ਕੈਪਟਨ ਸਰਕਾਰ ਐਸੋਸੀਏਸ਼ਨ ਨਾਲ ਕੀਤੇ ਵਾਅਦੇ ਭੁੱਲੀ-ਪ੍ਰਧਾਨ ਅਵਤਾਰ ਸਿੰਘ ਕੋਕਰੀ
ਅਜੀਤਵਾਲ, (ਕਿਰਨ ਰੱਤੀ)। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਦੇ ਬਲਾਕ ਮੋਗਾ-1 ਵੱਲੋ ਸੂਬਾ ਪ੍ਰਧਾਨ ਧੰਨਾਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਬਾਕੀ ਬਲਾਕਾਂ ਵਾਂਗ ਅੱਜ ਅਜੀਤਵਾਲ ਅਤੇ ਲਾਗਲੇ ਪਿੰਡਾਂ ਵਿੱਚ ਚੇਤਨਾ ਮਾਰਚ ਕੱਢਿਆ ਗਿਆ ਅਤੇ ਐਸੋਸੀਏਸ਼ਨ ਵੱਲੋਂ ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ ਅਜੀਤਵਾਲ ਦੇ ਰੀਡਰ ਅਰਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਬਲਾਕ ਪ੍ਰਧਾਨ ਅਵਤਾਰ ਸਿੰਘ ਕੋਕਰੀ ਫੂਲਾ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਜੋ ਸਾਡੇ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਭੁੱਲ ਗਈ ਹੈ ।
ਜਦੋਂ ਕੈਪਟਨ ਸਰਕਾਰ ਹੋਂਦ ਵਿੱਚ ਨਹੀਂ ਸੀ ਤਾਂ ਮਨਪ੍ਰੀਤ ਸਿੰਘ ਬਾਦਲ ਦੇ ਰਾਹੀਂ ਚੋਣਾਂ ਵੇਲੇ ਮਿਲ ਕੇ ਕੈਪਟਨ ਸਰਕਾਰ ਨੂੰ ਸਾਡੀਆਂ ਮੰਗਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾ ਕੇ ਚੋਣ ਮਨੋਰਥ ਦੇ ਪੇਜ ਨੰਬਰ 16 ਵਿੱਚ ਸਾਡੀ ਮੰਗ ਨੂੰ ਦਰਜ ਕਰਵਾਇਆ ਸੀ ਉਸ ਮੌਕੇ ਸਾਡੀ ਸੂਬਾ ਕਮੇਟੀ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਪਹਿਲ ਦੇ ਆਧਾਰ ਉੱਪਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਇਹ ਮੰਗ ਪੂਰੀ ਕੀਤੀ ਜਾਵੇਗੀ। ਜ਼ਿਲ੍ਹਾ ਚੇਅਰਮੈਨ ਬਲਦੇਵ ਸਿੰਘ ਧੂੜਕੋਟ ਤੇ ਜ਼ਿਲਾ ਕੈਸ਼ੀਅਰ ਬਲਦੇਵ ਸਿੰਘ ਰੌਲੀ ਨੇ ਕਿਹਾ ਕਿ ਵੱਖ ਵੱਖ ਸਮੇਂ ਉੱਪਰ ਸਿਹਤ ਮੰਤਰੀ ਨੂੰ ਸੂਬਾ ਕਮੇਟੀ ਬਹੁਤ ਵਾਰ ਮਿਲ ਚੁੱਕੀ ਹੈ ਪਰ ਸਾਡੀ ਰਜਿਸਟ੍ਰੇਸ਼ਨ ਵਾਲੀ ਮੰਗ ਅਜੇ ਤਕ ਪੂਰੀ ਨਹੀਂ ਹੋਈ।
ਅੱਜ ਇਸੇ ਰੋਸ ਵਜੋਂ ਵੱਖ ਵੱਖ ਪਿੰਡਾਂ ਵਿੱਚ ਚੇਤਨਾ ਮਾਰਚ ਦੇ ਰਾਹੀਂ ਲੋਕਾਂ ਦੀ ਕਚਹਿਰੀ ਵਿੱਚ ਆਪਣੀ ਗੱਲ ਲੈ ਕੇ ਜਾ ਰਹੇ ਹਾਂ, ਕੈਪਟਨ ਸਰਕਾਰ ਤੋਂ ਹਰ ਵਰਗ ਔਖਾ ਹੋਇਆ ਪਿਆ ਹੈ ਇਸ ਮੌਕੇ ਜਨਰਲ ਸਕੱਤਰ ਸੋਮਰਾਜ ਅਜੀਤਵਾਲ ਅਤੇ ਕੈਸ਼ੀਅਰ ਜਗਸੀਰ ਸਿੰਘ ਡਾਲਾ ਨੇ ਕਿਹਾ ਕਿ ਰਹਿੰਦੇ ਸਮੇਂ ਦੇ ਅੰਦਰ ਜੇਕਰ ਕੈਪਟਨ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਾ ਹੱਲ ਕੀਤਾ ਤਾਂ ਆਉਣ ਵਾਲੀਆਂ 2022 ਦੀਆਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਆਗੂਆਂ ਨੇ ਦੱਸਿਆ ਕਿ ਇਹ ਮੋਗੇ ਜ਼ਿਲ੍ਹੇ ਦਾ ਅੱਜ ਪੰਜਵਾਂ ਮਾਰਚ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।















