ਕਰੈਡਿਟ ਕਾਰਡ ਰਾਹੀਂ ਆਨ ਲਾਇਨ ਠੱਗੀਆਂ ਮਾਰਨ ਵਾਲੇ ਐਕਸਿਸ ਬੈਂਕ ਦੇ ਮੁਲਾਜਮ ਕਾਬੂ

Axis Bank employees control fraudsters online by credit card

ਬੈਂਕ ਦਾ ਸੇਲਜ ਅਫ਼ਸਰ ਤੇ ਸਾਬਕਾ ਮੁਲਾਜਮ ਹੀ ਦਿੰਦੇ ਸਨ ਕਰੈਡਿਟ ਕਾਰਡ ਦੀਆਂ ਆਨ ਲਾਇਨ ਠੱਗੀਆਂ ਨੂੰ ਅੰਜਾਮ

49 ਸਿੰਮ, 7 ਮੋਬਾਇਲ, ਸਾਢੇ 4 ਲੱਖ ਦਾ ਸੋਨਾ, 40 ਹਜ਼ਾਰ ਨਗ਼ਦ, ਇੱਕ ਸਕਾਰਪਿਉ ਗੱਡੀ ਬਰਾਮਦ ਤੇ 3 ਲੱਖ ਰੁਪਏ ਦੀ ਰਕਮ ਫ਼ਰੀਜ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਦੇ ਸਾਇਬਰ ਸੈਲ ਨੇ ਕਰੈਡਿਟ ਕਾਰਡ ਰਾਹੀਂ ਆਨ ਲਾਇਨ ਠੱਗੀਆਂ ਮਾਰਨ ਵਾਲੇ ਐਕਸਿਸ ਬੈਂਕ ਦੇ ਦੋ ਮੁਲਾਜਮਾਂ ਨੂੰ ਕਾਬੂ ਕਰਕੇ ਠੱਗੀਆਂ ਦੇ ਅਜਿਹੇ ਹੀ ਇੱਕ ਗੋਰਖ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਐਕਸਿਸ ਬੈਂਕ ਦੇ ਸੇਲਜ ਅਫ਼ਸਰ ਅਤੇ ਐਕਸਿਸ ਬੈਂਕ ਦੇ ਹੀ ਇੱਕ ਸਾਬਕਾ ਮੁਲਾਜਮ ਕੋਲੋਂ 49 ਮੋਬਾਇਲ ਸਿੰਮ, 7 ਮੋਬਾਇਲ, ਕਰੀਬ ਸਾਢੇ 4 ਲੱਖ ਦਾ ਸੋਨਾ, 40 ਹਜਾਰ ਦੀ ਨਗ਼ਦੀ, ਇੱਕ ਸਕਾਰਪਿਉ ਗੱਡੀ ਬਰਾਮਦ ਕੀਤੀ ਹੈ।

ਪੁਲਿਸ ਵੱਲੋਂ ਇੱਕ ਜਣੇ ਦੇ ਬੈਂਕ ਖਾਤੇ ‘ਚ ਪਈ 3 ਲੱਖ ਰੁਪਏ ਦੀ ਰਕਮ ਫ਼ਰੀਜ ਕਰਵਾਉਣ ਦਾ ਦਾਅਵਾ ਵੀ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਆਨ ਲਾਇਨ ਠੱਗੀ ਮਾਰਨ ਵਾਲੇ ਗਿਰੋਹ ਦੇ ਸਰਗਣੇ ਦੀ ਪਛਾਣ 27 ਸਾਲਾ 12ਵੀਂ ਪਾਸ ਵਿਕਾਸ ਸਰਪਾਲ ਉਰਫ ਗੋਪੀ ਪੁੱਤਰ ਲਵਿੰਦਰ ਕੁਮਾਰ ਵਾਸੀ ਪੰਚ ਰਤਨ ਗਲੀ ਹਰਬੰਸਪੁਰਾ, ਲੁਧਿਆਣਾ ਅਤੇ ਇਸ ਦੇ ਸਾਥੀ 25 ਸਾਲਾ 5ਵੀਂ ਪਾਸ ਰਵੀ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਈ.ਡਬਲਿਊ.ਐਸ ਨੇੜੇ ਨਿਸ਼ਕਾਮ ਸਕੂਲ, ਤਾਜਪੁਰ ਰੋਡ ਲੁਧਿਆਣਾ ਵਜੋਂ ਹੋਈ ਹੈ।

