ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਵਾਤਾਵਰਣ ਵਿੱਚ ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜਿੱਥੇ ਜਿਲ੍ਹਾ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ, ਉਥੇ ਆਕਸੀਜਨ ਦੇ ਸਰੋਤ ਪੈਦਾ ਕਰਨ ਅਤੇ ਲੋਕਾਂ ਨੂੰ ਸੈਰਗਾਹ ਮੁਹੱਈਆ ਕਰਵਾਉਣ ਲਈ ਵੀ ਮਨਰੇਗਾ ਅਤੇ ਹੋਰ ਯੋਜਨਾਵਾਂ ਅਧੀਨ ਕੰਮ ਜਾਰੀ ਹੈ। ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੀ ਗ੍ਰਾਮ ਪੰਚਾਇਤ ਫਤਿਹਪੁਰ ਰਾਜਪੁਤਾਂ ਵਿਖੇ ਮਗਨਰੇਗਾ ਅਧੀਨ ਵਧੀਆ ਪਾਰਕ ਤਿਆਰ ਕੀਤੀ ਗਈ ਹੈ।
ਬਲਾਕ ਜੰਡਿਆਲਾ ਗੁਰੂ ਦੇ ਬੀ.ਡੀ.ਪੀ.ਓ ਸ.ਭਗਵਾਨ ਸਿੰਘ ਨੇ ਦੱਸਿਆ ਕਿ ਬਲਾਕ ਜੰਡਿਆਲਾ ਗੁਰੂ ਦੀ ਮਗਨਰੇਗਾ ਅਧੀਨ ਤਿਆਰ ਹੋਣ ਵਾਲੀ ਇਹ ਤੀਸਰੀ ਪਾਰਕ ਹੈ। ਇਸ ਪਾਰਕ ਦੀ ਸੋਹਣੀ ਲੈਂਡ ਸਕੇਪਿੰਗ ਕਰਨ ਲਈ ਘਾਹ ਦੇ ਨਾਲ ਲਗਭਗ 300 ਵੱਖ-ਵੱਖ ਕਿਸਮਾਂ ਦੇ ਸਜਾਵਟੀ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਲੇ ਬੂਟੇ ਲਗਾਏ ਗਏ ਹਨ ਅਤੇ ਸੈਰ ਕਰਨ ਲਈ ਪਾਰਕ ਦੇ ਚਾਰੋ ਪਾਸੇ ਸੀਮੈਂਟ ਦੀਆਂ ਟਾਈਲਾਂ ਦਾ ਟਰੈਕ ਬਣਾਇਆ ਗਿਆ ਹੈ।
ਪਿੰਡ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਇਸ ਸਥਾਨ ‘ਤੇ ਗੰਦਾ ਨਾਲਾ ਸੀ, ਜਿਸ ਕਰਕੇ ਬਹੁਤ ਗੰਦਗੀ ਰਹਿਣ ਦੇ ਨਾਲ-ਨਾਲ ਪਿੰਡ ਦਾ ਵਾਤਾਵਰਨ ਬਹੁਤ ਦੂਸ਼ਿਤ ਹੁੰਦਾ ਸੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਲਗਦੀਆਂ ਸਨ। ਸ. ਤਰਸੇਮ ਸਿੰਘ ਸਰਪੰਚ ਫਤਿਹਪੁਰ ਰਾਜਪੁਤਾਂ ਨੇ ਦੱਸਿਆ ਕਿ ਅੱਜ-ਕੱਲ੍ਹ ਦੇ ਸਮੇਂ ਵਿੱਚ ਸਿਹਤ ਕਾਇਮ ਰੱਖਣ ਲਈ ਹਰ ਵਿਅਕਤੀ ਨੂੰ ਸੈਰ ਕਰਨੀ ਬਹੁਤ ਜ਼ਰੂਰੀ ਹੈ, ਪਰ ਪਹਿਲਾਂ ਸਾਡੇ ਪਿੰਡ ਕੋਈ ਜਗ੍ਹਾ ਨਾ ਹੋਣ ਕਾਰਣ ਅਸੀਂ ਬੇਬੱਸ ਸੀ ਅਤੇ ਬੱਚਿਆਂ ਦੇ ਖੇਡਣ ਲਈ ਵੀ ਕੋਈ ਥਾਂ ਨਹੀਂ ਸੀ, ਪੰ੍ਰਤੂ ਹੁਣ ਮਗ ਨਰੇਗਾ ਅਧੀਨ ਬਣ ਰਹੀ ਪਾਰਕ ਨੇ ਸਾਡੀਆ ਸਾਰੀਆਂ ਲੋੜਾ ਪੂਰੀਆਂ ਕਰ ਦਿੱਤੀਆਂ ਹਨ।
ਉਨਾਂ ਇਸ ਕਾਮਯਾਬੀ ਲਈ ਸ. ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿ,), ਮੈਡਮ ਜ਼ੀਨਤ ਖਹਿਰਾ (ਸਾਬਕਾ ਬੀ ਡੀ ਪੀ ਓ, ਜੰਡਿਆਲਾ ਗੁਰੁ) ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸ੍ਰ ਭਗਵਾਨ ਸਿੰਘ ਵੱਲੋ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਗ ਨਰੇਗਾ ਸਕੀਮ ਦਾ ਲਾਭ ਹਰ ਪਿੰਡ ਅਤੇ ਪਿੰਡ ਵਾਸੀਆ ਤੱਕ ਪਹੁੰਚਾਇਆ ਜਾਵੇਗਾ।