ਘਰ ਦਾ ਮੋਹ
ਗੁਰਦਿਆਲ ਸਿੰਘ ਨੇ ਆਪਣੇ ਪੁੱਤਰ ਸੁਰਜੀਤ ਨੂੰ ਉਸਦੀ ਮਾਂ ਤੋਂ ਬਾਅਦ ਬੜੇ ਹੀ ਲਾਡਾਂ ਨਾਲ ਪਾਲਿਆ ਸੀ। ਗੁਰਦਿਆਲ ਸਿੰਘ ਨੂੰ ਆਪਣੇ ਘਰ ਨਾਲ ਬਹੁਤ ਮੋਹ ਸੀ ਕਿਉਂਕਿ ਉਸਦਾ ਬਚਪਨ ਵੀ ਇਸੇ ਘਰ ਦੇ ਵਿਹੜੇ ’ਚ ਬਤੀਤ ਹੋਇਆ ਸੀ। ਸੁਰਜੀਤ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕੀਤੀ ਸੀ। ਅਗਲੇਰੀ ਪੜ੍ਹਾਈ ਲਈ ਉਹ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਲੈਣਾ ਚਾਹੁੰਦਾ ਸੀ ਪਰ ਉਸ ਦਾ ਪਿਤਾ ਗੁਰਦਿਆਲ ਸਿੰਘ ਨਹੀਂ ਸੀ ਚਾਹੁੰਦਾ ਕਿ ਉਸ ਦਾ ਪੁੱਤਰ ਸ਼ਹਿਰ ਜਾਵੇ ਕਿਉਂਕਿ ਗੁਰਦਿਆਲ ਸਿੰਘ ਦੀ ਸੋਚ ਸੀ ਕਿ ਸ਼ਹਿਰ ਪਿੰਡਾਂ ਨੂੰ ਘੁਣ ਵਾਂਗ ਖਾਈ ਜਾ ਰਹੇ ਹਨ।
ਗੁਰਦਿਆਲ ਨੂੰ ਉਨ੍ਹਾਂ ਲੋਕਾਂ ਤੋਂ ਨਫ਼ਰਤ ਸੀ, ਜੋ ਪਿੰਡ ਵਿੱਚ ਬਣੇ-ਬਣਾਏ ਵੱਡੇ-ਵੱਡੇ ਘਰਾਂ ਨੂੰ ਛੱਡ ਕੇ ਸ਼ਹਿਰ ਵਿਚ ਖੁੱਡਾਂ ਵਰਗੇ ਘਰਾਂ ਵਿੱਚ ਰਹਿਣ ਲੱਗ ਜਾਂਦੇ ਸਨ। ਉਸਨੂੰ ਡਰ ਸੀ ਕਿ ਜੇਕਰ ਉਸ ਦਾ ਪੁੱਤਰ ਸੁਰਜੀਤ ਵੀ ਇੱਕ ਵਾਰ ਸ਼ਹਿਰ ਚਲਾ ਗਿਆ ਤਾਂ ਉਹ ਸ਼ਹਿਰ ਦੇ ਮਾਇਆ ਜਾਲ ਵਿੱਚ ਫਸ ਜਾਵੇਗਾ ਅਤੇ ਪਿੰਡ ਨੂੰ ਛੱਡ ਦੇਵੇਗਾ। ਇਸ ਲਈ ਉਹ ਸੁਰਜੀਤ ਨੂੰ ਕਹਿੰਦਾ ਹੈ ਕਿ ਉਹ ਪਿੰਡ ਵਿੱਚ ਹੀ ਰਹਿ ਕੇ ਪੜ੍ਹਾਈ ਪ੍ਰਾਈਵੇਟ ਕਰ ਲਵੇ ਅਤੇ ਨਾਲ-ਨਾਲ ਕੋਈ ਕੰਮ-ਕਾਰ ਜਾਂ ਖੇਤੀਬਾੜੀ ਸ਼ੁਰੂ ਕਰ ਦੇਵੇ। ਪਰ ਸੁਰਜੀਤ ’ਤੇ ਸ਼ਹਿਰ ’ਚ ਪੜ੍ਹ ਕੇ ਉੱਥੇ ਹੀ ਰਹਿਣ ਦਾ ਭੂਤ ਸਵਾਰ ਸੀ ਉਸਨੇ ਆਪਣੇ ਬਾਪੂ ਦੀ ਇੱਕ ਨਾ ਮੰਨੀ ਅਤੇ ਸ਼ਹਿਰ ਦੇ ਸਰਕਾਰੀ ਕਾਲਜ ’ਚ ਦਾਖਲਾ ਲੈ ਲਿਆ।
