ਪੰਜਾਬ ‘ਚ ਆਟਾ-ਦਾਲ ਦੇ ਰੇਟ ਆਸਮਾਨ ‘ਤੇ, ਦੋ ਸਮੇਂ ਦੀ ਰੋਟੀ ਗਰੀਬਾਂ ਤੋਂ ਹੋਰ ਦੂਰ

ਖੰਡ ਵੀ ਕੌੜੀ ਲੱਗਣ ਲੱਗੀ, 44 ਤੋਂ 50 ਰੁਪਏ ਤੱਕ ਵਿਕ ਰਹੀ ਐ ਖੰਡ

ਚੰਡੀਗੜ, (ਅਸ਼ਵਨੀ ਚਾਵਲਾ)। ਕਰਫਿਊ ਦੇ ਚਲਦੇ ਪੰਜਾਬ ਵਿੱਚ ਆਟਾ ਦਾਲ ਦੇ ਰੇਟ ਆਸਮਾਨ ‘ਤੇ ਪੁੱਜ ਗਏ ਹਨ, ਜਿਸ ਕਾਰਨ ਕਿਸੇ ਨਾ ਕਿਸੇ ਤਰੀਕੇ ਪਿਛਲੇ 10 ਦਿਨਾਂ ਤੋਂ ਬਿਨਾਂ ਕਮਾਈ ਤੋਂ ਰੋਟੀ ਖਾ ਰਹੇ ਗਰੀਬਾਂ ਦੇ ਮੂੰਹ ਵਿੱਚੋਂ ਹੁਣ ਇਹ ਦੋ ਸਮੇਂ ਦੀ ਰੋਟੀ ਵੀ ਦੂਰ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਇੱਕ ਹਫ਼ਤੇ ਤੱਕ ਪੰਜਾਬ ਵਿੱਚ 27-28 ਰੁਪਏ ਕਿਲੋ ਤੱਕ ਮਿਲਣ ਵਾਲਾ ਆਟਾ 40 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ ਜਿਸ ਕਾਰਨ ਗਰੀਬ ਦੀ ਥਾਲ਼ੀ ਵਿੱਚੋਂ ਹੁਣ ਰੋਟੀ ਵੀ ਗਾਇਬ ਹੁੰਦੀ ਨਜ਼ਰ ਆ ਰਹੀ ਹੈ, ਜਦੋਂ ਕਿ ਪਹਿਲਾਂ ਤੋਂ ਹੀ ਦਾਲ ਅਤੇ ਸਬਜ਼ੀਆਂ ਦੇ ਰੇਟ ਆਸਮਾਨ ‘ਤੇ ਪੁੱਜਣ ਕਾਰਨ ਗਰੀਬਾਂ ਦੀ ਥਾਲ਼ੀ ਵਿੱਚੋਂ ਦਾਲ ਅਤੇ ਸਬਜ਼ੀ ਤਾਂ ਪਹਿਲਾਂ ਹੀ ਗਾਇਬ ਹੋ ਗਈ ਸੀ।