ਇਹ ਵਿਅਕਤੀ ਬੈਂਕ ਦੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ, ਜ਼ਿਨ੍ਹਾਂ ਦੇ ਬੈਂਕ ਡਾਟਾ ‘ਚ ਈ ਮੇਲ ਖਾਤਾ ਦਰਜ ਨਹੀਂ ਸੀ ਹੁੰਦਾ ਅਤੇ ਇਹ ਉਨ੍ਹਾਂ ਦੇ ਕਰੈਡਿਟ ਕਾਰਡ ਰਾਹੀਂ ਫਲਿਪਕਾਰਟ ਤੋਂ ਸੋਨੇ ਦੀਆਂ ਗਿੰਨੀਆਂ, ਮੋਬਾਇਲ ਫੋਨ ਆਦਿ ਖਰੀਦ ਕੇ ਅੱਗੇ ਵੇਚਦੇ ਸਨ। ਇਨ੍ਹਾਂ ਵਿੱਚੋਂ ਇੱਕ ਨੇ ਇਸੇ ਤਰ੍ਹਾਂ ਕਮਾਈ ਰਕਮ ਨਾਲ ਆਪਣੀ ਭੈਣ ਦਾ ਵਿਆਹ ਕੀਤਾ ਅਤੇ ਸਕਾਰਪੀਊੁ ਗੱਡੀ ਵੀ ਖਰੀਦੀ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸਤਿਗੁਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਚਰਾਸੋਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ਼ ਕੀਤਾ ਸੀ ਅਤੇ ਪੜਤਾਲ ਦੌਰਾਨ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹੀਆਂ ਹਨ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੈਂਗਲੌਰ ਤੋਂ ਆਨਲਾਇਨ ਸੋਨੇ ਤੇ ਹੋਰ ਵਸਤਾਂ ਦੀ ਫਲਿਪ ਕਾਰਟ ਰਾਹੀਂ ਖਰੀਦ ਕਰਕੇ ਕਰੈਡਿਟ ਕਾਰਡ ਖਾਤਾ ਧਾਰਕਾਂ ਨਾਲ ਠੱਗੀ ਹੋ ਰਹੀ ਸੀ ਪਰ ਇਹ ਸਾਰਾ ਸਾਮਾਨ ਲੁਧਿਆਣਾ ਵਿਖੇ ਵੱਖ-ਵੱਖ ਫ਼ਰਜੀ ਪਤਿਆਂ ‘ਤੇ ਡਲਿਵਰ ਹੋ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਐਕਸਿਸ ਬੈਂਕ ਦੀ ਲੁਧਿਆਣਾ ਬ੍ਰਾਂਚ ਦਾ ਸੇਲਜ ਅਫ਼ਸਰ ਵਿਕਾਸ ਸਰਪਾਲ ਉਰਫ ਗੋਪੀ ਜੋਕਿ ਕਰੈਡਿਟ ਕਾਰਡ ਬਣਾਉਣ ਦਾ ਕੰਮ ਵੀ ਕਰਦਾ ਸੀ, ਇਸ ਨੇ ਆਪਣੇ ਨਾਲ ਬੈਂਕ ‘ਚ ਪੀਅਨ ਵਜੋਂ ਤਿੰਨ ਮਹੀਨੇ ਪਹਿਲਾਂ ਕੰਮ ਕਰ ਚੁੱਕੇ ਰਵੀ ਨੂੰ ਵੀ ਲਾ ਲਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ‘ਚ ਇਨ੍ਹਾਂ ਦੋਵਾਂ ਨੂੰ ਸਿੰਮ ਮੁਹੱਈਆ ਕਰਵਾਉਣ ਵਾਲੇ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਐਕਸਿਸ ਬੈਂਕ ਦੇ ਮੈਨੇਜ਼ਰ, ਜਿਸ ਦਾ ਫ਼ਰਜੀ ਆਧਾਰ ਕਾਰਡ ਮੁੱਖ ਸਰਗਣੇ ਵੱਲੋਂ ਬਣਾ ਕੇ ਵਰਤਿਆ ਜਾ ਰਿਹਾ ਸੀ, ਨੂੰ ਵੀ ਤਫ਼ਤੀਸ਼ ‘ਚ ਸ਼ਾਮਲ ਕੀਤਾ ਜਾਵੇਗਾ।

