ਗਿਰੋਹ ਵੱਲੋਂ ਪੰਜਾਬ ਤੇ ਹਰਿਆਣਾ ‘ਚ ਕੀਤੀਆਂ 34 ਵਾਰਦਾਤਾਂ ਹੁਣ ਤੱਕ ਹੋਈਆਂ ਟਰੇਸ
ਐਸ.ਬੀ.ਆਈ. ਬੈਂਕ ਦੇ ਏ.ਟੀ.ਐਮ. ਨੂੰ ਬਣਾਉਂਦੇ ਸਨ ਨਿਸ਼ਾਨਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਿਛਲੇ ਦੋ ਸਾਲਾਂ ਦੌਰਾਨ ਏ.ਟੀ.ਐਮ. ਲੁੱਟ ਦੀਆਂ 20 ਵਾਰਦਾਤਾਂ ਸਮੇਤ ਲੁੱਟਾਂ-ਖੋਹਾਂ ਦੀਆਂ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ।ਉਕਤ ਗੈਂਗ ਨੇ ਪੰਜਾਬ ਸਮੇਤ ਗੁਆਂਢੀ ਸੂਬੇ ਵਿੱਚ ਵੀ ਵਾਰਦਾਤਾਂ ਕਰ ਕੇ ਸਨਸਨੀ ਫੈਲਾਈ ਹੋਈ ਸੀ, ਪੁਲਿਸ ਅਨੁਸਾਰ ਇਸ ਗਿਰੋਹ ਵੱਲੋਂ ਏ.ਟੀ.ਐਮ. ਪੱਟਣ ਦੀਆਂ ਕੀਤੀਆਂ 20 ਵਾਰਦਾਤਾਂ, ਜਿਸ ਵਿਚ ਪਟਿਆਲਾ ਵਿਖੇ 13, ਰੋਪੜ ਦੀਆਂ 2, ਫਤਿਹਗੜ੍ਹ ਸਾਹਿਬ ਦੀ 1, ਬਰਨਾਲਾ ਦੀ 1, ਐਸ.ਬੀ.ਐਸ. ਨਗਰ ਦੀ 1 ਅਤੇ ਹਰਿਆਣਾ ਦੇ ਅੰਬਾਲਾ ਤੇ ਪੰਚਕੂਲਾ ਵਿਖੇ ਹੋਈਆਂ 2 ਵਾਰਦਾਤਾਂ ਨੂੰ ਇਨ੍ਹਾਂ ਦੀ ਪੁੱਛ-ਗਿੱਛ ਦੌਰਾਨ ਟਰੇਸ ਕੀਤਾ ਜਾ ਚੁੱਕਾ ਹੈ। ਗਿਰੋਹ ਵੱਲੋਂ ਪਟਿਆਲਾ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਲੁਧਿਆਣਾ ਵਿਖੇ ਵੀ ਲੁੱਟ-ਖੋਹ ਦੀਆਂ 14 ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਹੈ।
ਪਟਿਆਲਾ ਪੁਲਿਸ ਵੱਲੋਂ 8 ਵਿਅਕਤੀ ਕਾਬੂ
ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਪੀ. ਇੰਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਕ੍ਰਿਸ਼ਨ ਕੁਮਾਰ ਪਾਂਥੇ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਇਸ ਸਪੈਸ਼ਲ ਅਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਅਧਾਰ ‘ਤੇ ਏ.ਟੀ.ਐਮ. ਮਸ਼ੀਨਾਂ ਨੂੰ ਇਲੈਕਟ੍ਰਿਕ ਕਟਰ ਤੇ ਗੈਸ ਕਟਰ ਨਾਲ ਕੱਟਕੇ, ਏ.