ਮੈਸੇਜ਼ ਜ਼ਰੀਏ ਵੈੱਬਸਾਈਟ ਦਾ ਲਿੰਕ ਭੇਜ ਕੇ ਜਾਂ ਖਾਤੇ ਬਾਰੇ ਭਰਮਾਊ ਗੱਲਾਂ ਕਰਕੇ ਗ੍ਰਾਹਕਾਂ ਨੂੰ ਭਰਮਾਉਣ ਦੇ ਮਾਮਲੇ ਕਈ ਸਾਲ ਤੋਂ ਸਾਹਮਣੇ ਆ ਰਹੇ ਹਨ। ਮੁੰਬਈ ਦੇ ਇੱਕ ਪ੍ਰਾਈਵੇਟ ਬੈਂਕ ਦੇ 40 ਗ੍ਰਾਹਕਾਂ ਦੇ ਫਰਜੀਵਾੜੇ ਦਾ ਸ਼ਿਕਾਰ ਹੋਣ ਦੀ ਘਟਨਾ ਹੋਈ, ਇਸ ਘਟਨਾ ਨੇ ਇੱਕ ਵਾਰ ਫ਼ਿਰ ਦੇਸ਼ ਦਾ ਧਿਆਨ ਇਸ ਸਮੱਸਿਆ ਵੱਲ ਖਿੱਚਿਆ ਹੈ। ਅਪਰਾਧੀਆਂ ਨੇ ਇਨ੍ਹਾਂ ਲੋਕਾਂ ਨੂੰ ਮੋਬਾਇਲ ’ਤੇ ਇੱਕ ਸੰਦੇਸ਼ ਭੇਜਿਆ ਸੀ, ਜਿਸ ’ਚ ਇੱਕ ਲਿੰਕ ਦਿੱਤਾ ਗਿਆ ਸੀ।
ਇਸ ਲਿੰਕ ਨੂੰ ਖੋਲ੍ਹਣ ਨਾਲ ਹੀ ਇਨ੍ਹਾਂ ਗ੍ਰਾਹਕਾਂ ਦੇ ਖਾਤੇ ’ਚੋਂ ਲੱਖਾਂ ਰੁਪਏ ਚੋਰੀ ਹੋ ਗਏ। ਰਿਜ਼ਰਵ ਬੈਂਕ, ਸਰਕਾਰ ਅਤੇ ਪੁਲਿਸ ਵੱਲੋਂ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਕਈ ਯਤਨ ਕੀਤੇ ਗਏ ਹਨ, ਪਰ ਅਜਿਹਾ ਲੱਗਦਾ ਹੈ ਕਿ ਅਪਰਾਧੀ ਦੋ ਕਦਮ ਅੱਗੇ ਰਹਿੰਦੇ ਹਨ ਅਤੇ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ। ਭਾਰਤ ਸਰਕਾਰ ਨੇ ਹਰ ਤਰ੍ਹਾਂ ਦੇ ਸਾਈਬਰ ਅਪਰਾਧਾਂ ਦੀ ਸ਼ਿਕਾਇਤ ਦਰਜ ਕਰਨ ਲਈ ਇੱਕ ਵਿਸ਼ੇਸ਼ ਪੋਰਟਲ ਬਣਾਇਆ ਹੈ, ਇਸ ਤੋਂ ਇਲਾਵਾ ਪੁਲਿਸ ਵਿਭਾਗਾਂ ਨੇ ਵੀ ਅਜਿਹੇ ਅਪਰਾਧਾਂ ਦੀ ਸ਼ਿਕਾਇਤ ਦੀ ਵਿਵਸਥਾ ਕੀਤੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਬੈਂਕ ਅਤੇ ਪੁਲਿਸ ਦੇ ਨਾਲ-ਨਾਲ ਵਿੱਤ ਮੰਤਰਾਲਾ ਅਤੇ ਰਿਜ਼ਰਵ ਬੈਂਕ ਵੀ ਸਮੇਂ-ਸਮੇਂ ’ਤੇ ਵਰਕਸ਼ਾਪਾਂ ਲਾਉਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਸੰਦੇਸ਼ ਭੇਜਦੇ ਰਹਿੰਦੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਸੰਦੇਸ਼ਾਂ ਤੋਂ ਬਚੋ। (Online Fraud)
ਸਾਈਬਰ ਠੱਗੀ ਦੇ ਸ਼ਿਕਾਰੀਆਂ ਵੱਲੋਂ ਸੁੱਟਿਆ ਗਿਆ ਜਾਲ
