ਰੈਲੀ ਮਗਰੋਂ 942 ਘਰਾਂ ਦਾ ਸਰਵੇ, 29 ਵਿਚ ਮਿਲਿਆ ਲਾਰਵਾ
ਮੋਹਾਲੀ (ਐਮ ਕੇ ਸ਼ਾਇਨਾ)। ਜ਼ਿਲ੍ਹਾ ਸਿਹਤ ਵਿਭਾਗ ਨੇ ਬੀਤੀ ਸੋਮਵਾਰ ਮੋਹਾਲੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਡੇਂਗੂ ਵਿਰੁਧ ਹੋਕਾ ਦਿੰਦਿਆਂ ਜਾਗਰੂਕਤਾ ਰੈਲੀ ਕੱਢੀ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਰੈਲੀ ਨੂੰ ਫ਼ੇਜ਼ 3ਬੀ1 ਦੀ ਡਿਸਪੈਂਸਰੀ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਜਿਹੜੀ ਫ਼ੇਜ਼ 7 ਦੀਆਂ ਬੱਤੀਆਂ ’ਤੇ ਖ਼ਤਮ ਹੋਈ। ਰੈਲੀ ਦੌਰਾਨ ਜਿਥੇ ਲੋਕਾਂ ਨੂੰ (Dengue) ਡੇਂਗੂ ਬੁਖ਼ਾਰ ਤੋਂ ਬਚਣ ਦਾ ਹੋਕਾ ਦਿਤਾ ਗਿਆ, ਉਥੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਸਬੰਧੀ ਪੈਂਫ਼ਲੈਂਟ ਵੰਡੇ ਗਏ। ਰੈਲੀ ਤੋਂ ਬਾਅਦ ਸਿਹਤ ਕਾਮਿਆਂ ਵਲੋਂ 942 ਘਰਾਂ ਵਿਚ ਸਰਵੇ ਕੀਤਾ ਗਿਆ ਜਿਸ ਦੌਰਾਨ 29 ਘਰਾਂ ਵਿਚ ਡੇਂਗੂ ਦਾ ਲਾਰਵਾ ਮਿਲਿਆ।
ਰੈਲੀ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ : ਡਾ. ਸ਼ਲਿੰਦਰ ਕੌਰ
ਰੈਲੀ ਦੌਰਾਨ ਗੱਲਬਾਤ ਕਰਦਿਆਂ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਕਿਹਾ ਕਿ ਇਸ ਰੈਲੀ ਦਾ ਮਕਸਦ ਲੋਕਾਂ ਅਤੇ ਦੁਕਾਨਦਾਰਾਂ ਦੀ ਇਸ ਮਾਰੂ ਬੁਖ਼ਾਰ ਬਾਬਤ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਘਰੋਂ-ਘਰੀਂ ਜਾ ਕੇ ਡੇਂਗੂ ਦੇ ਲਾਰਵੇ ਦੀ ਲਗਾਤਾਰ ਚੈਕਿੰਗ ਕਰਦੀਆਂ ਹਨ ਅਤੇ ਚਾਲਾਨ ਵੀ ਕੱਟੇ ਜਾਂਦੇ ਹਨ ਪਰ ਇਸ ਰੈਲੀ ਰਾਹੀਂ ਉਨ੍ਹਾਂ ਲੋਕਾਂ ਨੂੰ ਖ਼ੁਦ ਹੀ ਇਸ ਮਾਰੂ ਬੁਖ਼ਾਰ ਤੋਂ ਬਚਣ ਲਈ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ ਕਿ ਚਾਲਾਨ ਦਾ ਕੰਮ ਅਪਣੀ ਥਾਂ ਹੁੰਦਾ ਰਹਿੰਦਾ ਹੈ ਪਰ ਜਾਗਰੂਤਾ ਜ਼ਿਆਦਾ ਜ਼ਰੂਰੀ ਹੈ। ਲੋਕ ਜਾਗਰੂਕ ਹੋਣਗੇ ਤਾਂ ਉਹ ਖ਼ੁਦ ਅਪਣੇ ਘਰਾਂ ਜਾਂ ਆਲੇ-ਦੁਆਲੇ ਕਿਤੇ ਵੀ ਪਾਣੀ ਖੜਾ ਨਹੀਂ ਹੋਣ ਦੇਣਗੇ ਜਿਸ ਨਾਲ ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਪੈਦਾ ਹੀ ਨਹੀਂ ਹੋਵੇਗਾ।
