ਅਰਵਿੰਦ ਕੇਜਰੀਵਾਲ ਤੋੜਿਆਂ ਸੁਰੱਖਿਆ ਪ੍ਰੋਟੋਕਾਲ, ਨਹੀਂ ਬੈਠੇ ਸਨ ਬੁਲੇਟ ਪਰੂਫ਼ ਗੱਡੀ ’ਚ

ਜੈਡ ਪਲੱਸ ਸੁਰੱਖਿਆ ਪ੍ਰੋਟੋਕਾਲ ਅਨੁਸਾਰ ਬੁਲੇਟ ਪਰੂਫ਼ ਗੱਡੀ ’ਚ ਬੈਠਣਾ ਸੀ ਜਰੂਰੀ

 

 ਦਿੱਲੀ ਤੋਂ ਸਾਥੀ ਵਿਧਾਇਕ ਜਰਨੈਲ ਸਿੰਘ ਦੀ ਗੱਡੀ ’ਚ ਹੋਏ ਸਨ ਕੇਜਰੀਵਾਲ ਸਵਾਰ

ਅਸ਼ਵਨੀ ਚਾਵਲਾ, ਚੰਡੀਗੜ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਚੰਡੀਗੜ ਫੇਰੀ ਦੌਰਾਨ ਲਗਾਤਾਰ ਸੁਰੱਖਿਆ ਪ੍ਰੋਟੋਕਾਲ ਤੋੜਦੇ ਹੋਏ ਸਾਰੇ ਸੁਰੱਖਿਆ ਇੰਤਜ਼ਾਮ ਨੂੰ ਹੀ ਬੇਮਾਅਨਾ ਠਹਿਰਾ ਦਿੱਤਾ। ਜਿਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਹੁਣ ਇਤਰਾਜ਼ ਜ਼ਾਹਿਰ ਕਰ ਰਹੀਆਂ ਹਨ ਪਰ ਇਹ ਮਾਮਲਾ ਦਿੱਲੀ ਦੇ ਮੁੱਖ ਮੰਤਰੀ ਅਤੇ ਸੁਰੱਖਿਆ ਨਾਲ ਜੁੜਿਆ ਹੋਣ ਦੇ ਕਰਕੇ ਕੋਈ ਵੀ ਅੱਗੇ ਕੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ। ਅਰਵਿੰਦ ਕੇਜਰੀਵਾਲ ਵਲੋਂ ਸੁਰੱਖਿਆ ਇੰਤਜ਼ਾਮ ਨੂੰ ਤੋੜਨ ਤੋਂ ਬਾਅਦ ਮੌਕੇ ’ਤੇ ਤੈਨਾਤ ਅਧਿਕਾਰੀ ਦੀ ਨੌਕਰੀ ਦਾ ਵੀ ਖਤਰਾ ਪੈਦਾ ਹੋ ਗਿਆ ਸੀ, ਕਿਉਂਕਿ ਪੁਖ਼ਤਾ ਸੁਰੱਖਿਆ ਇੰਤਜ਼ਾਮ ਮੁਹੱਈਆ ਕਰਵਾਉਣ ਅਤੇ ਉਨਾਂ ਦੀ ਪਾਲਣਾ ਕਰਵਾਉਣ ਸੁਰੱਖਿਆ ਅਧਿਕਾਰੀ ਦਾ ਹੀ ਕੰਮ ਸੀ।

ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ ਵਿਖੇ ਪੈ੍ਰਸ ਕਾਨਫਰੰਸ ਕਰਨ ਲਈ ਮੰਗਲਵਾਰ ਨੂੰ ਚੰਡੀਗੜ ਵਿਖੇ ਪੁੱਜੇ ਹੋਏ ਸਨ। ਅਰਵਿੰਦ ਕੇਜਰੀਵਾਲ ਦੇ ਚੰਡੀਗੜ ਆਉਣ ਤੋਂ ਪਹਿਲਾਂ 28 ਜੂਨ ਨੂੰ ਮੁੱਖ ਮੰਤਰੀ ਦਫ਼ਤਰ ਦਿੱਲੀ ਤੋਂ ਵਧੀਕ ਸਕੱਤਰ ਪ੍ਰਸ਼ਾਂਤ ਕੁਮਾਰ ਵਲੋਂ ਚੰਡੀਗੜ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਪੱਤਰ ਭੇਜਦੇ ਹੋਏ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿੱਤੀ ਸੀ। ਇਥੇ ਹੀ ਇਸ ਪੱਤਰ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲੀ ਹੋਈ ਜੈਡ ਪਲੱਸ ਸੁਰੱਖਿਆ ਬਾਰੇ ਵੀ ਜਿਕਰ ਕੀਤਾ ਗਿਆ ਸੀ ਤਾਂ ਕਿ ਉਨਾਂ ਨੂੰ ਇਸੇ ਕੈਟਾਗਿਰੀ ਅਨੁਸਾਰ ਸੁਰੱਖਿਆ ਚੰਡੀਗੜ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵਲੋਂ ਮੁਹੱਈਆ ਕਰਵਾਈ ਜਾਵੇ।

ਸੁਰੱਖਿਆ ਲਈ ਮੁਹਾਲੀ ਏਅਰਪੋਰਟ ਤੋਂ ਲੈ ਕੇ ਚੰਡੀਗੜ ਤੱਕ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ

ਪੰਜਾਬ ਸਰਕਾਰ ਵਲੋਂ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਮੁਹਾਲੀ ਏਅਰਪੋਰਟ ਤੋਂ ਲੈ ਕੇ ਚੰਡੀਗੜ ਤੱਕ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ। ਇਥੇ ਹੀ ਚੰਡੀਗੜ ਪੁਲਿਸ ਵਲੋਂ ਵੀ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ ਤਾਂ ਕਿ ਕਿਸੇ ਵੀ ਤਰਾਂ ਦੀ ਕੋਈ ਸੁਰੱਖਿਆ ਵਿੱਚ ਚੂਕ ਨਾ ਹੋ ਪਾਏ। ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਚੰਡੀਗੜ ਪ੍ਰਸ਼ਾਸਨ ਵਲੋਂ ਬੁਲੇਟ ਪਰੂਫ਼ ਗੱਡੀ ਦਾ ਇੰਤਜ਼ਾਮ ਕੀਤਾ ਗਿਆ ਸੀ ਤਾਂ ਕਿ ਉਸ ਵਿੱਚ ਸਵਾਰ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਕੋਈ ਖ਼ਤਰਾ ਨਾ ਹੋ ਸਕੇ।

