ਕੁੱਟਮਾਰ ਦੀ ਵੀਡੀਓਗ੍ਰਾਫ਼ੀ ਕਰਨ ਵਾਲਾ ਜੇਈ ਜਖ਼ਮੀ, ਹਸਪਤਾਲ ’ਚ ਜ਼ੇਰੇ ਇਲਾਜ਼- ਐਸਡੀਓ
(ਜਸਵੀਰ ਸਿੰਘ ਗਹਿਲ) ਸ਼ਹਿਣਾ/ ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਕਸਬਾ ਸ਼ਹਿਣਾ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਪੰਜਾਬ ਸਰਕਾਰ ਦੀ ‘ਕੁੰਡੀ ਹਟਾਓ’ ਮੁਹਿੰਮ ਤਹਿਤ ਪਾਵਰਕਾਮ (Powercom) ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਿਜਲੀ ਖ਼ਪਤਕਾਰਾਂ ਵੱਲੋਂ ਕਥਿੱਤ ਕੁੱਟਮਾਰ ਕੀਤੀ ਗਈ। ਜਿਸ ਵਿੱਚ ਇੱਕ ਮੁਲਾਜ਼ਮ ਦੇ ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ। ਇਸ ਮਾਮਲੇ ’ਚ ਥਾਣਾ ਸ਼ਹਿਣਾ ਦੀ ਪੁਲਿਸ ਵੱਲੋਂ ਅਧਿਕਾਰੀਆਂ ਦੇ ਬਿਆਨਾਂ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਪਾਵਰਕਾਮ ਅਧਿਕਾਰੀਆਂ ਨੇ ਥਾਣਾ ਸ਼ਹਿਣਾ ਅੱਗੇ ਪੁੱਜ ਕੇ ਹਮਲਾਵਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਚੈਕਿੰਗ ਕਰਨ ਸਮੇਂ ਉਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਕੋਈ ਅਣਹੋਣੀ ਨਾ ਵਾਪਰੇ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਓ ਸ਼ਹਿਣਾ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਮੈਂਬਰ ਜੇਈ ਅੰਤਪਾਲ ਸਿੰਘ, ਅਮਨਦੀਪ ਸਿੰਘ, ਵਿਕਰਾਂਤ ਸ਼ਾਹ, ਸਹਾਇਕ ਲਾਇਨਮੈਂਨ ਜਸਵੀਰ ਸਿੰਘ ਤੇ ਰਣਦੀਪ ਸਿੰਘ ਸਮੇਤ ਰੁਟੀਨ ਦੀ ਚੈਕਿੰਗ ਕਰਦੇ ਹੋਏ ਜਿਉਂ ਹੀ ਸ਼ਹਿਣੇ ਵਿਖੇ ਪੰਚਾਂ ਦੇ ਕੋਠਿਆਂ ’ਚ ਪੁੱਜੇ ਤਾਂ ਉਨਾਂ ਦੇ ਗੱਡੀ ’ਚੋਂ ਉਤਰਦਿਆਂ ਹੀ ਕੁੱਝ ਵਿਅਕਤੀਆਂ ਨੇ ਉਨਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਿੰਨਾਂ ਦੇ ਹੱਥ ’ਚ ਤੇਜ਼ਧਾਰ ਹਥਿਆਰ ਵੀ ਸਨ। ਉਨਾਂ ਨੇ ਇਕਦਮ ਹੀ ਉਨਾਂ ਦੇ ਕੁੱਝ ਸਾਥੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਇੱਕ ਕਰਮਚਾਰੀ ਦੀ ਪੱਗ ਵੀ ਲੱਥ ਗਈ ਅਤੇ ਉਸਦੇ ਸੱਟਾਂ ਵੀ ਵੱਜੀਆਂ।