ਟੀ.ਐਮ. ਮਸ਼ੀਨ ਵਿੱਚ ਲੋਡ ਕੈਸ਼ ਨੂੰ ਚੋਰੀ ਕਰਨ ਵਾਲ ਗਿਰੋਹ ਦੇ ਅਤੇ ਹੋਰ ਲੁੱਟਾਂ-ਖੋਹਾਂ ਕਰਨ ਵਾਲੇ 8 ਮੈਂਬਰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਫੜੇ ਗਏ ਮੈਂਬਰਾਂ ‘ਚ ਗਿਰੋਹ ਦੇ ਸਰਗਨਾ ਦੋ ਸਕੇ ਭਰਾ ਹਰਨੇਕ ਸਿੰਘ ਅਤੇ ਹਰਚੇਤ ਸਿੰਘ ਸਮੇਤ ਉਨ੍ਹਾਂ ਦੇ ਸਾਥੀ ਮਨਿੰਦਰ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਦਿਲਰਾਜ ਸਿੰਘ, ਅਮ੍ਰਿਤ ਸਿੰਘ, ਪਰਮਵੀਰ ਸਿੰਘ ਅਤੇ ਗੁਰਤੇਜ਼ ਸਿੰਘ ਨੂੰ ਪਿੰਡ ਖਾਸੀਆਂ ਦੇ ਸਾਹਮਣੇ ਬੰਦ ਪਈ ਫੈਕਟਰੀ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ।
ਸਿੱਧੂ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਵੱਲੋਂ ਵਾਰਦਾਤਾਂ ‘ਚ ਵਰਤੀ ਜਾਣ ਵਾਲੀ ਇੱਕ ਰਾਈਫਲ 315 ਬੋਰ ਸਮੇਤ ਰੋਂਦ, ਇੱਕ ਪਿਸਤੌਲ ਦੇਸੀ 315 ਬੋਰ ਸਮੇਤ ਰੋਂਦ, 2 ਕ੍ਰਿਪਾਨਾਂ, ਏ.ਟੀ.ਐਮ ਪੁੱਟਣ/ਕੱਟਣ ਲਈ ਵਰਤਿਆ ਜਾਣ ਵਾਲਾ ਇਲੈਕਟ੍ਰਿਕ ਕਟਰ, ਗੈਸ ਕਟਰ, ਆਕਸੀਜਨ ਸਿਲੰਡਰ, ਆਮ ਸਿਲੰਡਰ, ਏ.ਟੀ.ਐਮ ਮਸ਼ੀਨ ਪੱਟਣ ਵਾਲਾ ਪੱਟਾ, 2 ਹਥੌੜੇ, ਇਕ ਸੱਬਲ, ਇਕ ਰਾਡ ਲੋਹਾ (ਸ਼ਟਰ ਤੋੜਨ ਲਈ) ਤੋ ਇਲਾਵਾ ਇਕ ਟਵੇਰਾ ਗੱਡੀ, ਇੰਡੀਕਾ ਕਾਰ, 7 ਮੋਟਰਸਾਇਕਲ ਸਮੇਤ ਵੱਖ-ਵੱਖ ਏ.ਟੀ.ਐਮ ਮਸ਼ੀਨਾਂ/ਲੁੱਟਾਂ-ਖੋਹਾਂ ਵਿੱਚੋਂ ਲੁੱਟੀ ਰਕਮ 08 ਲੱਖ 25 ਹਜ਼ਾਰ ਰੁਪਏ ਬਰਾਮਦ ਕੀਤੀ ਗਈ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਨੇ ਜ਼ਿਆਦਾਤਰ ਏ.ਟੀ.ਐਮ. ਐਸ.ਬੀ.ਆਈ. ਬੈਂਕ ਦੇ ਲੁੱਟੇ ਹਨ, ਜਿਨ੍ਹਾਂ ਦੀ ਗਿਣਤੀ 15 ਹੈ, ਜਿਸ ਦਾ ਮੁੱਖ ਕਾਰਨ ਏ.ਟੀ.ਐਮ. ਮਸ਼ੀਨ ਵਿੱਚ ਲੱਗਾ ਮਾੜਾ ਸਕਿਊਰਿਟੀ ਸਿਸਟਮ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।