ਅੰਮ੍ਰਿਤਸਰ ਤੋਂ ਮੁੱਖ ਮੰਤਰੀ ਮਾਨ ਨੇ ਕੀਤਾ ਨਵੀਂ ਸਕੀਮ ਦਾ ਐਲਾਨ
ਅੰਮਿ੍ਰਤਸਰ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿਖੇ ਪੰਜਾਬ ’ਚ ਖੁੱਲ੍ਹਣ ਵਾਲੇ 400 ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਹਾਜਰ ਸਨ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਇੱਥੇ ਨਾ ਤਾਂ ਸ਼ਕਤੀ ਪ੍ਰਦਰਸ਼ਨ ਕਰਨ ਆਏ ਹਾਂ ਤੇ ਨਾ ਹੀ ਰਾਜਨੀਤਕ ਰੈਲੀ ਕਰਨ ਆਏ ਹਾਂ।
Arvind Kejriwal and Bhagwant Mann
ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ‘ਆਪ’ ਨੇ ਪ੍ਰਚਾਰ ਦੌਰਾਨ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਇਲਾਜ, ਇਲਾਜ ਕਰਵਾਉਣ ਲਈ ਸ਼ਾਨਦਾਰ ਹਸਪਤਾਲ ਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਅੱਜ ਉਸ ਦੇ ਇਕ ਹਿੱਸੇ ਦੀ ਸ਼ੁਰੂਆਤ ਹੋਈ ਹੈ, ਇਸ ਤੋਂ ਪਹਿਲਾਂ 100 ਮੁਹੱਲਾ ਕਲੀਨਿਕ 15 ਅਗਸਤ ਨੂੰ ਲੋਕਾਂ ਸਮਰਪਿਤ ਕੀਤੇ ਗਏ ਸਨ ਤੇ ਅੱਜ 400 ਕੀਤੇ ਗਏ ਹਨ। ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਜਲਦ ਹੀ ‘ਸਰਕਾਰ ਤੁਹਾਡੇ ਦੁਆਰ‘ ਦੇ ਨਾਂ ਨਾਲ ਇਕ ਯੋਜਨਾ ਸ਼ੁਰੂ ਕੀਤੀ ਜਾਵੇਗਾ, ਜਿਸ ’ਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਿੰਡ ’ਚ ਹੀ ਕੀਤਾ ਜਾਵੇਗਾ।
‘ਸਰਕਾਰ ਤੁਹਾਡੇ ਦੁਆਰ’ ਦੇ ਨਾਂ ਨਾਲ ਸ਼ੁਰੂ ਹੋਵੇਗੀ ਯੋਜਨਾ
ਮਾਨ ਨੇ ਦੱਸਿਆ ਕਿ ਹਫਤੇ ’ਚ ਦੋ ਵਾਰ ਜ਼ਿਲ੍ਹੇ ਦਾ ਡੀ. ਸੀ. , ਐੱਸ. ਡੀ. ਐੱਮ., ਏ. ਡੀ. ਸੀ. ਆਲੇ-ਦੁਆਲੇ ਦੇ ਪਿੰਡਾਂ ’ਚ ਜਾ ਕੇ ਪਿੰਡ ’ਚ ਬੈਠਣਗੇ ਤੇ ਉੱਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ ਤੇ ਨਾਲ ਆਪਣੇ ਕੰਪਿਊਟਰ ਲੈ ਕੇ ਜਾਣਗੇ। ਇਸ ਨੂੰ ਅਸੀਂ ‘ਸਰਕਾਰ ਤੁਹਾਡੇ ਦੁਆਰ‘ ਦਾ ਨਾਮ ਦਿੱਤਾ ਹੈ। ਇਸ ਤਹਿਤ ਲੋਕਾਂ ਨੂੰ ਘਰਾਂ ‘ਚ ਹੀ ਸਹੂਲਤ ਮਿਲੇਗੀ ਤੇ ਉਨ੍ਹਾਂ ਨੂੰ ਕਿਤੇ ਨਹੀਂ ਜਾਣਾ ਪਵੇਗਾ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਲਦ ਹੀ ਇਹ ਯੋਜਨਾ ਪੰਜਾਬ ‘ਚ ਸ਼ੁਰੂ ਕਰ ਦਿੱਤੀ ਜਾਵੇਗੀ।
