ਬਠਿੰਡਾ ਜੰਕਸ਼ਨ ‘ਤੇ ਫਿਰ ਸੁਣਨ ਲੱਗੀਆਂ ਮੁਸਾਫਿਰ ਰੇਲਾਂ ਦੀਆਂ ਕੂਕਾਂ

ਵਪਾਰੀਆਂ ਤੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੇ ਲਿਆ ਸੁਖ ਦਾ ਸਾਹ

ਬਠਿੰਡਾ, (ਸੁਖਜੀਤ ਮਾਨ) ਕੋਰੋਨਾ ਦਾ ਕਹਿਰ ਭਾਵੇਂ ਹਾਲੇ ਨਹੀਂ ਰੁਕਿਆ ਪਰ ਆਮ ਜਨਜੀਵਨ ਪਹਿਲਾਂ ਦੇ ਮੁਕਾਬਲੇ ਲੀਹੇ ਪੈ ਗਿਆ ਹੈ ਬਠਿੰਡਾ ਰੇਲਵੇ ਸਟੇਸ਼ਨ ‘ਤੇ ਵੀ ਅੱਜ ਤੋਂ ਮੁੜ ਰੇਲਾਂ ਕੂਕਣ ਲੱਗੀਆਂ ਹਨ  ਅੱਜ ਪਹਿਲੇ ਦਿਨ ਵੱਖ-ਵੱਖ ਸ਼ਹਿਰਾਂ ਲਈ 8 ਰੇਲਗੱਡੀਆਂ ਰਵਾਨਾ ਹੋਈਆਂ ਮੁਸਾਫਿਰ ਰੇਲਗੱਡੀਆਂ ਸ਼ੁਰੂ ਹੋਣ ਨਾਲ ਨਿੱਤ ਦੇ ਸਫ਼ਰ ਵਾਲਿਆਂ ਤੋਂ ਇਲਾਵਾ ਸਟੇਸ਼ਨ ਨੇੜਲੇ ਦੁਕਾਨਦਾਰਾਂ ਨੂੰ ਵੀ ਆਰਥਿਕ ਹੁਲਾਰਾ ਮਿਲਿਆ ਹੈ ਸੁਰੱਖਿਆ ਦੇ ਲਿਹਾਜ਼ ਪੱਖੋਂ ਸਟੇਸ਼ਨ ‘ਤੇ ਪੂਰੇ ਇੰਤਜਾਮ ਕੀਤੇ ਹੋਏ ਸਨ ਯਾਤਰੀਆਂ ਦੇ ਸਮਾਨ ਦੀ ਵੀ ਸੁਰੱਖਿਆ ਮੁਲਾਜ਼ਮਾਂ ਵੱਲੋਂ ਚੈਕਿੰਗ ਕੀਤੀ ਗਈ

ਕੋਰੋਨਾ ਮਹਾਂਮਾਰੀ ਮੱਦੇਨਜ਼ਰ 23 ਮਾਰਚ ਤੋਂ ਬੰਦ ਰੇਲ ਆਵਾਜਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਮਾਲ ਗੱਡੀਆਂ ਦੇ ਨਾਲ-ਨਾਲ ਮੁਸਾਫ਼ਰ ਗੱਡੀਆਂ ਚੱਲਣ ਨਾਲ ਜ਼ਿਲ੍ਹਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮਾਲ ਤੇ ਮੁਸਾਫ਼ਰ ਗੱਡੀਆਂ ਚੱਲਣ ਦੇ ਨਾਲ ਵਪਾਰੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ ਮਾਲ ਗੱਡੀਆਂ ਰਾਹੀਂ ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਜ਼ਿਲੇ ਅੰਦਰ ਖਾਦ ਆਉਣੀ ਸ਼ੁਰੂ ਹੋ ਗਈ ਹੈ

ਪਿਛਲੇ ਦਿਨਾਂ ਦੌਰਾਨ ਜਿੱਥੇ ਜ਼ਿਲੇ ਅੰਦਰ ਮਾਲ ਗੱਡੀਆਂ ਰਾਹੀਂ ਕੋਲਾ ਅਤੇ ਸੀਮਿੰਟ ਤੋਂ ਇਲਾਵਾ ਖਾਦਾਂ ਤੇ ਹੋਰ ਜ਼ਰੂਰੀ ਵਸਤਾਂ ਦੇ ਰੈਕ ਪੁੱਜੇ ਹਨ ਉੱਥੇ ਹੀ ਚਾਵਲ ਦੇ ਰੈਕ ਮਾਲ ਗੱਡੀਆਂ ਰਾਹੀਂ ਇੱਥੋ ਰਵਾਨਾ ਹੋਏ ਹਨ ਰੇਲਵੇ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੀ ਦਸੰਬਰ ਤੋਂ ਮੁਸਾਫ਼ਰ ਰੇਲ ਗੱਡੀਆਂ ਬਠਿੰਡਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਗਈਆਂ ਹਨ ਪਹਿਲੇ ਦਿਨ ਇੱਥੋ ਵੱਖ-ਵੱਖ ਸ਼ਹਿਰਾਂ ਲਈ ਅੱਠ ਮੁਸਾਫ਼ਰ ਰੇਲ ਗੱਡੀਆਂ ਇੱਥੋਂ ਰਵਾਨਾ ਹੋ ਰਹੀਆਂ ਹਨ ਇਸੇ ਤਰ੍ਹਾਂ ਵੱਖ-ਵੱਖ ਸ਼ਹਿਰਾਂ ਤੋਂ ਮੁਸਾਫ਼ਰ ਰੇਲ ਗੱਡੀਆਂ ਇੱਥੇ ਪਹੁੰਚ ਰਹੀਆਂ ਹਨ