ਔਲਾਦ ਦੇ ਮੋਹ ਖਾਤਰ ਗੁਰਦਿਆਲ ਸਿੰਘ ਨੂੰ ਆਪਣੇ ਅਸੂਲਾਂ ਦਾ ਗਲਾ ਘੁੱਟਣਾ ਪਿਆ, ਔਖੇ-ਸੌਖੇ ਆਪਣੇ ਪੁੱਤ ਦੀ ਇਹ ਗੱਲ ਮੰਨਣੀ ਪਈ। ਪਹਿਲਾਂ-ਪਹਿਲ ਤਾਂ ਸੁਰਜੀਤ ਹਫ਼ਤੇ ਪਿੱਛੋਂ ਪਿੰਡ ਗੇੜਾ ਮਾਰ ਲੈਂਦਾ ਸੀ, ਪਰ ਫਿਰ ਉਹ ਪਿੰਡ ਮਹੀਨੇਬੱਧੀ ਹੀ ਗੇੜਾ ਮਾਰਨ ਲੱਗ ਪਿਆ। ਗੁਰਦਿਆਲ ਸਿੰਘ ਨੂੰ ਸੁਰਜੀਤ ਦੀ ਬਹੁਤ ਚਿੰਤਾ ਸੀ, ਇਸ ਲਈ ਜੇ ਕਦੇ ਉਸਦਾ ਜੀਅ ਉੱਠਦਾ ਤਾਂ ਉਹ ਆਪ ਵੀ ਉਸਨੂੰ ਮਿਲਣ ਸ਼ਹਿਰ ਚਲਾ ਜਾਂਦਾ ਸੀ ਪਰ ਉਸ ਕੋਲ ਰਾਤ ਕਦੇ ਨਹੀਂ ਸੀ ਠਹਿਰਿਆ, ਸਿੱਧਾ ਪਿੰਡ ਨੂੰ ਆ ਜਾਂਦਾ।
ਫ਼ਿਰ ਇੱਕ ਦਿਨ ਸੁਰਜੀਤ ਕਾਫ਼ੀ ਸਮੇਂ ਬਾਅਦ ਘਰ ਆਇਆ ਤਾਂ ਗੁਰਦਿਆਲ ਸਿੰਘ ਕੀ ਦੇਖਦਾ ਹੈ, ਉਸਦੇ ਚਿਹਰੇ ’ਤੇ ਬਹੁਤ ਖੁਸ਼ੀ ਛਾਈ ਹੋਈ ਸੀ ਤੇ ਹੱਥ ’ਚ ਮਠਿਆਈ ਵਾਲਾ ਡੱਬਾ ਸੀ ਗੁਰਦਿਆਲ ਸਿੰਘ ਪੁੱਛਦਾ ਹੈ, ‘‘ਕੀ ਗੱਲ ਸੁਰਜੀਤਿਆ ਅੱਜ ਬੜਾ ਖੁਸ਼ ਜਿਹਾ ਲੱਗਦਾ ਏਂ?’’ ਤਾਂ ਸੁਰਜੀਤ ਅੱਗੋਂ ਬੋਲਦਾ ਹੈ, ‘‘ਬਾਪੂ ਤੇਰਾ ਪੁੱਤ ਸਰਕਾਰੀ ਨੌਕਰ ਲੱਗ ਗਿਆ।’’ ਇਹ ਸੁਣ ਕੇ ਗੁਰਦਿਆਲ ਸਿੰਘ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਉਸਦਾ ਪੁੱਤ ਆਪਣੇ ਪੈਰਾਂ ’ਤੇ ਖਲੋ ਗਿਆ ਹੈ, ਹੁਣ ਉਸਦੀ ਜੂਨ ਸੁਧਰ ਜਾਵੇਗੀ ਅਤੇ ਨਾਲ ਹੀ ਘਰ ਦੀ ਛੱਤ ਵੀ ਪੱਕੀ ਹੋ ਜਾਵੇਗੀ। ਉਸ ਦਿਨ ਸੁਰਜੀਤ ਪਿੰਡ ਹੀ ਰਿਹਾ ਕਿਉਂਕਿ ਉਸਨੇ ਆਪਣੇ ਬਾਪੂ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਰਾਤ ਜਦੋਂ ਬਾਪੂ ਰੋਟੀ-ਟੁੱਕ ਦੀ ਤਿਆਰੀ ਕਰ ਰਿਹਾ ਸੀ ਤਾਂ ਸੁਰਜੀਤ ਉਸ ਕੋਲ ਆ ਕਿ ਬੈਠ ਗਿਆ ਤੇ ਕਹਿਣ ਲੱਗਾ,
