ਬਾਪੂ

ਬਾਪੂ

ਘਰ ਦਾ ਚੁੱਲ੍ਹਾ ਜਲਾਉਣ ਲਈ ਲੱਕੜ ਤੋਂ ਵੱਧ ਕੋਈ ਹੋਰ ਜਲਿਆ ਸੀ,
ਸਾਨੂੰ ਰੌਸ਼ਨੀਆਂ ਦਿਖਾਉਣ ਲਈ ਦੀਵੇ ਤੋਂ ਵੱਧ ਕੋਈ ਹੋਰ ਬਲਿਆ ਸੀ
ਕਿੱਦਾ ਕਹਾਂ ਮੈਂ ਆਪ ਤੁਰ ਗਿਆ ਮੁਸ਼ਕਲ ਰਾਹਾਂ ’ਤੇ,
ਰਸਤਾ ਤਾਂ ਮੇਰੇ ਬਾਪੂ ਨੇ ਘੜਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ…
ਡਰਿਆ ਹਾਂ ਜਿਨ੍ਹਾਂ ਰਾਹਾਂ ਨੂੰ ਦੇਖ ਕੇ ਮੈਂ ਅੱਜ ਹੀ,
ਪਤਾ ਨਹੀਂ ਉਹ ਤਾਂ ਕਦੋਂ ਦਾ ਉੱਥੇ ਖੜਿ੍ਹਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਡਰ ਲੱਗਦਾ ਹੈ ਜਿਸ ਤੇਜ ਧੁੱਪ ਤੋਂ ਮੈਨੂੰ ਅੰਦਰੋਂ ਹੀ,
ਉਸ ਵਿਚ ਤਾਂ ਉਹ ਪੂਰੀ ਉਮਰ ਰੜਿ੍ਹਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਸਵਾਉਣ ਲਈ ਸਾਨੂੰ ਆਰਾਮ ਨਾਲ,
ਉਹ ਹਰ ਦਿਨ ਸੂਰਜ ਤੋਂ ਪਹਿਲਾਂ ਜਗਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….

ਪਤਾ ਨਹੀਂ ਸੀ ਸਾਨੂੰ ਜਦੋਂ ਦੁੱਖ-ਤਕਲੀਫਾਂ ਦਾ,
ਉਦੋਂ ਉਸਦੀ ਉਹਨਾਂ ਨਾਲ ਗੂੜ੍ਹੀ ਯਾਰੀ ਸੀ,
ਤੇ ਪਤਾ ਨਹੀਂ ਕਦੋਂ ਦਾ ਰਲ਼ਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਮੇਰੀ ਹਰ ਲੋੜ ਪੂਰੀ ਕਰਨ ਲਈ,
ਉਸਨੇ ਆਪਣੀਆਂ ਲੋੜਾਂ ਨੂੰ ਪਾਸੇ ਧਰਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਕੀਤਾ ਨਹੀਂ ਮੈਂ ਕੁਝ ਵੀ ਬਾਪੂ ਲਈ ਇਹ ਮੇਰੀ ਗਲਤੀ,
ਉਸਨੇ ਤਾਂ ਮੇਰੇ ਲਈ ਸਭ ਤੋਂ ਵੱਧ ਕਰਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਅਮਨ ਕੱਟੂ
ਮੋ. 81163-46906

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.