ਅਰਵਿੰਦ ਕੇਜਰੀਵਾਲ ਨੇ ਚੰਡੀਗੜ ਪੁੱਜਦੇ ਸਾਰ ਹੀ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਇਹ ਸਾਰੇ ਇੰਤਜ਼ਾਮ ਨੂੰ ਪਾਸੇ ਰਖਦੇ ਹੋਏ ਆਪਣੇ ਸਾਥੀ ਵਿਧਾਇਕ ਦੀ ਪ੍ਰਾਈਵੇਟ ਲਗਜ਼ਰੀ ਗੱਡੀ ਵਿੱਚ ਸਵਾਰ ਹੋ ਗਏ। ਅਰਵਿੰਦ ਕੇਜਰੀਵਾਲ ਆਪਣੇ ਦਿੱਲੀ ਦੇ ਸਾਥੀ ਵਿਧਾਇਕ ਦੀ ਲਗਜ਼ਰੀ ਗੱਡੀ ਵਿੱਚ ਸਵਾਰ ਹੋ ਕੇ ਪਹਿਲਾਂ ਯੂ.ਟੀ. ਗੈਸਟ ਹਾਉਸ ਪੁੱਜੇ, ਉਸ ਤੋਂ ਬਾਅਦ ਉਹ ਇਸੇ ਗੱਡੀ ਵਿੱਚ ਸਵਾਰ ਹੋ ਕੇ ਪ੍ਰੈਸ ਕਲੱਬ ਪੁੱਜੇ ਅਤੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਉਹ ਯੂ.ਟੀ. ਗੈਸਟ ਹਾਉਸ ਗਏ, ਜਿਥੇ ਕਿ ਖਾਣਾ ਖਾਣ ਤੋਂ ਬਾਅਦ ਉਹ ਏਅਰਪੋਰਟ ਲਈ ਰਵਾਨਾ ਹੋ ਗਏ। ਇਸ ਦੌਰਾਨ ਉਨਾਂ ਨੇ ਹਰ ਥਾਂਈਂ ਸਾਥੀ ਵਿਧਾਇਕ ਦੀ ਲਗਜ਼ਰੀ ਪ੍ਰਾਈਵੇਟ ਗੱਡੀ ਦੀ ਹੀ ਵਰਤੋਂ ਕੀਤੀ। ਚੰਡੀਗੜ ਪ੍ਰਸ਼ਾਸਨ ਵਲੋਂ ਕੀਤੀ ਗਈ ਬੁਲੇਟ ਪਰੂਫ਼ ਗੱਡੀ ਵਿੱਚ ਕੇਜਰੀਵਾਲ ਇੱਕ ਵਾਰੀ ਵੀ ਨਹੀਂ ਬੈਠੇ ਪਰ ਸੁਰੱਖਿਆ ਨਿਯਮਾਂ ਵਿੱਚ ਬੰਨੇ ਹੋਣ ਕਰਕੇ ਬੁਲੇਟ ਪਰੂਫ਼ ਗੱਡੀ ਖ਼ਾਲੀ ਹੀ ਉਨਾਂ ਦੇ ਪਿੱਛੇ ਪਿੱਛੇ ਚਲਦੀ ਰਹੀ।

ਕੇਜਰੀਵਾਲ ਨੂੰ ਐਲਾਨਿਆ ਗਿਆ ਸੀ ਸਟੇਟ ਗੈਸਟ, ਕੀਤੀ ਸੇਵਾ-ਪਾਣੀ

ਪੰਜਾਬ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਇੱਕ ਦਿਨ ਪਹਿਲਾਂ ਹੀ ਸਟੇਟ ਗੈਸਟ ਐਲਾਨ ਦਿੱਤਾ ਸੀ। ਸਟੇਟ ਗੈਸਟ ਐਲਾਨ ਕਰਨ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਸੇਵਾ ਵਿੱਚ ਬਕਾਇਦਾ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਸੀ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਨਾ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਅਰਵਿੰਦ ਕੇਜਰੀਵਾਲ ਦਾ ਸੁਆਗਤ ਕੀਤਾ, ਸਗੋਂ ਵੀ.ਵੀ.ਆਈ.ਪੀ. ਲਾਂਜ ਵਿੱਚ ਬਿਠਾ ਕੇ ਉਨਾਂ ਦੀ ਸੇਵਾ ਪਾਣੀ ਵੀ ਕੀਤੀ ਗਈ। ਅਰਵਿੰਦ ਕੇਜਰੀਵਾਲ ਵਲੋਂ ਬਲੈਕ ਚਾਹ ਅਤੇ ਭਗਵੰਤ ਮਾਨ ਅਤੇ 2-3 ਹੋਰ ਸਾਥੀਆਂ ਵਲੋਂ ਦੁੱਧ ਵਾਲੀ ਚਾਹ ਇੰਤਜ਼ਾਮ ਕੀਤਾ ਗਿਆ ਸੀ। ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਅਧਿਕਾਰੀਆਂ ਨੇ ਨਾਸ਼ਤਾ ਅਤੇ ਦੁਪਹਿਰ ਦੇ ਖਾਣੇ ਬਾਰੇ ਵੀ ਪੁੱਛਿਆ ਗਿਆ ਸੀ ਪਰ ਉਨਾਂ ਵਲੋਂ ਇਨਕਾਰ ਕਰ ਦਿੱਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter , Instagram, link din , YouTube‘ਤੇ ਫਾਲੋ ਕਰੋ।