ਅਕਸਰ ਮੋਬਾਇਲ ’ਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇਣ ਵਾਲੇ ਸੰਦੇਸ਼, ਕਈ ਆਨਲਾਈਨ ਲਿੰਕ ਅਤੇ ਬੈਂਕ ਨਾਲ ਸਬੰਧਿਤ ਫਰਜੀ ਕਾਲਸ ਆਉਂਦੀਆਂ ਰਹਿੰਦੀਆਂ ਹਨ। ਇਹ ਸਾਈਬਰ ਠੱਗੀ ਦੇ ਸ਼ਿਕਾਰੀਆਂ ਵੱਲੋਂ ਸੁੱਟਿਆ ਗਿਆ ਜਾਲ ਹੁੰਦਾ ਹੈ। ਕਦੇ ਅਰਬਾਂ ਦੀ ਲਾਟਰੀ ਲੱਗ ਜਾਣਾ, ਕਦੇ ਨੌਕਰੀ ਦਾ ਲਾਲਚ, ਕਦੇ ਕਰੋੜਾਂ ਦਾ ਇਨਾਮ ਜਿੱਤ ਜਾਣਾ, ਤਾਂ ਕਦੇ ਬਿਨਾ ਵਜ੍ਹਾ ਦੀਆਂ ਵਧਾਈਆਂ ਅਤੇ ਗਿਫਟ, ਹੋਰ ਵੀ ਨਾ ਜਾਣੇ ਕਿੰਨੇ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਆਨਲਾਈਨ ਠੱਗੀ ਲਈ ਕੀਤਾ ਜਾ ਰਿਹਾ ਹੈ। ਸੱਚ ਤਾਂ ਇਹ ਹੈ ਕਿ ਜਿਸ ਤੇਜ਼ੀ ਨਾਲ ਆਨਲਾਈਨ ਪਲੇਟਫਾਰਮ ਵਧ ਰਹੇ ਹਨ ਉਸੇ ਤੇਜ਼ੀ ਨਾਲ ਧੋਖਾਧੜੀ ਤੇ ਤਰੀਕਿਆਂ ’ਚ ਵੀ ਵਾਧਾ ਹੋ ਰਿਹਾ ਹੈ।
ਬਿਨਾਂ ਸ਼ੱਕ ਤਕਨੀਕ ਦੀ ਤਰੱਕੀ ਨੇ ਸਾਨੂੰ ਸੁਵਿਧਾਵਾਂ ਦਾ ਭੰਡਾਰ ਪ੍ਰਦਾਨ ਕੀਤਾ ਹੈ। ਸਾਡੇ ਰੋਜ਼ਾਨਾ ਜੀਵਨ ਦੇ ਜ਼ਿਆਦਾਤਰ ਕੰਮਾਂ ’ਚ ਆਨਲਾਈਨ ਦਾ ਬਦਲ ਵੀ ਮੁਹੱਈਆ ਹੋ ਗਿਆ ਹੈ। ਵਿਸ਼ੇਸ਼ ਤੌਰ ’ਤੇ ਕੁਝ ਸਾਲਾਂ ’ਚ ਦੇਸ਼ ’ਚ ਆਨਲਾਈਨ ਖਰੀਦਦਾਰੀ ਅਤੇ ਆਨਲਾਈਨ ਲੈਣ-ਦੇਣ ’ਚ ਤੇਜ਼ੀ ਆਈ ਹੈ। ਪੈਸਾ ਚੋਰੀ ਕਰਨਾ ਜਾਂ ਪੈਸਾ ਖੋਹਣਾ ਹੁਣ ਅਪਰਾਧ ਦਾ ਪੁਰਾਣਾ ਤਰੀਕਾ ਹੋ ਗਿਆ ਹੈ। ਇਸ ਦੀ ਥਾਂ ਹੁਣ ਆਨਲਾਈਨ ਫਰਾਡ ਵਰਗੇ ਨਵੇਂ ਅਪਰਾਧਕ ਫੈਸ਼ਨ ਨੇ ਲੈ ਲਈ ਹੈ। ਜਿਸ ਗੰਭੀਰਤਾ ਨਾਲ ਅਸੀਂ ਆਪਣੇ ਪੈਸੇ ਦੀ ਅਹਿਮੀਅਤ ਸਮਝਦੇ ਹਾਂ, ਉਸੇ ਮੁਸ਼ਤੈਦੀ ਨਾਲ ਸਾਨੂੰ ਉਸ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ।
ਬਿਨਾਂ ਜਾਣੇ-ਸਮਝੇ ਐਪ ਤੋਂ ਕਰਜ਼ ਲੈਣਾ ਜਾਂ ਕਿਸੇ ਨਜਾਇਜ਼ ਸਰੋਤ ਤੋਂ ਪੈਸਾ ਲੈਣਾ ਆਪਣੀ ਤਬਾਹੀ ਨੂੰ ਸੱਦਾ ਦੇਣਾ ਹੈ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਲੋਕ ਠੱਗੀ ਦਾ ਸ਼ਿਕਾਰ ਹੋਣ ’ਤੇ ਉਸ ਦੀ ਸ਼ਿਕਾਇਤ ਵੀ ਨਹੀਂ ਕਰਦੇ। ਇਹ ਠੀਕ ਨਹੀਂ ਹੈ। ਪੁਲਿਸ ਤੰਤਰ ਨੂੰ ਵੀ ਜ਼ਿਆਦਾ ਸਰਗਰਮੀ ਨਾਲ ਅਪਰਾਧੀਆਂ ਨੂੰ ਰੋਕਣ ’ਤੇ ਧਿਆਨ ਦੇਣਾ ਚਾਹੀਦਾ ਹੈ। ਸਮਝਦਾਰੀ ਅਤੇ ਚੌਕਸੀ ਦੇ ਨਾਲ-ਨਾਲ ਥੋੜ੍ਹੀ ਜਿਹੀ ਸਾਵਧਾਨੀ ਸਾਨੂੰ ਆਨਲਾਈਨ ਠੱਗੀ ਦੇ ਚੁੰਗਲ ’ਚ ਫਸਣ ਤੋਂ ਬਚਾ ਸਕਦੀ ਹੈ।