ਭਾਣਜੇ ਦੇ ਵਿਆਹ ਦੀਆਂ ਚੱਲ ਰਹੀਆਂ ਸੀ ਤਿਆਰੀਆਂ
ਸੰਗਤ ਮੰਡੀ (ਮਨਜੀਤ ਨਰੂਆਣਾ) ਬਠਿੰਡਾ-ਬਾਦਲ ਸੜਕ ‘ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਬੀਤੀ ਸ਼ਾਮ ਪੈਲੇਸ ਦੇ ਸਾਹਮਣੇ ਪੁਲਿਸ ਦੇ ਖੁਫ਼ੀਆ ਵਿਭਾਗ ‘ਚ ਤੈਨਾਤ ਸਹਾਇਕ ਥਾਣੇਦਾਰ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋਣ ਦਾ ਪਤਾ ਲੱਗਿਆ ਹੈ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਦੇ ਖੁਫ਼ੀਆਂ ਵਿਭਾਗ ‘ਚ ਤੈਨਾਤ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੋਪਾਲ ਨਗਰ ਬਠਿੰਡਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਕਾਲਝਰਾਣੀ ਵਿਖੇ ਆਪਣੇ ਭਾਣਜੇ ਨਵਦੀਪ ਸਿੰਘ ਦੇ ਵਿਆਹ ਦੀਆਂ ਚੱਲ ਰਹੀਆਂ ਤਿਆਰੀਆਂ ‘ਚ ਕੰਮ ਕਾਜ ਲਈ ਪਿੰਡ ਜਾ ਰਿਹਾ ਸੀ, ਜਦ ਉਹ ਉਕਤ ਸਥਾਨ ‘ਤੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ‘ਚ ਕੁਲਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਅੱਗੇ ਖੜ੍ਹੇ ਖੰਭੇ ‘ਚ ਮਾਰਨ ਤੋਂ ਬਾਅਦ ਖ਼ੇਤਾਂ ‘ਚ ਪਲਟ ਗਈ। Accident
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਾਰ ਚਾਲਕ ਸ਼ਰਾਬ ‘ਚ ਪੂਰੀ ਤਰ੍ਹਾਂ ਟੱਲੀ ਸੀ ਜਿਸ ਦੇ ਵੀ ਸੱਟਾਂ ਲੱਗੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨੰਦਗੜ੍ਹ ਦੀ ਪੁਲਸ ਮੌਕੇ ‘ਤੇ ਪਹੁੰਚੀ, ਜਿਸ ਨੇ ਮ੍ਰਿਤਕ ਕੁਲਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪਹਿਲਾਂ ਸਿਵਲ ਹਸਪਤਾਲ ਘੁੱਦਾ ਤੇ ਫਿਰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਮਹਿੰਗਾ ਸਿੰਘ ਨੇ ਮ੍ਰਿਤਕ ਕੁਲਦੀਪ ਸਿੰਘ ਦੇ ਪਰਿਵਾਰਕ ਮੈਂਬਰ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਦੇ ਬਿਆਨਾਂ ‘ਤੇ ਕਾਰ ਚਾਲਕ ਚਤਰੰਜਨ ਸਿੰਘ ਵਾਸੀ ਮੁਕੰਦ ਸਿੰਘ ਵਾਸੀ ਲੰਬੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਕੁਲਦੀਪ ਸਿੰਘ ਬਹੁਤ ਹੀ ਮਿੱਠ ਬੋਲੜੇ ਤੇ ਨੇਕ ਸੁਭਾਅ ਦਾ ਮਾਲਕ ਸੀ। ਕੁਲਦੀਪ ਸਿੰਘ ਦੀ ਮੌਤ ਕਾਰਨ ਪਿੰਡ ਕਾਲਝਰਾਣੀ ਤੇ ਬਠਿੰਡਾ ‘ਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।