ਇਹ ਗੱਡੀਆਂ ਆਈਆਂ-ਗਈਆਂ

ਜਾਣਕਾਰੀ ਮੁਤਾਬਿਕ ਬਠਿੰਡਾ ਤੋਂ ਦਿੱਲੀ ਵਾਇਆ ਅੰਬਾਲਾ ਜਾਣ ਵਾਲੀ ਗੱਡੀ ਨੰਬਰ 4732 ਇੱਥੋ ਸਵੇਰੇ 5 ਵਜੇ ਰਵਾਨਾ ਹੋਈ ਸ਼੍ਰੀ ਗੰਗਾਨਗਰ ਤੋਂ ਹਰਿਦੁਆਰ ਵਾਇਆ ਬਠਿੰਡਾ ਜਾਣ ਵਾਲੀ 4712 ਮੁਸਾਫ਼ਰ ਰੇਲ ਗੱਡੀ ਇੱਥੋ 6:20 ‘ਤੇ ਰਵਾਨਾ ਹੋਈ ਇਸੇ ਤਰਾਂ ਸ੍ਰੀ ਗੰਗਾਨਗਰ ਤੋਂ ਦਿੱਲੀ ਜਾਣ ਵਾਲੀ 2471 ਮੁਸਾਫ਼ਰ ਗੱਡੀ ਸਵੇਰੇ ਅੱਠ ਵਜੇ ਬਠਿੰਡਾ ਤੋਂ ਰਵਾਨਾ ਹੋਈ ਇਸ ਤੋਂ ਇਲਾਵਾ ਬਠਿੰਡਾ ਰਾਹੀਂ ਰਿਸ਼ੀਕੇਸ਼ ਤੋਂ ਬਾਡਮੇਲ ਜਾਣ ਵਾਲੀ 4887 ਰੇਲ ਗੱਡੀ ਨੰਬਰ ਅੱਜ ਇੱਥੇ ਰਾਤ 23:20 ਵਜੇ ਪਹੁੰਚੇਗੀ ਤੇ 23:59 ਵਜੇ ਇੱਥੋ ਰਵਾਨਾ ਹੋਵੇਗੀ ਫ਼ਿਰੋਜ਼ਪੁਰ ਤੋਂ ਮੁਬੰਈ ਵਾਇਆ ਬਠਿੰਡਾ ਹੋ ਕੇ ਜਾਣ ਵਾਲੀ 02138 ਮੁਸਾਫ਼ਰ ਰੇਲ ਗੱਡੀ ਅੱਜ ਰਾਤ 23:30 ਵਜੇ ਇੱਥੇ ਪਹੁੰਚੇਗੀ ਤੇ 23:55 ਵਜੇ ਇੱਥੋ ਰਵਾਨਾ ਹੋਵੇਗੀ

ਇਸੇ ਤਰ੍ਹਾਂ ਫ਼ਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ 4508 ਮੁਸਾਫ਼ਰ ਗੱਡੀ ਇੱਥੋ ਸਵੇਰੇ 5 ਵਜੇ ਰਵਾਨਾ ਹੋਈ ਇਸੇ ਤਰ੍ਹਾਂ ਤਹਿ ਸਮੇਂ ਮੁਤਾਬਿਕ ਮੁਸਾਫ਼ਰ ਰੇਲ ਗੱਡੀਆਂ ਅੱਜ ਇੱਥੋਂ ਰਵਾਨਾ ਹੋਈਆਂ ਅਤੇ ਮਿੱਥੇ ਸਮੇਂ ਅਨੁਸਾਰ ਹੀ ਅੱਠ ਰੇਲ ਗੱਡੀਆਂ ਬਠਿੰਡਾ ਵਿਖੇ ਪਹੁੰਚ ਰਹੀਆਂ ਹਨ