ਪੰਜਾਬ ਤੋਂ ਕਈ ਚੀਜਾਂ ਸਿਖ ਸਕਦੇ ਹਨ ਬਾਕੀ ਸੂਬੇ
ਮੁਹੱਲਾ ਕਲੀਨਿਕ ਦਿੱਲੀ ਦਾ ਈਡੀਆ ਹੈ, ਜਿਸ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਲੋਕ ਆਉਂਦੇ ਹਨ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਵੀ ਇਹੀ ਈਡੀਆ ਅਪਣਾ ਕੇ ‘ਬਸਤੀ ਦਵਾਖਾਨੇ‘ ਬਣਾਏ ਹਨ। ਮਾਨ ਨੇ ਕਿਹਾ ਕਿ ਅਸੀਂ ਕਿਸੇ ਵੀ ਥਾਂ ਤੋਂ ਕੁਝ ਵੀ ਸਿਖ ਸਕਦੇ ਹਾਂ ਤੇ ਪੰਜਾਬ ‘ਚ ਵੀ ਬਹੁਤ ਸਾਰੀਆਂ ਚੀਜਾਂ ਅਜਿਹੀਆਂ ਹਨ, ਜੋ ਬਾਕੀ ਸੂਬੇ ਸਾਡੇ ਤੋਂ ਸਿਖ ਸਕਦੇ ਹਨ। ਅਸੀਂ ਪਾਰਟੀ ਪੱਧਰ ਤੋਂ ਉੱਠ ਕੇ ਵਿਕਾਸ ਦੀ ਗੱਲ ਕਰਦੇ ਹਾਂ, ਅਸੀਂ ਨਫਰਤ ਦੀਆਂ ਗੱਲਾਂ ਨਹੀਂ ਕਰਦੇ। ਰਾਜਨੀਤੀ ਨਫਰਤ ਦੀ ਰਾਜਨੀਤੀ ਨਹੀਂ ਹੈ। ਅਸੀਂ ਅੱਜ ਇਨ੍ਹਾਂ ਕਲੀਨਿਕਾਂ ਦੀ ਸ਼ੁਰੂਆਤ ਇਸ ਪਵਿੱਤਰ ਧਰਤੀ ਤੋਂ ਕੀਤੀ ਹੈ , ਜਿੱਥੇ ਲੱਖਾਂ ਲੋਕ ਨਤਮਸਤਕ ਹੋਣ ਆਉਂਦੇ ਹਨ। ਇਸ ਤੋਂ ਇਲਾਵਾ ਇਹ ਸ਼ਹੀਦਾਂ ਦੀ ਚਰਨਛੋ ਧਰਤੀ ਵੀ ਹੈ ਤੇ ਅਸੀਂ ਸ਼ਹੀਦਾਂ ਦੇ ਸੁਫਨਾ ਸਾਕਾਰ ਕਰ ਰਹੇ ਹਾਂ।
ਮੁਹੱਲਾ ਕਲੀਨਿਕਾਂ ਤੋਂ ਪਤਾ ਲੱਗੇਗਾ ਕੇ ਪੰਜਾਬ ਕਿਸ ਬੀਮਾਰੀ ਨਾਲ ਜੂਝ ਰਿਹੈ
ਮਾਨ ਨੇ ਦੱਸਿਆ ਕਿ 15 ਅਗਸਤ ਨੂੰ ਖੋਲ੍ਹੇਗਏ ਮੁਹੱਲਾ ਕਲੀਨਿਕਾਂ ਦੇ ਓਪੀਡੀ ਦਾ ਹੁਣ ਤੱਕ 10 ਲੱਖ 26 ਹਜਾਰ ਤੋਂ ਵੱਧ ਲੋਕ ਫਾਇਦਾ ਲੈ ਚੁੱਕੇ ਹਨ ਤੇ 1 ਲੱਖ 24 ਹਜਾਰ ਤੋਂ ਜ਼ਿਆਦਾ ਆਪਣੇ ਟੈਸਟ ਕਰਵਾ ਚੁੱਕੇ ਹਨ। ਆਮ ਆਦਮੀ ਕਲੀਨਿਕ ਸਫਾਈ ਪੱਖੋਂ ਵੀ ਵਧੀਆ ਹਨ ਤੇ ਇਸ ਦਾ ਸਾਰਾ ਕੰਮ ਪੇਪਰਲੇਸ ਹੈ। ਇਸ ਤੋਂ ਇਲਾਵਾ ਮਰੀਜ ਦਾ ਸਾਰਾ ਰਿਕਾਰਡ ਆਨਲਾਈਨ ਚਾੜ੍ਹਿਆ ਜਾਂਦਾ ਹੈ। ਅੱਜ ਜੋ 400 ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਉਸ ਨਾਲ ਪੰਜਾਬ ਸਰਕਾਰ ਨੂੰ ਇਕ ਨਵਾਂ ਰਿਕਾਰਡ ਮਿਲੇਗਾ ਕਿ ਕੌਣ ਕਿਸ ਬੀਮਾਰੀ ਨਾਲ ਪੀੜਤ ਹੈ। ਇਸ ਨਾਲ ਸਾਡੇ ਕੋਲ ਇਕ ਡਾਟਾ ਆਵੇਗਾ ਕਿ ਜਿਸ ‘ਚ ਜਾਣਕਾਰੀ ਹੋਵੇਗੀ ਕਿ ਪੰਜਾਬ ਕਿਸ ਬੀਮਾਰੀ ਨਾਲ ਜੂਝ ਰਿਹਾ ਹੈ ਤੇ ਫਿਰ ਅਸੀਂ ‘ਤੇ ਰੀਸਰਚ ਕਰਾਂਗੇ। ਉਸਦੀ ਪਛਾਣ ਹੋਣ ‘ਤੇ ਉਸਦੇ ਇਲਾਜ ਲਈ ਹਸਪਤਾਲ ਸਥਾਪਤ ਕੀਤੇ ਜਾਣਗੇ ਤੇ ਮਾਹਿਰ ਡਾਕਟਰਾਂ ਨੂੰ ਲਿਆਂਦਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