ਪੰਜਾਬ ਵਿੱਚ ਹਾਲਾਤ ਇਹੋ ਜਿਹੇ ਹਨ ਕਿ ਆਟਾ-ਦਾਲ ਦੇ ਨਾਲ ਹੀ ਖੰਡ ਮਿਡਲ ਕਲਾਸ ਪਰਿਵਾਰਾਂ ਦੀ ਪਹੁੰਚ ਤੋਂ ਵੀ ਬਾਹਰ ਹੁੰਦੀ ਨਜ਼ਰ ਆ ਰਹੀ ਹੈ, ਜਿਸ ਪਿੱਛੇ ਰਾਸ਼ਨ ਦੀ ਸਪਲਾਈ ਨਹੀਂ ਹੋਣਾ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ਹੋਲਸੇਲਰ ਕੋਲ ਸਟਾਕ ਲਗਭਗ ਖਤਮ ਹੋ ਚੁੱਕਾ ਹੈ, ਜਦੋਂ ਕਿ ਰਿਟੇਲ ਕਰਨ ਵਾਲੇ ਦੁਕਾਨਦਾਰਾਂ ਨੂੰ ਪਿੱਛੋਂ ਸਾਮਾਨ ਨਾ ਆਉਣ ਦੇ ਚਲਦੇ ਉਨ੍ਹਾਂ ਵੱਲੋਂ ਵੀ ਰੇਟ ਵਧਾਉਂਦੇ ਹੋਏ ਕਾਲਾ ਬਜ਼ਾਰੀ ਪਹਿਲਾਂ ਨਾਲੋਂ ਜਿਆਦਾ ਤੇਜ਼ ਕਰ ਦਿੱਤੀ ਗਈ ਹੈ। ਇਸ ਸਮੇਂ ਪੰਜਾਬ ਵਿੱਚ ਇਸ ਦਾ ਕਾਫ਼ੀ ਜਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਵਿੱਚ ਪਿਛਲੇ 8 ਦਿਨਾਂ ਤੋਂ ਆਟਾ ਚੱਕੀਆਂ ਅਤੇ ਮਿੱਲਾਂ ਬੰਦ ਹੋਣ ਕਾਰਨ ਆਟੇ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ, ਜਿਹੜਾ ਆਟਾ ਪਹਿਲਾਂ ਹੀ ਸਟਾਕ ਵਿੱਚ ਪਿਆ ਸੀ, ਉਹ ਆਟੇ ਦੇ ਰੇਟ ਆਸਮਾਨ ‘ਤੇ ਪੁੱਜਦੇ ਹੋਏ 40 ਰੁਪਏ ਪ੍ਰਤੀ ਕਿਲੋ ਤੱਕ ਨੂੰ ਪਾਰ ਕਰ ਰਹੇ ਹਨ, ਜਦੋਂ ਕਿ ਇਸ ਤੋਂ ਪਹਿਲਾਂ ਆਟਾ 27 ਰੁਪਏ ਆਸਾਨੀ ਨਾਲ ਮਿਲ ਜਾਂਦਾ ਸੀ। ਇਸ ਨਾਲ ਹੀ 38 ਤੋਂ 40 ਰੁਪਏ ਪ੍ਰਤੀ ਕਿਲੋ ਮਿਲਣ ਵਾਲੀ ਖੰਡ ਦਾ ਰੇਟ 44 ਰੁਪਏ ਤੋਂ 50 ਰੁਪਏ ਦੇ ਵਿਚਕਾਰ ਹੈ।

ਜਿਸ ਕੋਲ ਸਟਾਕ ਠੀਕ ਪਿਆ ਹੈ, ਉਹ 44-45 ਰੁਪਏ ਪ੍ਰਤੀ ਕਿਲੋ ਖੰਡ ਦੇ ਰਿਹਾ ਹੈ ਤਾਂ ਜਿਸ ਦੁਕਾਨਦਾਰ ਕੋਲ ਸਟਾਕ ਖਤਮ ਹੋਣ ਕਿਨਾਰੇ ਹੈ, ਉਸ ਨੇ ਖੰਡ ਦਾ ਰੇਟ 50 ਰੁਪਏ ਤੱਕ ਕੀਤਾ ਹੋਇਆ ਹੈ। ਇਹੋ ਹਾਲ ਦਾਲਾਂ ਅਤੇ ਛੋਲੇ ਸਣੇ ਸੁੱਕੇ ਅਨਾਜ ਦਾ ਹੋਇਆ ਪਿਆ ਹੈ। ਹਰ ਦਾਲ ਅਤੇ ਸੁੱਕੇ ਅਨਾਜ ਦੇ ਰੇਟ ਵਿੱਚ 20 ਰੁਪਏ ਤੋਂ ਲੈ ਕੇ 50 ਰੁਪਏ ਤੱਕ ਪ੍ਰਤੀ ਕਿਲੋ ਵਾਧਾ ਦਰਜ਼ ਕੀਤਾ ਜਾ ਰਿਹਾ ਹੈ। ਜਿਸ ਕਾਰਨ ਆਮ ਲੋਕਾਂ ‘ਤੇ ਵੱਡੀ ਮਾਰ ਪੈ ਰਹੀ ਹੈ।