ਇੰਝ ਦਿੰਦੇ ਸਨ ਆਨ ਲਾਈਨ ਠੱਗੀ ਨੂੰ ਅੰਜਾਮ

ਇਹ ਐਕਸਿਸ ਬੈਂਕ ਦੇ ਖਾਤਾ ਧਾਰਕਾਂ ਦੇ ਕਰੈਡਿਟ ਕਾਰਡਾਂ ਦੀ ਡਿਟੇਲ, ਕਾਰਡ ਨੰਬਰ, ਸੀਵੀਵੀ ਤੇ ਐਕਸਪਾਇਰੀ ਤਰੀਕ ਆਦਿ ਬੈਂਕ ਵਿਚੋਂ ਹਾਸਲ ਕਰਕੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ, ਜਿਨ੍ਹਾਂ ਦੇ ਖਾਤੇ ‘ਚ ਈਮੇਲ ਦਰਜ ਨਹੀਂ ਸੀ ਹੁੰਦੀ ਅਤੇ ਉਨ੍ਹਾਂ ਦੇ ਫ਼ਰਜੀ ਆਧਾਰ ਤੇ ਮੁਬਾਇਲ ਸਿਮਾਂ ਰਾਹੀਂ ਈਮੇਲ ਬਣਾ ਕੇ ਇਸ ‘ਤੇ ਓ.ਟੀ.ਪੀ. ਹਾਸਲ ਕਰਕੇ ਆਨ ਲਾਇਨ ਫਲਿਪ ਕਾਰਟ ਕੰਪਨੀ ਤੋਂ ਮਹਿੰਗੀਆਂ ਵਸਤੂਆਂ ਮੰਗਵਾ ਲੈਂਦੇ ਸਨ। ਫਿਰ ਇਹ ਸਮਾਨ ਮਾਰਕੀਟ ਵਿੱਚ ਵੇਚ ਦਿੰਦੇ ਸਨ, ਕਿਉਕਿ ਇਸ ਸਮਾਨ ਦਾ ਬਿੱਲ ਵੀ ਨਾਲ ਹੁੰਦਾ ਸੀ ਜਿਸ ਕਰਕੇ ਇਹ ਸਮਾਨ ਵੇਚਣ ਵਿੱਚ ਕੋਈ ਦਿੱਕਤ ਨਹੀ ਆÀੁਂਦੀ ਸੀ।

ਬੈਂਕਾਂ ਲਈ ਵੀ ਖ਼ਤਰੇ ਦੀ ਘੰਟੀ

ਐਸਐਸਪੀ ਦਾ ਕਹਿਣਾ ਹੈ ਕਿ ਬੈਂਕਾਂ ਲਈ ਵੀ ਇਹ ਮਾਮਲਾ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਕਿਉਂਕਿ ਉਹੋ ਵਿਅਕਤੀ ਘਪਲੇਬਾਜੀ ਦੇ ਅਤਿ-ਆਧੁਨਿਕ ਢੰਗ ਨਾਲ ਬੈਂਕਾਂ ਵੱਲੋਂ ਲੋਕਾਂ ਦੇ ਕਰੈਡਿਟ ਕਾਰਡਾਂ ‘ਚੋਂ ਪੈਸਿਆਂ ਨੂੰ ਲੰਮੇ ਸਮੇਂ ਤੋਂ ਹੇਰਾਫ਼ੇਰੀ ਕਰਕੇ ਚੂਨਾ ਲਗਾ ਰਹੇ ਸਨ, ਜਿਨ੍ਹਾਂ ਕੋਲ ਲੋਕਾਂ ਦਾ ਡਾਟਾ ਸੁਰੱਖਿਅਤ ਪਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ ਰਾਹੀਂ ਬੈਂਕਾਂ ਦੀ ਉਚ ਅਥਾਰਟੀ ਨੂੰ ਇਸ ਪ੍ਰਤੀ ਆਗਾਹ ਕਰਨ ਲਈ ਲਿਖਿਆ ਜਾਵੇਗਾ ਤਾਂ ਕਿ ਬੈਕਿੰਗ ਪ੍ਰਣਾਲੀ ‘ਚ ਸੁਧਾਰ ਲਿਆਇਆ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here