‘ਤੇ ਕਬਜ਼ਾ ਕਰ ਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਮਨੀਸ਼ ਗੋਇਲ ਨੇ ਜੇਤੂ ਟੀਮ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਾਲਜ ਦੇ ਖੇਡ ਵਿਭਾਗ ਦੇ ਉਪਰਾਲਿਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ , ਡੀਨ ਸਟੂਡੈਂਟ ਵੈੱਲਫੇਅਰ ਇੰਜ. ਅਮਨਦੀਪ ਸਿੰਘ ਅਤੇ ਡੀ.ਪੀ.ਈ. ਪ੍ਰਕਾਸ਼ ਸਿੰਘ ਬਰਾੜ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਵੀ ਇਸੇ ਤਰ੍ਹਾਂ ਪ੍ਰਦਰਸਨ ਕਰਨ ਲਈ ਪ੍ਰੇਰਿਤ ਕੀਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।