‘‘ਬਾਪੂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ?’’ ਤਾਂ ਅੱਗੋਂ ਗੁਰਦਿਆਲ ਸਿੰਘ ਜੁਆਬ ਦਿੰਦਾ ਹੈ, ‘‘ਦੱਸ ਪੁੱਤਰਾ! ਖੁੱਲ੍ਹ ਕੇ ਦੱਸ ਕੀ ਗੱਲ ਐ?’’ ਤਾਂ ਸੁਰਜੀਤ ਕਹਿੰਦਾ, ‘‘ਬਾਪੂ ਤੇਰੇ ਪੁੱਤ ਨੂੰ ਸਰਕਾਰੀ ਨੌਕਰੀ ਮਿਲ ਗਈ, ਹੁਣ ਪਿੰਡ ਰੋਜ਼-ਰੋਜ਼ ਆਉਣਾ ਔਖਾ ਹੋ ਜੂ ਕਿਉਂ ਨਾ ਆਪਾਂ ਹੁਣ ਇਹ ਪਿੰਡ ਵਾਲਾ ਘਰ ਤੇ ਜ਼ਮੀਨ ਵੇਚ ਕੇ ਸ਼ਹਿਰ ਵਿਚ ਕੋਈ ਮਕਾਨ ਲੈ ਲਈਏ?’’ ਇਹ ਸੁਣ ਕੇ ਗੁਰਦਿਆਲ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਕਹਿਣ ਲੱਗਾ, ‘‘ਸੁਰਜੀਤਿਆ ਤੇਰੀ ਹਿੰਮਤ ਕਿਵੇਂ ਹੋਈ ਏਦਾਂ ਸੋਚਣ ਦੀ, ਮੈਂ ਏਸੇ ਗੱਲ ਦੇ ਡਰੋਂ ਤੈਨੂੰ ਸ਼ਹਿਰ ਨਹੀਂ ਸੀ ਘੱਲਣਾ ਚਾਹੁੰਦਾ। ਤੂੰ ਮੇਰੇ ਬਾਰੇ ਕੁੱਝ ਸੋਚਿਆ ਹੀ ਨਹੀਂ।’’ ਉਸ ਦਿਨ ਸੁਰਜੀਤ ਗੁੱਸੇ ਵਿਚ ਬਿਨਾ ਰੋਟੀ ਖਾਧੇ ਸੌਂ ਜਾਂਦਾ ਹੈ ਤੇ ਅਗਲੀ ਸਵੇਰ ਬਿਨਾਂ ਆਪਣੇ ਬਾਪੂ ਨਾਲ ਕੋਈ ਗੱਲਬਾਤ ਕੀਤੇ ਸ਼ਹਿਰ ਨੂੰ ਚਲਾ ਜਾਂਦਾ ਹੈ।
ਕਈ ਦਿਨ ਬੀਤ ਜਾਂਦੇ ਹਨ, ਸੁਰਜੀਤ ਪਿੰਡ ਗੇੜਾ ਨਹੀਂ ਮਾਰਦਾ। ਗੁਰਦਿਆਲ ਸਿੰਘ ਨੂੰ ਉਸ ਦੀ ਚਿੰਤਾ ਹੋਣ ਲੱਗ ਜਾਂਦੀ ਹੈ ਕਿਉਂਕਿ ਗੁਰਦਿਆਲ ਦਾ ਆਪਣੇ ਪੁੱਤਰ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਇੱਕ ਦਿਨ ਉਹ ਸੁਰਜੀਤ ਨੂੰ ਮਿਲਣ ਲਈ ਸ਼ਹਿਰ ਚਲਾ ਜਾਂਦਾ ਹੈ, ਪਰ ਸੁਰਜੀਤ ਆਪਣੇ ਬਾਪੂ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ। ਗੁਰਦਿਆਲ ਬੇਵੱਸ ਹੋ ਕੇ ਪਿੰਡ ਮੁੜ ਆਉਂਦਾ ਹੈ ਅਤੇ ਅਗਲੇ ਹੀ ਦਿਨ ਆਪਣੇ ਪੁੱਤ ਦੀ ਖੁਸ਼ੀ ਲਈ ਆਪਣੇ ਅਸੂਲਾਂ ਤੋਂ ਮੁਨਕਰ ਹੋ ਕੇ ਘਰ ਤੇ ਜ਼ਮੀਨ ਵੇਚ ਕੇ ਇਕੱਠੇ ਕੀਤੇ ਪੈਸਿਆਂ ਨਾਲ ਸ਼ਹਿਰ ਨੂੰ ਚੱਲ ਪੈਂਦਾ ਹੈ। ਪਰ ਜਦੋਂ ਉਹ ਸ਼ਹਿਰ ਵਾਲੀ ਬੱਸ ਵਿੱਚੋਂ ਉੱਤਰਦਾ ਹੈ ਤਾਂ ਕੀ ਦੇਖਦਾ ਹੈ ਕਿ ਉਸਦਾ ਪੈਸਿਆਂ ਵਾਲਾ ਬੈਗ ਚੋਰੀ ਹੋ ਜਾਂਦਾ ਹੈ।
