ਯੂਨੀਵਰਸਿਟੀ ਲਈ ਤਿਆਰ ਕਰਵਾਇਆ ਜਾਵੇਗਾ ਐਸਟਰੋਟਰਫ਼ ਹਾਕੀ ਖੇਡ ਮੈਦਾਨ : ਪਰਗਟ ਸਿੰਘ
ਖੇਡਾਂ ’ਚ ਮੱਲਾਂ ਮਾਰਨ ਵਾਲੇ 650 ਖਿਡਾਰੀਆਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਇਨਾਮ ਰਾਸ਼ੀ ਤਕਸੀਮ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਵਿਭਾਗ ਵੱਲੋਂ ਸੈਸ਼ਨ 2017-18 ਦੇ ਜੇਤੂ ਖਿਡਾਰੀਆਂ ਲਈ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਲਈ ਐਸਟਰੋਟਰਫ਼ ਹਾਕੀ ਖੇਡ ਮੈਦਾਨ ਤਿਆਰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਵਿੱਤੀ ਸੰਕਟ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਸੈਸ਼ਨਾਂ ਦੇ ਖਿਡਾਰੀਆਂ ਨੂੰ ਇਨਾਮ ਦੇਣੇ ਹਾਲੇ ਬਾਕੀ ਹਨ, ਉਸ ਬਾਰੇ ਵੀ ਸਰਕਾਰ ਵੱਲੋਂ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਸੰਬੋਧਨ ਕਰਦਿਆ ਕਿਹਾ ਕਿ ਖੇਡ ਸੱਭਿਆਚਾਰ ਨੂੰ ਵਿਕਸਤ ਕਰਨਾ ਚੰਗੇ ਮਨੁੱਖਾਂ ਦੀ ਸਿਰਜਣਾ ਕਰਨ ਵਾਲਾ ਕਾਰਜ ਹੈ। ਇਮਾਰਤਾਂ, ਪੁਲ਼ਾਂ ਆਦਿ ਦੀ ਉਸਾਰੀ ਜਿਹੇ ਕਾਰਜਾਂ ਤੋਂ ਪਹਿਲਾਂ ਇਹ ਕਾਰਜ ਕਰਨੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਨੀਤੀਆਂ ਵਿਚ ਮਨੁੱਖੀ ਸਰੋਤ ਪੈਦਾ ਕਰਨ ਉੱਪਰ ਸਮੁੱਚੇ ਬਜਟ ਦਾ ਇੱਕ ਫ਼ੀਸਦੀ ਹਿੱਸਾ ਵੀ ਪੂਰਾ ਖਰਚ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੂੰ ਹੌਲ਼ੀ ਹੌਲ਼ੀ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਵਧੇਰੇ ਪ੍ਰਾਪਤੀਆਂ ਕਰਨ ਲਈ ਸਾਨੂੰ ਮੁੱਢਲੇ ਸਕੂਲੀ ਪੱਧਰ ’ਤੇ ਬਹੁਤ ਕੰਮ ਕਰਨ ਦੀ ਲੋੜ ਹੈ।
ਇਸ ਮੌਕੇ ਉਨ੍ਹਾਂ ਵੱਲੋਂ ਖਿਡਾਰੀਆਂ ਨਾਲ ਸਿੱਧੀ ਗੱਲਬਾਤ ਵੀ ਕੀਤੀ ਗਈ ਜਿਸ ਦੌਰਾਨ ਬਹੁਤ ਸਾਰੇ ਖਿਡਾਰੀਆਂ ਵੱਲੋਂ ਆਪਣੀਆਂ ਵੱਖ-ਵੱਖ ਸਮੱਸਿਆਵਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਗਈ ਜਿਸ ਬਾਰੇ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਨ। ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਗਿਆ ਕਿ ਵਿੱਦਿਅਕ ਸੰਸਥਾਵਾਂ ਦਾ ਕੰਮ ਵਿਦਿਆਰਥੀਆਂ ਅੰਦਰ ਛੁਪੇ ਹੁਨਰ ਨੂੰ ਲੱਭਣਾ ਅਤੇ ਉਸ ਨੂੰ ਵਿਕਸਿਤ ਹੋਣ ਦੇ ਮੌਕੇ ਪੈਦਾ ਕਰਨ ਹੈ ਜਿਸ ਲਈ ਪੰਜਾਬੀ ਯੂਨੀਵਰਸਿਟੀ ਬਾਖ਼ੂਬੀ ਕਾਰਜ ਕਰ ਰਹੀ ਹੈ।