ਸਿਵਲ ਸਰਜਨ ਨੇ ਕਿਹਾ ਕਿ ਇਹ ਬੀਮਾਰੀ ਸਾਡੇ ਰਹਿਣ-ਸਹਿਣ ਅਤੇ ਆਦਤਾਂ ਦੀ ਬੀਮਾਰੀ ਹੈ। ਜੇ ਅਸੀਂ ਸਾਰੇ ਚੌਕਸ ਰਹੀਏ ਅਤੇ ਜ਼ਰੂਰੀ ਸਾਵਧਾਨੀਆਂ ਵਰਤੀਏ ਤਾਂ ਇਸ ਤੋਂ ਆਰਾਮ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣਾ ਹੀ ਇਸ ਬੀਮਾਰੀ ਤੋਂ ਬਚਣ ਦਾ ਕਾਰਗਰ ਤਰੀਕਾ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਫੁੱਲਾਂ ਦੇ ਗਮਲਿਆਂ ਵਿਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿਚ। ਉਂਜ ਤਾਂ ਡੇਂਗੂ ਬੁਖ਼ਾਰ ਵਾਲਾ ਮੱਛਰ ਕਿਸੇ ਵੀ ਸਮੇਂ ਪੈਦਾ ਹੋ ਸਕਦਾ ਹੈ ਪਰ ਡੇਂਗੂ ਦਾ ਸੀਜ਼ਨ ਆਮ ਤੌਰ ’ਤੇ ਜੁਲਾਈ ਤੋਂ ਨਵੰਬਰ ਤਕ ਮੰਨਿਆ ਜਾਂਦਾ ਹੈ, ਇਸ ਲਈ ਇਨ੍ਹਾਂ ਦਿਨਾਂ ਵਿਚ ਵਧੇਰੇ ਚੌਕਸ ਹੋਣ ਦੀ ਲੋੜ ਹੈ। ਉਨ੍ਹਾਂ ਦਸਿਆ ਕਿ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ। ਰੈਲੀ ਵਿਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ, ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ, ਮਲਪਟੀਪਰਪਜ਼ ਸੁਪਵਰਵਾਈਜ਼ਰ, ਵਰਕਰ ਅਤੇ ਬਰੀਡਰ ਚੈੱਕਰ ਸ਼ਾਮਲ ਹੋਏ।
ਡੇਂਗੂ ਬੁਖ਼ਾਰ ਦੇ ਲੱਛਣ (Dengue)
ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਭੁੱਖ ਨਾ ਲਗਣਾ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ।
ਕੀ ਕਰੀਏ (Dengue)
ਜਾਲੀ ਵਾਲੀਆਂ ਖਿੜਕੀਆਂ ਅਤੇ ਦਰਵਾਜ਼ੇ ਲਗਵਾਉ। ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕਪੜੇ ਪਾਉ। ਕੂਲਰਾਂ ਦੇ ਪਾਣੀ ਨੂੰ ਹਫ਼ਤੇ ਵਿਚ ਘੱਟੋ ਘੱਟ ਇਕ ਵਾਰ ਬਦਲੋ। ਕੰਟੇਨਰਾਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ ਘਰ ਉਪਰਲੀਆਂ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੋ। ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕਰੋ। ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕਪੜੇ ਪਾਓ ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਰਹੇ। ਤੇਜ਼ ਬੁਖ਼ਾਰ ਹੋਣ ਦੀ ਹਾਲਤ ਵਿਚ ਤੁਰਤ ਨੇੜਲੇ ਹਸਪਤਾਲ/ਡਿਸਪੈਂਸਰੀ ਆਦਿ ਵਿਚ ਜਾ ਕੇ ਮੁਆਇਨਾ ਕਰਵਾਓ।
ਕੀ ਨਾ ਕਰੀਏ (Dengue)
ਬੁਖ਼ਾਰ ਦੇ ਇਲਾਜ ਵਿਚ ਐਸਪਰੀਨ ਅਤੇ ਬਰੂਫ਼ਿਨ ਦੀ ਵਰਤੋਂ ਨਾ ਕਰੋ। ਬਰਸਾਤ ਦੇ ਮੌਸਮ ਵਿਚ ਕੱਪ, ਬੋਤਲਾਂ ਅਤੇ ਟੁੱਟੇ ਭਾਂਡਿਆਂ ਨੂੰ ਇੱਧਰ-ਉਧਰ ਨਾ ਸੁੱਟੋ ਕਿਉਂਕਿ ਇਨ੍ਹਾਂ ਵਿਚ ਪਾਣੀ ਇਕੱਠਾ ਹੋ ਸਕਦਾ ਹੈ। ਸਪਰੇਅ ਕਰਨ ਵਾਲੇ ਵਰਕਰ ਆਉਣ ਤਾਂ ਉਨ੍ਹਾਂ ਨੂੰ ਘਰੋਂ ਵਾਪਸ ਨਾ ਭੇਜੋ ਅਤੇ ਸਪਰੇਅ ਕਰਨ ਦਿਉ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