ਇਹ ਦੇਖ ਕੇ ਗੁਰਦਿਆਲ ਸਿੰਘ ਦੇ ਹੱਥ-ਪੈਰ ਫੁੱਲਣ ਲੱਗ ਜਾਂਦੇ ਹਨ, ਕਿ ਆ ਕੀ ਭਾਣਾ ਵਰਤ ਗਿਆ! ਹਫੜਾ-ਦਫੜੀ ਵਿੱਚ ਗੁਰਦਿਆਲ ਸਿੰਘ ਇੱਧਰ-ਉੱਧਰ ਭੱਜਦਾ ਹੈ ਪਰ ਉਸ ਨੂੰ ਆਪਣਾ ਬੈਗ ਨਹੀਂ ਲੱਭਦਾ, ਅੰਤ ਇੱਕ ਸਵਾਰੀ ਦੇ ਕਹਿਣ ’ਤੇ ਉਹ ਆਪਣੇ ਬੈਗ ਦੀ ਚੋਰੀ ਦੀ ਰਿਪੋਰਟ ਕਰਾਉਣ ਲਈ ਥਾਣੇ ਵਾਲੇ ਰਾਹ ਨੂੰ ਤੁਰ ਪੈਂਦਾ ਹੈ। ਤੁਰਦੇ-ਤੁਰਦੇ ਉਸਨੂੰ ਅੱਗੇ ਇੱਕ ਭੀੜ ਦਿਖਾਈ ਦਿੰਦੀ ਹੈ ਜਿੱਥੇ ਕਿਸੇ ਨੌਜਵਾਨ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ। ਗੁਰਦਿਆਲ ਸਿੰਘ ਜਦੋਂ ਉਸ ਭੀੜ ਵਿੱਚ ਵੜਦਾ ਹੈ ਤਾਂ ਉਸ ਨੌਜਵਾਨ ਦੀ ਲਾਸ਼ ਨੂੰ ਵੇਖ ਕੇ ਉਸਦੇ ਹੋਸ਼ ਉੱਡ ਜਾਂਦੇ ਹਨ, ਕਿਉਂਕਿ ਜਿਸ ਨੌਜਵਾਨ ਦੀ ਐਕਸੀਡੈਂਟ ਵਿੱਚ ਮੌਤ ਹੋਈ ਹੁੰਦੀ ਹੈ
ਉਹ ਉਸਦਾ ਆਪਣਾ ਪੁੱਤਰ ਸੁਰਜੀਤ ਹੁੰਦਾ ਹੈ। ਅੱਜ ਗੁਰਦਿਆਲ ਸਿੰਘ ਅਜਿਹੀ ਹੋਣੀ ਦਾ ਸ਼ਿਕਾਰ ਹੋ ਜਾਂਦਾ ਹੈ ਕਿ, ਨਾ ਤਾਂ ਉਸ ਕੋਲ ਪਿੰਡ ਵਾਲਾ ਘਰ ਰਹਿੰਦਾ ਹੈ ਜਿੱਥੇ ਉਸਦਾ ਤੇ ਉਸਦੇ ਪੁੱਤ ਦਾ ਬਚਪਨ ਬੀਤਿਆ ਸੀ ਅਤੇ ਨਾ ਹੀ ਉਸਦਾ ਪੁੱਤ ਸੁਰਜੀਤ ਰਿਹਾ ਜਿਸ ਨਾਲ ਉਸ ਦਾ ਅੰਤਾਂ ਦਾ ਮੋਹ ਸੀ। ਗੁਰਦਿਆਲ ਸਿੰਘ ਨੂੰ ਉਸਦੇ ਪੁੱਤਰ ਸੁਰਜੀਤ ਦੀ ਮੌਤ ਅਤੇ ਪਿੰਡ ਵਾਲੇ ਘਰ ਦੇ ਵਿਯੋਗ ਨੇ ਏਨਾ ਪਾਗਲ ਤੇ ਲਾਚਾਰ ਬਣਾ ਦਿੱਤਾ, ਕਿ ਅੱਜ ਉਹ ਸ਼ਹਿਰ ਦੇ ਬੱਸ ਅੱਡੇ ’ਤੇ ਮੈਲੇ ਕੱਪੜਿਆਂ ’ਚ ਇਕੱਲੇ ਹੀ ਗੱਲਾਂ ਤੇ ਇਸ਼ਾਰੇ ਕਰਦਾ ਇੱਧਰ-ਉੱਧਰ ਭਟਕਦਾ ਨਜ਼ਰ ਆਉਂਦਾ ਹੈ।
ਗੁਰਸੇਵਕ ਰੰਧਾਵਾ,
ਪਟਿਆਲਾ।
ਮੋ. 94636-80877
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.