ਰਿਵਾਲਵਰ ਦੀ ਨੋਕ ‘ਤੇ ਸ਼ੈਲਰ ‘ਚੋਂ 524 ਗੱਟੇ ਚਾਵਲ ਚੋਰੀ

ਰਿਵਾਲਵਰ ਦੀ ਨੋਕ ‘ਤੇ ਸ਼ੈਲਰ ‘ਚੋਂ 524 ਗੱਟੇ ਚਾਵਲ ਚੋਰੀ

ਗੋਨਿਆਣਾ  (ਜਗਤਾਰ ਜੱਗਾ) ਸਥਾਨਕ ਜੈਤੋ ਰੋਡ ‘ਤੇ ਬਣੇ ਇਕ ਸ਼ੈਲਰ ਵਿਚੋਂ ਬੀਤੀ ਰਾਤ ਤਿੰਨ ਦਰਜਨ ਦੇ ਕਰੀਬ ਚੋਰ ਗਿਰੋਹ ਵੱਲੋਂ ਅਸਲੇ ਦੀ ਨੋਕ ‘ਤੇ ਸ਼ੈਲਰ ਦੇ ਸਮੂਹ ਮੁਲਾਜ਼ਮਾਂ ਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਕੇ ਇੱਕ ਟਰੱਕ ਵਿਚ ਬਾਸਮਤੀ ਚਾਵਲ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ । ਹਰਮਨ ਰਾਇਸ ਪ੍ਰਾਈਵੇਟ ਲਿਮਟਿਡ ਦੇ ਮਾਲਕ ਦਲੀਪ ਸਿੰਘ ਚੋਟਮੁਰਾਦਾ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਦਰਜਨ ਦੇ ਕਰੀਬ ਚੋਰ ਗਿਰੋਹ ਸਾਡੇ ਸ਼ੈਲਰ ‘ਚ ਮੁੱਖ ਗੇਟ ਦੇ ਪਿਛਲੇ ਪਾਸੇ ਦਾਖਲ ਹੋਏ ਜਿਨ੍ਹਾਂ ਕੋਲ ਕੋਲ ਤੇਜ਼ਧਾਰ ਹਥਿਆਰ ਅਤੇ ਅਸਲਾ ਵੀ ਸੀ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਰਾਇਸ ਮਿੱਲ ਵਿਚ ਮੌਜੂਦ ਡੇਢ ਦਰਜਨ ਦੇ ਕਰੀਬ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਤੋਂ ਮੋਬਾਇਲ ਵੀ ਖੋਹ ਲਏ ।

ਇਸ ਤੋਂ ਬਾਅਦ ਇਕ ਟਰੱਕ ਵਿੱਚ 524 ਗੱਟਿਆਂ ਨੂੰ ਲੋਡ ਕਰਕੇ ਫਰਾਰ ਹੋ ਗਏ । ਉਕਤ ਚੋਰ ਗਿਰੋਹ ਜਾਂਦੇ ਸਮੇਂ ਰਾਇਸ ਮਿੱਲ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਅਤੇ ਡੀ.ਵੀ.ਆਰ ਵੀ ਨਾਲ ਲੈ ਗਏ । ਲੁੱਟੇ ਗਏ ਚਾਵਲਾਂ ਦੀ ਕੁੱਲ ਕੀਮਤ ਕਰੀਬ 18 ਲੱਖ ਰੁਪਏ ਬਣਦੀ ਹੈ। ਸ਼ੈਲਰ ਮਾਲਕ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਅਤੇ ਥਾਣਾ ਨੇਹੀਆਂ ਵਾਲਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਡੀ.ਐਸ.ਪੀ.ਭੁੱਚੋ ਗੋਪਾਲ ਚੰਦ ਭੰਡਾਰੀ, ਬੂਟਾ ਸਿੰਘ ਮੁੱਖ ਅਫਸਰ ਥਾਣਾ ਨੇਹੀਆ ਵਾਲਾ, ਹਰਬੰਸ ਸਿੰਘ ਚੋਂਕੀ ਇੰਚਾਰਜ਼ ਗੋਨਿਆਣਾ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਵੱਖ-ਵੱਖ ਪੱਖਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਬੂਟਾ ਸਿੰਘ ਮੁੱਖ ਅਫਸਰ ਥਾਣਾ ਨੇਹੀਆ ਵਾਲਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here