ਗਊਆਂ ਭਾਰਤੀ ਸੱਭਿਆਚਾਰ ਦੀ ਰੀੜ ਦੀ ਹੱਡੀ, ਸੰਭਾਲਨ ਵਿੱਚ ਨਹੀਂ ਛੱਡੀ ਜਾਏਗੀ ਕੋਈ ਕਸ਼ਰ : ਅਸ਼ੋਕ ਸਿੰਗਲਾ ਲੱਖਾ
- ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਪੁੱਜੇ ਵਿਸ਼ੇਸ ਸੱਦੇ ’ਤੇ ਤਾਂ ਕਈ ਕੈਬਨਿਟ ਮੰਤਰੀਆਂ ਨੇ ਕੀਤੀ ਸ਼ਿਰਕਤ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਗਊਆਂ ਸਾਡੇ ਭਾਰਤੀ ਸੱਭਿਆਚਾਰ ਦੀ ਰੀੜ ਦੀ ਹੱਡੀ ਹਨ ਤਾਂ ਗਊਆ ਦੇ ਦੁੱਧ ਨੂੰ ਅੰਮ੍ਰਿਤ ਤੋਂ ਘੱਟ ਨਹੀਂ ਮੰਨਿਆ ਜਾਂਦਾ ਹੈ। ਇਸ ਲਈ ਗਊਆਂ ਨੂੰ ਮਾਂ ਦਾ ਦਰਜ਼ਾ ਦਿੱਤਾ ਹੋਇਆ ਹੈ। ਸਾਧੂ-ਸੰਤਾਂ ਵੱਲੋਂ ਵੀ ਹਮੇਸ਼ਾ ਗਊਆਂ ਦੀ ਸਾਂਭ-ਸੰਭਾਲ ਨੂੰ ਵੱਡੇ ਪੁੰਨ ਦਾ ਕੰਮ ਮੰਨਿਆ ਜਾਂਦਾ ਰਿਹਾ ਹੈ, ਹੁਣ ਪੰਜਾਬ ਸਰਕਾਰ ਵਿੱਚ ਹਾਈ ਕਮਾਂਡ ਵੱਲੋਂ ਗਊਆਂ ਦੀ ਸਾਂਭ-ਸੰਭਾਲ ਲਈ ਮੇਰੀ ਜ਼ਿੰਮੇਵਾਰੀ ਲਗਾਈ ਗਈ ਹੈ ਤਾਂ ਮੈਂ ਹਾਈ ਕਮਾਨ ਅਤੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿੰਦਾ ਹਾਂ ਕਿ ਇਸ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਾਂਗਾ। ਮੈਨੂੰ ਖੁਸ਼ੀ ਹੈ ਕਿ ਮੈਨੂੰ ਗਊਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। (Punjab Cow Service Commission)
ਪੰਜਾਬ ’ਚ ਗਊਚਰ ਜਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਛੁਡਾ ਗਊਆਂ ਲਈ ਬਣਾਈਆਂ ਜਾਣਗੀਆਂ ਗਊਸ਼ਾਲਾਵਾ : ਸਿੰਗਲਾ
ਇਹ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ (Punjab Cow Service Commission) ਦੇ ਨਵੇਂ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨੇ ਚਾਰਜ਼ ਲੈਣ ਮੌਕੇ ਕੀਤਾ। ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਕਿ ਉਨਾਂ ਨੂੰ ਮਾਣ ਮਹਿਸ਼ੂਸ ਹੋ ਰਿਹਾ ਹੈ ਕਿ ਜਿਹੜਾ ਕੰਮ ਸਮਾਜਿਕ ਤੌਰ ’ਤੇ ਉਹ ਬਚਪਨ ਤੋਂ ਹੀ ਕਰਦੇ ਆ ਰਹੇ ਹਨ ਅੱਜ ਉਸੇ ਕੰਮ ਨੂੰ ਸਰਕਾਰ ਵਿੱਚ ਬੈਠ ਕੇ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਉਹ ਇਸ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਵੀ ਲੈ ਰਹੇ ਹਨ, ਕਿਉਂਕਿ ਪੰਜਾਬ ਵਿੱਚ ਸਾਰਿਆਂ ਨੂੰ ਹਾਲਤ ਪਤਾ ਹੀ ਹੈ ਕਿ ਪਿਛਲੀ ਸਰਕਾਰਾਂ ਵੱਲੋਂ ਗਊਆਂ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ ਪਰ ਇਸ ਸਰਕਾਰ ਵਿੱਚ ਅਜਿਹਾ ਨਹੀਂ ਹੋਵੇਗਾ, ਸਗੋਂ ਉਹ ਦਿਨ ਰਾਤ ਇੱਕ ਕਰਕੇ ਗਊਆਂ ਦੀ ਸੇਵਾ ਵਿੱਚ ਜੁਟੇ ਰਹਿਣਗੇ। ਉਨਾਂ ਕਿਹਾ ਕਿ ਪੰਜਾਬ ਵਿੱਚ ਸੈਂਕੜੇ ਏਕੜ ਜਮੀਨ ਗਊਚਰ ਭੂਮੀ ਦੇ ਨਾਅ ’ਤੇ ਰਾਖਵੀਂ ਹੈ ਪਰ ਨਾਜਾਇਜ਼ ਕਬਜ਼ਿਆ ਕਾਰਨ ਉਸ ਦਾ ਕੋਈ ਥਹੁ ਪਤਾ ਨਹੀਂ ਹੈ। ਹੁਣ ਉਨਾਂ ਨੂੰ ਜਿੰਮੇਵਾਰੀ ਮਿਲੀ ਹੈ ਤਾਂ ਸ਼ੁਰੂਆਤ ਇਸ ਤੋਂ ਹੀ ਕੀਤੀ ਜਾਏਗੀ ਤਾਂ ਕਿ ਗਊਆਂ ਨੂੰ ਰੱਖਣ ਲਈ ਜਮੀਨ ਦਾ ਇੰਤਜਾਮ ਕਰ ਲਿਆ ਜਾਵੇ।
ਗਊਆਂ ਦੇ ਮੈਡੀਕਲ ਸਬੰਧੀ ਹੋਰ ਪੁਖਤਾ ਪ੍ਰਬੰਧ ਕੀਤੇ ਜਾਣਗੇ
ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਕਿ ਸਾਡਾ ਇਹ ਪ੍ਰਮੁੱਖ ਕੰਮ ਹੋਵੇਗਾ ਕਿ ਗਊਆਂ ਦੀ ਸਾਂਭ-ਸੰਭਾਲ, ਹਰਾ ਚਾਰਾ, ਸਾਫ ਪਾਣੀ, ਬਿਜਲੀ ਅਤੇ ਖਾਸ ਕਰਕੇ ਗਊਆਂ ਦੇ ਮੈਡੀਕਲ ਸਬੰਧੀ ਹੋਰ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਲਈ ਅੱਜ ਤੋਂ ਹੀ ਉਹ ਜੁੱਟ ਜਾਣਗੇ ਅਤੇ ਸਰਕਾਰੀ ਅਧਿਕਾਰੀਆਂ ਦੀ ਮੀਟਿੰਗਾਂ ਲੈਂਦੇ ਹੋਏ ਇਨਾਂ ਕੰਮਾਂ ਨੂੰ ਨੇਪਰੇ ਚਾੜੀਆ ਜਾਏਗਾ।
ਇੱਥੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਗਾਵਾਂ ਦੀ ਸੇਵਾ-ਸੰਭਾਲ ਅਤੇ ਉਨਾਂ ਦੀ ਭਲਾਈ ਵਾਸਤੇ ਕੰਮ ਕਰਨ ਲਈ ਅਸ਼ੋਕ ਕੁਮਾਰ ਸਿੰਗਲਾ (ਲੱਖਾ) ਨੂੰ ਪੰਜਾਬ ਗਊ ਸੇਵਾ ਕਮਿਸ਼ਨ ਦਾ ਚੇਅਰਮੈਨ ਲਗਾਇਆ ਸੀ। ਅੱਜ ਉਨਾਂ ਵੱਲੋਂ ਵਣ ਕੰਪਲੈਕਸ ਸੈਕਟਰ 68 ਮੋਹਾਲੀ ਵਿਖੇ ਅਹੁਦਾ ਸੰਭਾਲਿਆ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਵਿਸ਼ੇਸ਼ ਸੱਦੇ ’ਤੇ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਲਾਲਜੀਤ ਭੁੱਲਰ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਸ਼ੋਕ ਕੁਮਾਰ ਸਿੰਗਲਾ ਦੇ ਚਾਰਜ ਸੰਭਾਲ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਉਨਾਂ ਨੂੰ ਵਧਾਈ ਵੀ ਦਿੱਤੀ। ਇਨਾਂ ਤੋਂ ਇਲਾਵਾ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ, ਵਿਧਾਇਕ ਸੰਗਰੂਰ ਸ੍ਰੀਮਤੀ ਨਰਿੰਦਰ ਕੌਰ ਭਰਾਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਗਊ ਦੀ ਸੰਭਾਲ ਲਈ ਬਣੇ ਰਾਮ ਰਾਜ ਵਰਗਾ ਮਾਹੌਲ : ਸੰਤ ਡਾ. ਐਮਐਸਜੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