ਇਸ ਦੌਰਾਨ ਹੀ ਹਮਲਾਵਰਾਂ ਵੱਲੋਂ ਉਨ੍ਹਾਂ ਦਾ ਮੋਬਾਇਲ ਵੀ ਖੋਹਿਆ ਗਿਆ ਜੋ ਬਾਅਦ ’ਚ ਉਨਾਂ ਵਾਪਸ ਲੈ ਲਿਆ। ਉਨਾਂ ਦੱਸਿਆ ਕਿ ਘਟਨਾ ਸਬੰਧੀ ਉਨਾਂ ਤੁਰੰਤ ਵਿਭਾਗੀ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ। ਜਿੰਨਾਂ ਡੀਐਸਪੀ ਤਪਾ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਵੀ ਵਾਰਦਾਤ ਵਾਲੀ ਜਗਾ ’ਤੇ ਪਹੁੰਚ ਗਈ। ਉਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਵਿਭਾਗੀ ਹੁਕਮਾਂ ਤਹਿਤ ਰੁਟੀਨ ਚੈਕਿੰਗ ਕਰਕੇ ਆਪਣੀ ਡਿਊਟੀ ਨਿਭਾ ਰਹੇ ਹਨ। ਜਿਸ ’ਚ ਅੱਜ ਪਿੰਡ ਸ਼ਹਿਣਾ ਦੇ ਪੰਚਾਂ ਦੇ ਕੋਠੇ ਵਿਖੇ ਕੁੱਝ ਵਿਅਕਤੀਆਂ ਵੱਲੋਂ ਵਿਘਨ ਪਾਉਣ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ ਹੈ। ਜਿੰਨਾਂ ਵਿਰੁੱਧ ਕਾਰਵਾਈ ਲਈ ਸਬੰਧਿਤ ਥਾਣੇ ਦੀ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਕਰ ਦਿੱਤੀ ਗਈ ਹੈ।
ਜਖ਼ਮੀ ਜੇਈ ਵਿਕਰਾਂਤ ਸ਼ਾਹ ਨੇ ਦੱਸਿਆ ਕਿ ਉਹ ਸਰਕਾਰ ਦੇ ਹੁਕਮਾਂ ਮੁਤਾਬਕ ਸਵੇਰੇ ਸਾਢੇ ਕੁ ਛੇ ਵਜੇ ਸ਼ਹਿਣਾ ’ਚ ਪੰਚਾਂ ਦੇ ਕੋਠੇ ਵਿਖੇ ਚੈਕਿੰਗ ਕਰਨ ਗਏ ਸਨ। ਜਿੱਥੇ ਉਨਾਂ ਦੀ ਗੱਡੀ ਦਾ ਘਿਰਾਓ ਕੀਤਾ ਤੇ ਉਨਾਂ ਦੀ ਗੱਡੀ ਦੇ ਟਾਇਰਾਂ ਦੀ ਹਵਾ ਕੱਢਣ ਦੀ ਕੋਸ਼ਿਸ ਵੀ ਕੀਤੀ ਗਈ। ਪੂਰੇ ਘਟਨਾਕ੍ਰਮ ਦੀ ਵੀਡੀਓ ਬਣਾਏ ਜਾਣ ’ਤੇ ਉਸਦੇ ਥੱਪੜ ਮਾਰੇ ਅਤੇ ਧੱਕਾ ਮਾਰਕੇ ਮੈਨੂੰ ਹੇਠਾਂ ਸੁੱਟ ਦਿੱਤਾ ਤੇ ਮੇਰਾ ਮੋਬਾਇਲ ਖੋਹ ਲਿਆ। ਹੇਠਾਂ ਡਿੱਗਣ ਕਾਰਨ ਮੇਰੇ ਸਰੀਰ ’ਤੇ ਕਾਫ਼ੀ ਸੱਟਾਂ ਲੱਗੀਆਂ ਹਨ।
ਉਨਾਂ ਦੱਸਿਆ ਕਿ ਇਸ ਸਮੇਂ ਹਮਲਾਵਰਾਂ ਨਾਲ ਕੁੱਝ ਔਰਤਾਂ ਵੀ ਮੌਜੂਦ ਸਨ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਕੁੰਡੀ ਹਟਾਓ ਮੁਹਿੰਮ ਸਮੇਂ ਚੈਕਿੰਗ ਦੌਰਾਨ ਉਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਕੋਈ ਅਣਹੋਣੀ ਨਾ ਵਾਪਰੇ। ਮਾਮਲੇ ਸਬੰਧੀ ਸਪੰਰਕ ਕੀਤੇ ਜਾਣ ’ਤੇ ਥਾਣਾ ਸ਼ਹਿਣਾ ਦੇ ਐਸਐਚਓ ਬਲਦੇਵ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੇ ਐਸਡੀਓ ਸੁਖਪਾਲ ਸਿੰਘ ਵੱਲੋਂ ਮਿਲੇ ਸ਼ਿਕਾਇਤ ਪੱਤਰ ਦੇ ਅਧਾਰ ’ਤੇ ਮੱਖਣ ਸਿੰਘ ਤੇ ਚਮਕੌਰ ਸਿੰਘ ਪੁੱਤਰਾਨ ਅਜੈਬ ਸਿੰਘ ਤੇ ਨਿੱਕਾ ਸਿੰਘ ਵਾਸੀਆਨ ਸ਼ਹਿਣਾ ਵਿਰੁੱਧ ਆਈਪੀਸੀ ਦੀ ਧਾਰਾ 341, 353, 186, 332, 506, 427 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤ ਤਿੰਨੋ ਵਿਅਕਤੀ ਹਾਲੇ ਫਰਾਰ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