ਮਾਈ ਦੇ ਸਾਧਨ ਬੰਦ ਹੋਣ ਕਾਰਨ ਨਹੀਂ ਖਰੀਦ ਪਾ ਰਹੇ ਹਨ ਮਹਿੰਗੇ ਸਾਮਾਨ

ਕਮਾਈ ਦੇ ਸਾਧਨ ਪਹਿਲਾਂ ਤੋਂ ਹੀ ਬੰਦ ਹੋਣ ਕਾਰਨ ਗਰੀਬ ਪਰਿਵਾਰ ਇਸ ਸਮੇਂ ਮਹਿੰਗਾ ਰਾਸ਼ਨ ਖਰੀਦ ਨਹੀਂ ਪਾ ਰਹੇ ਹਨ। ਜਿਸ ਕਾਰਨ ਜ਼ਿਆਦਾਤਰ ਪਰਿਵਾਰਾਂ ਨੇ ਤਿੰਨ ਸਮੇਂ ਦੀ ਥਾਂ ‘ਤੇ ਇੱਕ ਸਮੇਂ ਦੀ ਹੀ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਹੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਲੋਕ ਵੀ ਹਨ, ਜਿਨ੍ਹਾਂ ਕੋਲ ਇੱਕ ਸਮੇਂ ਦਾ ਵੀ ਰਾਸ਼ਨ ਨਾ ਹੋਣ ਕਾਰਨ ਉਹ ਰੋਟੀ ਨੂੰ ਮੁਹਤਾਜ ਹੋਈ ਬੈਠੇ ਹਨ। ਪਹਿਲਾਂ ਕਮਾਈ ਦਾ ਸਾਧਨ ਹੋਣ ਕਰਕੇ ਕਿਸੇ ਤਰੀਕੇ ਗੁਜ਼ਰ ਬਸਰ ਕਰ ਰਹੇ ਸਨ ਪਰ ਹੁਣ ਪਿਛਲੇ 8 ਦਿਨਾਂ ਤੋਂ ਕਮਾਈ ਬੰਦ ਹੋਣ ਦੇ ਚਲਦੇ ਗਰੀਬ ਪਰਿਵਾਰਾਂ ਨੂੰ ਦੋਹਰੀ ਮਾਰ ਪੈ ਰਹੀ ਹੈ।

ਗਲੇ 2 ਦਿਨਾਂ ‘ਚ ਸਥਿਤੀ ‘ਤੇ ਪਾ ਲਿਆ ਜਾਏਗਾ ਕਾਬੂ : ਮਿੱਤਰ

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਅਨਦਿੱਤਾ ਮਿੱਤਰਾ ਨੇ ਕਿਹਾ ਕਿ ਪੰਜਾਬ ਵਿੱਚ ਸਾਰਾ ਕੁਝ ਬੰਦ ਹੋਣ ਕਾਰਨ ਕਾਫ਼ੀ ਜਿਆਦਾ ਪੈਨਿਕ ਖਰੀਦਦਾਰੀ ਵੀ ਹੋਈ ਹੈ, ਜਿਸ ਕਾਰਨ ਜ਼ਿਆਦਾਤਰ ਸਟਾਕ ਦੀ ਕਿੱਲਤ ਆਈ ਹੈ। ਸਥਿਤੀ ‘ਤੇ ਕਾਬੂ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਅਗਲੇ 2 ਦਿਨਾਂ ਵਿੱਚ ਇਸ ਪ੍ਰੇਸ਼ਾਨੀ ਨੂੰ ਦੂਰ ਕਰ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਆਟੇ ਦੀਆਂ ਚੱਕੀਆਂ ਅਤੇ ਮਿੱਲਾਂ ਨੂੰ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਇਨ੍ਹਾਂ ਆਟੇ ਦੀਆਂ ਮਿੱਲਾਂ ਅਤੇ ਚੱਕੀਆਂ ਨੂੰ ਆਸਾਨੀ ਨਾਲ ਗੁਦਾਮਾਂ ਵਿੱਚੋਂ ਕਣਕ ਮਿਲ ਜਾਏਗੀ ਅਤੇ ਨਿਯਮਾਂ ਵਿੱਚ ਕਾਫ਼ੀ ਜਿਆਦਾ ਢਿੱਲ ਦਿੱਤੀ ਗਈ ਹੈ। ਜਦੋਂ ਕਿ ਹੋਲ ਸੇਲਰ ਨੂੰ ਸਿੱਧਾ ਖੰਡ ਮਿੱਲਾਂ ਤੋਂ ਹੀ ਖੰਡ ਨੂੰ ਚੁੱਕਣ ਲਈ ਇਜਾਜ਼ਤ ਦੇ ਦਿੱਤੀ ਗਈ ਹੈ। ਜਿਸ ਕਾਰਨ ਜਲਦ ਹੀ ਖੰਡ ਪੰਜਾਬ ਦੇ ਹਰ ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਪੁੱਜ ਜਾਏਗੀ।

ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਦਾਲਾਂ ਦੀ ਗੱਲ ਹੈ ਤਾਂ ਇਸ ਸਬੰਧੀ ਕੰਪਨੀਆਂ ਨੂੰ ਆਰਡਰ ਦਿੱਤੇ ਜਾ ਰਹੇ ਹਨ ਅਤੇ ਦਾਲਾਂ ਵੀ ਅਗਲੇ 2-4 ਦਿਨਾਂ ਵਿੱਚ ਪੰਜਾਬ ਭਰ ਵਿੱਚ ਚੰਗੀ ਮਾਤਰਾ ਵਿੱਚ ਪੁੱਜ ਜਾਣਗੀਆਂ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਅਗਲੇ 2-3 ਦਿਨਾਂ ਵਿੱਚ ਹਰ ਸਾਮਾਨ ਦੀ ਸਪਲਾਈ ਆਮ ਦਿਨਾਂ ਵਾਂਗ ਹੋ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।