ਆਨਲਾਇਨ ਤੇ ਅਡਵਾਂਸ ਟਿਕਟਾਂ ਦੀ ਬੁਕਿੰਗ ਆਮ ਵਾਂਗ ਸ਼ੁਰੂ

ਬੁਲਾਰੇ ਅਨੁਸਾਰ ਰੇਲ ਰਾਹੀਂ ਮੁਸਾਫ਼ਰਾਂ ਦੇ ਸਫ਼ਰ ਕਰਨ ਲਈ ਆਨਲਾਇਨ ਅਤੇ ਅਡਵਾਂਸ ਟਿਕਟਾਂ ਦੀ ਬੁਕਿੰਗ ਵੀ ਆਮ ਵਾਂਗ ਸ਼ੁਰੂ ਹੋ ਚੁੱਕੀ ਹੈ  ਰੇਲ ਰਾਹੀਂ ਸਫ਼ਰ ਕਰਨ ਵਾਲੇ ਵਪਾਰੀਆਂ, ਫ਼ੌਜੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਮੁਸਾਫ਼ਰ ਖੁਸ਼ ਨਜ਼ਰ ਆ ਰਹੇ ਹਨ

ਮੇਲ ਗੱਡੀ ਤਾਂ ਚੱਲੀ ਪਰ ਇੱਕ ਵੀ ਸਵਾਰੀ ਨਹੀਂ ਚੜੀ

ਰਾਮਾਂ ਮੰਡੀ, (ਸਤੀਸ਼ ਜੈਨ) ਕੋਵਿਡ-19 ਦੇ ਚਲਦਿਆਂ 8 ਮਹੀਨਿਆਂ ਤੋਂ ਬੰਦ ਪਈਆਂ ਸਵਾਰੀ ਰੇਲਗੱਡੀਆਂ ਵਿੱਚੋਂ ਅੱਜ ਬੇਸ਼ਕ ਬਠਿੰਡਾ ਤੋਂ ਰਾਮਾਂ, ਸਰਸਾ ਰੇਲਵੇ ਟਰੈਕ ਰਾਹੀਂ ਦਿੱਲੀ ਜਾਣ ਵਾਲੀ ਕਿਸਾਨ ਮੇਲ ਐਕਸਪ੍ਰੈਸ ਗੱਡੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਅੱਜ ਸਵੇਰੇ ਆਪਣੇ ਨਿਰਧਾਰਤ ਸਮੇਂ ‘ਤੇ ਚੱਲ ਕੇ ਰਾਮਾਂ ਰੇਲਵੇ ਸਟੇਸ਼ਨ ‘ਤੇ ਪਹੁੰਚੀ  ਇਹ ਗੱਡੀ ਤਾਂ ਭਾਵੇਂ ਅੱਜ ਚੱਲ ਪਈ ਪਰ ਰਾਮਾਂ ਸਟੇਸ਼ਨ ਤੋਂ ਇੱਕ ਵੀ ਯਾਤਰੀ ਇਸ ਗੱਡੀ ਵਿੱਚ ਨਹੀਂ ਚੜ੍ਹਿਆ

ਰੇਲਵੇ ਅਧਿਕਾਰੀਆਂ ਦੇ ਦੱਸਣ ਅਨੁਸਾਰ ਕੁੱਝ ਯਾਤਰੀ ਉਹਨਾਂ ਕੋਲ ਸੋਮਵਾਰ ਨੂੰ ਗੱਡੀ ਚੱਲਣ ਬਾਰੇ ਪੁੱਛਣ ਲਈ ਆਏ ਸਨ ਪਰ ਬੀਤੀ ਸ਼ਾਮ ਤੱਕ ਵੀ ਉਹਨਾਂ ਕੋਲ ਵਿਭਾਗ ਵੱਲੋਂ ਕਿਸਾਨ ਮੇਲ ਗੱਡੀ ਦੇ ਅੱਜ ਸ਼ੁਰੂ ਹੋਣ ਬਾਰੇ ਕੋਈ ਸੂਚਨਾ ਨਹੀਂ ਸੀ ਜਿਸ ਕਾਰਨ ਉਹ ਸੋਮਵਾਰ ਨੂੰ ਕਿਸੇ ਯਾਤਰੀ ਦੀ ਕੋਈ ਬੁਕਿੰਗ ਨਹੀਂ ਕਰ ਸਕੇ  ਦੱਸਣਯੋਗ ਹੈ ਕਿ ਰੇਲਵੇ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਰੇਲ ਗੱਡੀ ਸ਼ੁਰੂ ਹੋਣ ਤੋਂ ਬਾਅਦ ਵੀ ਰਾਮਾਂ ਸਟੇਸ਼ਨ ਤੋਂ ਇੱਕ ਵੀ ਯਾਤਰੀ ਗੱਡੀ ਵਿੱਚ ਸਵਾਰ ਨਹੀਂ ਹੋਇਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.