ਪੱਛਮੀ ਬੰਗਾਲ ’ਚ ਮਹਿਲਾਵਾਂ ਨਾਲ ਕੁੱਟਮਾਰ ਦੀਆਂ ਜੋ ਵੀਡੀਓ ਚਰਚਾ ’ਚ ਆ ਰਹੀਆਂ ਹਨ ਉਹ ਤਾਲਿਬਾਨੀ ਪਰੰਪਰਾਵਾਂ ਤੋਂ ਘੱਟ ਨਹੀਂ ਮਸਲਾ ਇਹ ਨਹੀਂ ਕਿ ਕੁੱਟਣ ਵਾਲਿਆਂ ਦਾ ਸਿਆਸੀ ਰੁਤਬਾ ਜਾਂ ਪਾਰਟੀ ਕਿਹੜੀ ਹੈ? ਮਸਲਾ ਇਹ ਹੈ ਕਿ ਪੱਛਮੀ ਬੰਗਾਲ ਵੀ ਦੇਸ਼ ਦਾ ਹਿੱਸਾ ਹੈ ਅਤੇ ਦੇਸ਼ ਅੰਦਰ ਮਹਿਲਾਵਾਂ ਦੀ ਅਜਿਹੀ ਦੁਰਗਤੀ ਪੂਰੇ ਦੇਸ਼ ’ਤੇ ਕਲੰਕ ਹੈ ਸਵਾਲ ਇਹ ਵੀ ਉੱਠਦਾ ਹੈ ਕਿ ਆਖਰ ਸ਼ਾਸਨ-ਪ੍ਰਸ਼ਾਸਨ ਤੇ ਪੁਲਿਸ ਦੀ ਭੂਮਿਕਾ ਕਿਹੋ-ਜਿਹੀ ਰਹੀ ਹੈ ਕਿ ਔਰਤ ਨੂੰ ਅਸਾਨ ਸ਼ਿਕਾਰ ਤੇ ਬਦਲਾ ਲੈਣ ਦਾ ਜ਼ਰੀਆ ਮੰਨਣ ਵਾਲੀ ਮਾਨਸਿਕਤਾ ਅਜ਼ਾਦੀ ਦੇ 75 ਵਰਿ੍ਹਆਂ ਬਾਅਦ ਵੀ ਕਿਉਂ ਨਹੀਂ ਬਦਲੀ। (Women Atrocities)
ਕਿਤੇ ਔਰਤਾਂ ਨੂੰ ਨਿਰਬਸਤਰ ਕਰਕੇ ਸਿਆਸੀ ਆਗੂ ਦੇ ਕਮਰੇ ’ਚ ਕੁੱਟਿਆ ਜਾ ਰਿਹਾ ਹੈ ਅਤੇ ਕਿਧਰੇ ਸੜਕ ’ਤੇ ਸ਼ਰ੍ਹੇਆਮ ਸੈਂਕੜੇ ਲੋਕਾਂ ਦੀ ਹਾਜ਼ਰੀ ’ਚ ਔਰਤਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਪੰਦਰਾਂ ਕੁ ਦਿਨਾਂ ’ਚ ਅਜਿਹੀਆਂ ਘਟਨਾਵਾਂ ’ਚ ਛੇ ਔਰਤਾਂ ਦੀ ਮੌਤ ਹੋਣਾ ਹਾਲਾਤਾਂ ਦੀ ਭਿਆਨਕਤਾ ਨੂੰ ਦਰਸ਼ਾਉਂਦਾ ਹੈ ਆਮ ਤੌਰ ’ਤੇ ਇਹ ਹੋ ਰਿਹਾ ਹੈ ਕਿ ਮਹਿਲਾ ਨਾਲ ਕੁੱਟਮਾਰ ਦੀ ਘਟਨਾ ਵਾਪਰਦੀ ਹੈ ਤਾਂ ਵਿਰੋਧੀ ਪਾਰਟੀ ਸਿਰਫ ਇੱਥੋਂ ਤੱਕ ਸੀਮਿਤ ਹੋ ਜਾਂਦੀ ਹੈ ਕਿ ਹਮਲਾਵਰ ਸੱਤਾਧਾਰੀ ਪਾਰਟੀ ਦੇ ਆਗੂ ਹਨ ਅਜਿਹੀ ਬਿਆਨਬਾਜ਼ੀ ਦਾ ਰੁਝਾਨ ਸਿਆਸੀ ਮਨੋਰਥ ਵੱਧ ਅਤੇ ਸਮਾਜਿਕ ਮਸਲਿਆਂ ਪ੍ਰਤੀ ਜਿੰਮੇਵਾਰੀ ਘੱਟ ਹੈ। ਸੱਤਾਧਾਰੀ ਵੀ ਇਹ ਜਵਾਬ ਦੇ ਕੇ ਚੁੱਪ ਹੋ ਜਾਂਦੇ ਹਨ ਕਿ ਵਿਰੋਧੀ ਆਗੂ ਸਿਰਫ ਬਦਨਾਮ ਕਰਨ ਲਈ ਦੋਸ਼ ਲਾ ਰਹੇ ਹਨ। (Women Atrocities)
Read This : Putin: ਅਮਨ ਲਈ ਅਵਾਜ਼
ਕੀ ਇਹ ਸੱਤਾਧਾਰੀਆਂ ਦਾ ਫਰਜ਼ ਨਹੀਂ ਬਣਦਾ ਕਿ ਉਹ ਹਮਲਾਵਰ ਦੀ ਪਾਰਟੀ ਜਾਂ ਪਹੁੰਚ ਵੇਖਣ ਦੀ ਬਜਾਇ ਹਮਲਾਵਰ ਖਿਲਾਫ਼ ਅਵਾਜ਼ ਉਠਾਉਣ ਤੇ ਕਾਰਵਾਈ ਦੀ ਮੰਗ ਕਰਨ ਪਾਰਟੀ ਕੋਈ ਵੀ ਹੋਵੇ ਉਸ ਨੂੰ ਅਜਿਹੇ ਵਿਅਕਤੀਆਂ ਨਾਲੋਂ ਨਾਤਾ ਜ਼ਰੂਰ ਤੋੜਨਾ ਚਾਹੀਦਾ ਹੈ ਜੋ ਔਰਤਾਂ ’ਤੇ ਜ਼ੁਲਮ ਕਰਨ ਦੀਆਂ ਮਿਸਾਲਾਂ ਪੈਦਾ ਕਰ ਰਹੇ ਹਨ ਘੱਟੋ-ਘੱਟ ਜਿਸ ਸੂਬੇ ਦੀ ਮੁੱਖ ਮੰਤਰੀ ਹੀ ਮਹਿਲਾ ਹੈ ਉੱਥੇ ਅਜਿਹੀਆਂ ਘਟਨਾਵਾਂ ਬੇਹੱਦ ਨਿੰਦਣਯੋਗ ਹਨ ਇਹ ਵੀ ਬੇਹੱਦ ਦੁਖਦਾਈ ਹੈ ਕਿ ਸਿਆਸੀ ਬਦਲਾਖੋਰੀ ਲਈ ਵੀ ਔਰਤਾਂ ਨੂੰ ਚੁਣਿਆ ਜਾ ਰਿਹਾ ਹੈ ਕੇਂਦਰੀ ਕਮਿਸ਼ਨ ਸੂਬੇ ਮਹਿਲਾ ਕਮਿਸ਼ਨ ਇਸ ਮਾਮਲੇ ’ਚ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। (Women Atrocities)