ਡਾਇਰੈਕਟਰ ਖੇਡ ਵਿਭਾਗ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਅੱਜ 650 ਖਿਡਾਰੀਆਂ ਨੂੰ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਤਕਸ਼ੀਮ ਕੀਤੀ ਗਈ ਹੈ ਤੇ 150 ਕੋਚਾਂ ਤੇ 40 ਕਾਲਜਾਂ ਦੇ ਪਿ੍ਰੰਸੀਪਲਾਂ ਤੇ ਪ੍ਰੋਫੈਸਰਾਂ ਨੂੰ ਸਨਮਾਨਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਖੇਡਾਂ ਤੇ ਖੇਡ ਪ੍ਰਾਪਤੀਆਂ ’ਚ ਅਹਿਮ ਯੋਗਦਾਨ ਪਾਇਆ ਗਿਆ ਹੈ।
ਮੁਲਤਾਨੀ ਮੱਲ ਮੋਦੀ ਕਾਲਜ ਦੇ ਹਿੱਸੇ ਆਈਆਂ ਦੋਵੇਂ ਟਰਾਫ਼ੀਆਂ
2017-18 ਸੈਸ਼ਨ ਦੌਰਾਨ ਇੰਟਰ-ਕਾਲਜ ਮੁਕਾਬਲਿਆਂ ਦੀ ਪ੍ਰਾਪਤੀਆਂ ਦੇ ਅਧਾਰ ਉੱਪਰ ਸਰਵੋਤਮ ਕਾਰਗੁਜ਼ਾਰੀ ਲਈ ਪੁਰਸ਼ ਅਤੇ ਔਰਤ ਸ਼ਰੇਣੀਆਂ ਵਿੱਚ ਦਿੱਤੀਆਂ ਜਾਣ ਵਾਲੀਆਂ ਦੋਵੇਂ ਟਰਾਫ਼ੀਆਂ ‘ਮਹਾਰਾਜਾ ਯਾਦਵਿੰਦਰ ਸਿੰਘ ਟਰਾਫ਼ੀ’ ਅਤੇ ‘ਰਾਜ ਕੁਮਾਰੀ ਅਮ੍ਰਿੰਤ ਕੌਰ ਟਰਾਫ਼ੀ’ ਮੁਲਤਾਨੀ ਮੱਲ ਮੋਦੀ ਕਾਲਜ ਦੇ ਹਿੱਸੇ ਆਈਆਂ। ‘ਵਾਈਸ ਚਾਂਸਲਰ ਕੋਚ ਆਫ਼ ਦਾ ਈਅਰ’ ਦਾ 10,500 ਰੁਪਏ ਦਾ ਐਵਾਰਡ ਤੀਰ-ਅੰਦਾਜ਼ੀ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ। ‘ਬੈਸਟ ਸਪੋਰਟਸ ਪਰਸਨ ਆਫ਼ ਦਾ ਈਅਰ’ ਐਵਾਰਡ ਸ਼ੂਟਰ ਅਚਲ ਪ੍ਰਤਾਪ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਖੇਡਾਂ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ 31 ਸ਼ਖ਼ਸੀਅਤਾਂ ਨੂੰ ਇਸ ਮੌਕੇ ‘ਆਊਟਸਟੈਂਡਿੰਗ ਕੰਟਰੀਬੂਸ਼ਨ ਇਨ ਸਪੋਰਟਸ’ ਐਵਾਰਡ ਨਾਲ ਨਿਵਾਜਿਆ ਗਿਆ।
ਮਾਕਾ ਟਰਾਫ਼ੀ ਵਿਚ ਸਭ ਤੋਂ ਵੱਧ ਅੰਕਾਂ ਦਾ ਯੋਗਦਾਨ ਪਾਉਣ ਵਾਲੇ ਤਿੰਨ ਕਾਲਜਾਂ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ, ਅਕਾਲ ਕਾਲਜ ਫ਼ਾਰ ਫਿਜ਼ੀਕਲ ਐਜ਼ੂਕੇਸ਼ਨ ਮਸਤੂਆਣਾ ਅਤੇ ਐਨ.ਸੀ.ਪੀ. ਕਾਲਜ ਚੁਪਕੀ ਨੂੰ ਕ੍ਰਮਵਾਰ 10,500, 5500 ਅਤੇ 2550 ਰੁਪਏ ਦਾ ਐਵਾਰਡ ਦਿੱਤਾ ਗਿਆ। ਤਿੰਨ ਸ਼ਖ਼ਸੀਅਤਾਂ ਡਾ. ਓਂਕਾਰ ਸਿੰਘ, ਰਿਟਾਇਰਡ ਪਿ੍ਰੰਸੀਪਲ, ਡਾ. ਅਮਰਜੀਤ ਸਿੰਘ, ਰਿਟਾਇਰਡ ਪਿ੍ਰੰਸੀਪਲ ਅਤੇ. ਜਸਵੰਤ ਸਿੰਘ ਰਿਟਾਇਰਡ ਮੁੱਕੇਬਾਜ਼ੀ ਕੋਚ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਲਾਈਫ਼-ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